ਮੈਂ ਜੋ ਵੀ ਕਹਿੰਦਾ ਹਾਂ, ਹਰ ਹਾਲ ਵਿੱਚ ਪੂਰਾ ਕਰਦਾ ਹਾਂ : ਅਰਵਿੰਦ ਕੇਜਰੀਵਾਲ

ਪੰਜਾਬ

ਮੁੱਖ ਮੰਤਰੀ ਮਾਨ ਨੇ ਵਿਰੋਧੀਆਂ ‘ਤੇ ਬੋਲਿਆ ਹਮਲਾ, ਕਿਹਾ- ਪਿਛਲੀ ਸਰਕਾਰ ‘ਚ ਮੰਤਰੀ ਪੰਜ ਸਾਲ ਕਹਿੰਦੇ ਰਹੇ ਕਿ ਖ਼ਜ਼ਾਨਾ ਖ਼ਾਲੀ ਹੈ

ਮੈਂ ਚੱਬੇਵਾਲ ਨੂੰ ਆਦਰਸ਼ ਹਲਕਾ ਬਣਾਉਣ ਦਾ ਡਾ. ਰਾਜਕੁਮਾਰ ਚੱਬੇਵਾਲ ਦਾ ਸੁਪਨਾ ਪੂਰਾ ਕਰਾਂਗਾ : ਇਸ਼ਾਂਕ ਚੱਬੇਵਾਲ

ਚੰਡੀਗੜ੍ਹ, 9 ਨਵੰਬਰ, ਦੇਸ਼ ਕਲਿੱਕ ਬਿਓਰੋ :

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੱਬੇਵਾਲ ਵਿੱਚ ‘ਆਪ’ ਉਮੀਦਵਾਰ ਇਸ਼ਾਂਕ ਚੱਬੇਵਾਲ ਲਈ ਚੋਣ ਪ੍ਰਚਾਰ ਕੀਤਾ। ਦੋਵੇਂ ਆਗੂਆਂ ਨੇ ਜੀਆਂ ਵਿੱਚ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ‘ਆਪ’ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ।

ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਇਸ਼ਾਂਕ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਢਾਈ ਸਾਲ ਪਹਿਲਾਂ ਤੁਸੀਂ ਆਮ ਆਦਮੀ ਪਾਰਟੀ ਨੂੰ ਇਤਿਹਾਸਕ ਬਹੁਮਤ ਦੇ ਕੇ ਜਿਤਾਇਆ ਸੀ। ਇਸ ਲਈ ਤੁਹਾਡੀਆਂ ਉਮੀਦਾਂ ਵੀ ਜ਼ਿਆਦਾ ਹਨ। ਉਨ੍ਹਾਂ ਕਿਹਾ ਕਿ ਢਾਈ ਸਾਲ ਪਹਿਲਾਂ ਪੰਜਾਬ ਦੇ ਲੋਕ ਬਿਜਲੀ ਦੇ ਬਿੱਲਾਂ ਤੋਂ ਸਭ ਤੋਂ ਵੱਧ ਪ੍ਰੇਸ਼ਾਨ ਸਨ। ਕੁਝ ‘ਤੇ 2 ਲੱਖ ਰੁਪਏ ਅਤੇ ਕੁਝ ‘ਤੇ 1 ਲੱਖ ਰੁਪਏ ਤੱਕ ਦੇ ਬਿੱਲ ਬਕਾਇਆ ਸਨ। ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਤੁਹਾਡੇ ਸਾਰੇ ਪੁਰਾਣੇ ਬਿੱਲ ਮੁਆਫ਼ ਕਰ ਦਿੱਤੇ ਜਾਣਗੇ ਅਤੇ ਇਸ ਤੋਂ ਬਾਅਦ ਤੁਹਾਡੇ ਜ਼ੀਰੋ ਬਿੱਲ ਆਉਣਗੇ। ਅਸੀਂ ਇਹ ਵਾਅਦਾ ਪੂਰਾ ਕੀਤਾ। ਹੁਣ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ‘ਤੇ ਆ ਰਹੇ ਹਨ।

ਕੇਜਰੀਵਾਲ ਨੇ ਕਿਹਾ ਕਿ ਦੇਸ਼ ਦੇ ਕਰੀਬ 20 ਰਾਜਾਂ ਵਿੱਚ ਭਾਜਪਾ ਦੀ ਸਰਕਾਰ ਹੈ ਅਤੇ ਬਾਕੀ ਰਾਜਾਂ ਵਿੱਚ ਹੋਰ ਪਾਰਟੀਆਂ ਦੀ ਸਰਕਾਰ ਹੈ। ਆਮ ਆਦਮੀ ਪਾਰਟੀ ਦੀ ਦੋ ਥਾਵੇਂ ‘ਪੰਜਾਬ ਅਤੇ ਦਿੱਲੀ’ ਵਿੱਚ ਸਰਕਾਰ ਹੈ ਅਤੇ ਦੋਵੇਂ ਥਾਵਾਂ ‘ਤੇ ਲੋਕਾਂ ਦੇ ਜ਼ੀਰੋ ਬਿਜਲੀ ਦੇ ਬਿੱਲ ਆਉਂਦੇ ਹਨ ਅਤੇ 24 ਘੰਟੇ ਬਿਜਲੀ ਮਿਲਦੀ ਹੈ। ਜਦੋਂ ਕਿ ਦੂਜੇ ਰਾਜਾਂ ਵਿੱਚ ਬਿਜਲੀ ਬਹੁਤ ਮਹਿੰਗੀ ਹੈ। ਮੁਫ਼ਤ ਬਿਜਲੀ ਹੋਣਾ ਇੱਕ ਚਮਤਕਾਰ ਵਰਗਾ ਹੈ।

ਅਸੀਂ ਕਿਹਾ ਸੀ ਕਿ ਅਸੀਂ ਤੁਹਾਡਾ ਇਲਾਜ ਮੁਫ਼ਤ ਕਰਾਂਗੇ। ਅੱਜ ਪੰਜਾਬ ਭਰ ਵਿੱਚ ਵੱਖ-ਵੱਖ ਥਾਵਾਂ ‘ਤੇ ਆਮ ਆਦਮੀ ਕਲੀਨਿਕ ਖੁੱਲ੍ਹ ਰਹੇ ਹਨ। ਉੱਥੇ ਦਵਾਈਆਂ ਅਤੇ ਟੈਸਟ ਮੁਫ਼ਤ ਕੀਤੇ ਜਾ ਰਹੇ ਹਨ। ਸਾਰੇ ਸਰਕਾਰੀ ਹਸਪਤਾਲਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ ਅਤੇ ਉੱਥੇ ਇਲਾਜ ਵੀ ਮੁਫ਼ਤ ਕੀਤਾ ਜਾ ਰਿਹਾ ਹੈ। ਪੰਜਾਬ ਭਰ ਵਿੱਚ ਸਕੂਲਾਂ ਨੂੰ ਠੀਕ ਕੀਤਾ ਜਾ ਰਹੀ ਹੈ। ਹੁਣ ਤੱਕ 45 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਮਿਲ ਚੁੱਕੀ ਹੈ।

ਪੰਜਾਬ ਦੇ ਹਰ ਪਿੰਡ ਵਿੱਚ 4 ਤੋਂ 5 ਦੇ ਕਰੀਬ ਬੱਚਿਆਂ ਨੂੰ ਨੌਕਰੀ ਮਿਲੀ ਹੈ। ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਗਿਆ ਅਤੇ ਕਿਸੇ ਨੂੰ ਸਿਫ਼ਾਰਸ਼ ਵੀ ਨਹੀਂ ਕਰਨੀ ਪਈ। ਪਹਿਲਾਂ ਬਿਨਾਂ ਸਿਫ਼ਾਰਸ਼ ਅਤੇ ਰਿਸ਼ਵਤ ਦੇ ਸਰਕਾਰੀ ਨੌਕਰੀ ਨਹੀਂ ਮਿਲਦੀ ਸੀ।

ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਅਤੇ ਹੋਰ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਕੰਮ ਵੀ ਅਜੇ ਜਾਰੀ ਹੈ। ਹੁਣ ਟੈਂਕੀ ‘ਤੇ ਸਰਕਾਰੀ ਮੁਲਾਜ਼ਮ ਨਹੀਂ ਲੱਭਦੇ। ਉਹ ਆਪਣੇ ਕੰਮ ‘ਤੇ ਮਿਲਦੇ ਹਨ। ਇਸ ਤੋਂ ਇਲਾਵਾ ਸਾਡੀ ਸਰਕਾਰ ਨੇ ਕਈ ਟੋਲ ਪਲਾਜ਼ੇ ਬੰਦ ਕਰ ਦਿੱਤੇ ਹਨ, ਜਿਸ ਕਾਰਨ ਲੋਕਾਂ ਨੂੰ ਰੋਜ਼ਾਨਾ ਲੱਖਾਂ ਰੁਪਏ ਦੀ ਬੱਚਤ ਹੋ ਰਹੀ ਹੈ।

ਕੇਜਰੀਵਾਲ ਨੇ ਕਿਹਾ ਕਿ ਜਦੋਂ ਤੁਹਾਡਾ ਲੋਕ ਸਭਾ ਮੈਂਬਰ, ਤੁਹਾਡਾ ਵਿਧਾਇਕ ਅਤੇ ਸੂਬਾ ਸਰਕਾਰ ਤਿੰਨੋਂ ਹੀ ਆਮ ਆਦਮੀ ਪਾਰਟੀ ਦੇ ਹੋਣਗੇ ਤਾਂ ਇਲਾਕੇ ਦਾ ਵਿਕਾਸ ਬਹੁਤ ਤੇਜ਼ੀ ਨਾਲ ਹੋਵੇਗਾ। ਉਨ੍ਹਾਂ ਡਾ. ਰਾਜਕੁਮਾਰ ਚੱਬੇਵਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਲਾਕੇ ਦਾ ਇੱਕ ਵੀ ਪਰਿਵਾਰ ਅਜਿਹਾ ਨਹੀਂ ਹੋਵੇਗਾ, ਜਿਸ ਦਾ ਉਨ੍ਹਾਂ ਨੇ ਮੁਫ਼ਤ ਇਲਾਜ ਨਾ ਕੀਤਾ ਹੋਵੇ |

ਕੇਜਰੀਵਾਲ ਨੇ ਲੋਕਾਂ ਨੂੰ ਕਿਹਾ ਕਿ ਜੇਕਰ ਡਾ.ਇਸ਼ਾਂਕ ਇਤਿਹਾਸਕ ਬਹੁਮਤ ਨਾਲ ਜਿਤਾਓ ਗਏ, ਤੁਹਾਡੇ ਸਾਰੇ ਕੰਮ ਪੂਰੇ ਹੋ ਜਾਣਗੇ। ਕੇਜਰੀਵਾਲ ਨੇ ਵਾਅਦਾ ਕੀਤਾ ਕਿ ਇਲਾਕੇ ਵਿੱਚ ਇੱਕ ਆਈਟੀਆਈ-ਪੋਲੀਟੈਕਨਿਕ ਕਾਲਜ ਬਣਾਇਆ ਜਾਵੇਗਾ। ਇੱਥੋਂ ਦੇ ਲੋਕਾਂ ਨੂੰ ਬਿਸਤ ਦੁਆਬ ਨਹਿਰ ਦਾ ਕੋਈ ਲਾਭ ਨਹੀਂ ਮਿਲਦਾ ਹੈ। ਅਸੀਂ ਇੱਥੋਂ ਦੇ ਕਿਸਾਨਾਂ ਨੂੰ ਵੀ ਉਸ ਨਹਿਰ ਤੋਂ ਪਾਣੀ ਦੇਣ ਦਾ ਪ੍ਰਬੰਧ ਕਰਾਂਗੇ। ਖੇਤੀ ਆਧਾਰਿਤ ਅਤੇ ਔਰਤਾਂ ਆਧਾਰਿਤ ‘ਲਘੂ ਉਦਯੋਗਾਂ’ ਲਈ ਨਵੀਂ ਨੀਤੀ ਬਣਾਈ ਜਾਵੇਗੀ ਤਾਂ ਜੋ ਇੱਥੇ ਵੱਧ ਤੋਂ ਵੱਧ ਉਦਯੋਗ ਆਉਣ ਅਤੇ ਸਾਡੇ ਬੱਚਿਆਂ ਨੂੰ ਵੱਧ ਤੋਂ ਵੱਧ ਨੌਕਰੀਆਂ ਮਿਲ ਸਕਣ। ਖੇਡਾਂ ਲਈ ਲੋੜੀਂਦੇ ਸਾਰੇ ਸਟੇਡੀਅਮ ਇੱਥੇ ਬਣਾਏ ਜਾਣਗੇ। ਇਸ ਨਾਲ ਨੌਜਵਾਨਾਂ ਨੂੰ ਨਸ਼ਾ ਛੱਡਣ ਵਿੱਚ ਵੀ ਮਦਦ ਮਿਲੇਗੀ। ਆਦਮਪੁਰ ਤੋਂ ਗੜ੍ਹਸ਼ੰਕਰ ਜਾਣ ਵਾਲੀ ਸੜਕ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ‘ਤੇ ਰੱਖਿਆ ਜਾਵੇਗਾ ਅਤੇ ਗੁਰੂ ਘਰਾਂ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਨੂੰ 18 ਫੁੱਟ ਚੌੜਾ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਆਉਣ-ਜਾਣ ਵਿੱਚ ਕੋਈ ਦਿੱਕਤ ਨਾ ਆਵੇ।

*ਮੁੱਖ ਮੰਤਰੀ ਮਾਨ ਨੇ ਵਿਰੋਧੀਆਂ ‘ਤੇ ਬੋਲਿਆ ਹਮਲਾ, ਕਿਹਾ- ਪਿਛਲੀ ਸਰਕਾਰ ‘ਚ ਮੰਤਰੀ ਪੰਜ ਸਾਲ ਇਹੀ ਕਹਿੰਦੇ ਰਹੇ ਕਿ ਖ਼ਜ਼ਾਨਾ ਖ਼ਾਲੀ ਹੈ*

*ਕੀਤਾ ਸਵਾਲ- ਨਾ ਤਾਂ ਮੁਫ਼ਤ ਬਿਜਲੀ ਦਿੱਤੀ, ਨਾ ਹੀ ਚੰਗੀਆਂ ਸੜਕਾਂ, ਹਸਪਤਾਲ, ਸਕੂਲ, ਕਾਲਜ ਬਣਾਏ, ਫਿਰ ਖ਼ਜ਼ਾਨਾ ਖ਼ਾਲੀ ਕਿਵੇਂ ਹੋ ਗਿਆ? ਦਰਅਸਲ ਉਨ੍ਹਾਂ ਇਰਾਦੇ ਖ਼ਾਲੀ ਸਨ – ਮਾਨ*

ਜਨ ਸਭਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਵਿੱਤ ਮੰਤਰੀ ਪੰਜ ਸਾਲ ਇਹੀ ਕਹਿੰਦੇ ਰਹੇ ਕਿ ਖ਼ਜ਼ਾਨਾ ਖ਼ਾਲੀ ਹੈ। ਉਨ੍ਹਾਂ ਸਵਾਲ ਕੀਤਾ ਕਿ ਇਨ੍ਹਾਂ ਨੇ ਨਾ ਤਾਂ ਲੋਕਾਂ ਨੂੰ ਮੁਫ਼ਤ ਬਿਜਲੀ ਦਿੱਤੀ, ਨਾ ਸੜਕਾਂ ਬਣਾਈਆਂ, ਨਾ ਹੀ ਚੰਗੇ ਹਸਪਤਾਲ, ਸਕੂਲ-ਕਾਲਜ ਬਣਾਏ, ਫਿਰ ਖ਼ਜ਼ਾਨਾ ਖ਼ਾਲੀ ਕਿਵੇਂ ਹੋ ਗਿਆ? ਅਸਲ ਵਿੱਚ ਉਨ੍ਹਾਂ ਦੇ ਇਰਾਦੇ ਖ਼ਾਲੀ ਸਨ। ਉਹ ਕੰਮ ਕਰਨਾ ਹੀ ਨਹੀਂ ਚਾਹੁੰਦੇ ਸੀ।

ਉਨ੍ਹਾਂ ਕਿਹਾ ਕਿ ਅਸੀਂ ਕਦੇ ਇਹ ਨਹੀਂ ਕਿਹਾ ਕਿ ਖ਼ਜ਼ਾਨਾ ਖ਼ਾਲੀ ਹੈ ਅਤੇ ਵੱਡੇ ਕੰਮ ਵੀ ਕੀਤੇ ਹਨ। ਆਮ ਲੋਕਾਂ ਲਈ ਬਿਜਲੀ ਮੁਫ਼ਤ ਕੀਤੀ। ਖੇਤੀ ਲਈ ਵੀ ਕਿਸਾਨਾਂ ਨੂੰ ਰੋਜ਼ਾਨਾ 8 ਘੰਟੇ ਤੋਂ ਵੱਧ ਬਿਜਲੀ ਮਿਲ ਰਹੀ ਹੈ। ਬਿਜਲੀ ਦੀ ਕਮੀ ਨੂੰ ਦੂਰ ਕਰਨ ਲਈ ਅਸੀਂ ਗੋਇੰਦਵਾਲ ਸਾਹਿਬ ਵਿਖੇ ਥਰਮਲ ਪਲਾਂਟ ਖ਼ਰੀਦਿਆ। ਢਾਈ ਸਾਲਾਂ ਵਿੱਚ ਅਸੀਂ 45 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਅੱਜ-ਕੱਲ੍ਹ ਪਿੰਡਾਂ ਵਿੱਚ ਮੁਕਾਬਲਾ ਚੱਲ ਰਿਹਾ ਹੈ ਕਿ ਕਿਸ ਪਿੰਡ ਨੂੰ ਕਿੰਨੀਆਂ ਨੌਕਰੀਆਂ ਮਿਲਿਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਇਰਾਦੇ ਸਾਫ਼ ਸਨ ਇਸੇ ਲਈ ਇੰਨੇ ਕੰਮ ਹੋਏ।

ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਉਣ ਤੋਂ ਬਾਅਦ ਰਵਾਇਤੀ ਪਾਰਟੀਆਂ ਦੇ ਆਗੂਆਂ ਨੇ ਵੀ ਲੋਕਾਂ ਤੱਕ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਉਹ ਵੋਟਾਂ ਖ਼ਰੀਦਣ ਅਤੇ ਜਿੱਤਣ ਲਈ ਫ਼ੋਨ ‘ਤੇ ਹੀ ਸੌਦੇ ਕਰਦੇ ਸਨ। ਉਨ੍ਹਾਂ 2014 ਦੀਆਂ ਲੋਕ ਸਭਾ ਚੋਣਾਂ ਦੀ ਉਦਾਹਰਨ ਦਿੰਦਿਆਂ ਦੱਸਿਆ ਕਿ ਸੁਖਦੇਵ ਸਿੰਘ ਢੀਂਡਸਾ ਇੱਕ ਬਜ਼ੁਰਗ ਵਿਅਕਤੀ ਦੇ ਚਰਨ ਛੂਹ ਰਹੇ ਸਨ ਅਤੇ ਉਹ ਅਸ਼ੀਰਵਾਦ ਮੈਨੂੰ ਦੇ ਰਿਹਾ ਸੀ। ਕਿਉਂਕਿ ਉਨ੍ਹਾਂ ਨੂੰ ਮੇਰੇ ਕਾਰਨ ਲੋਕਾਂ ਦੇ ਪੈਰ ਛੂਹਣੇ ਪੈ ਰਹੇ ਸਨ। ਪਹਿਲਾਂ ਉਹ ਚੋਣਾਂ ਵੇਲੇ ਵੀ ਘਰ ਬੈਠੇ ਰਹਿੰਦੇ ਸਨ।

ਉਨ੍ਹਾਂ ਕਿਹਾ ਕਿ ਸਿਆਸਤ ਵਿੱਚ ਇਹ ਤਬਦੀਲੀ ਅਰਵਿੰਦ ਕੇਜਰੀਵਾਲ ਕਾਰਨ ਆਈ ਹੈ। ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਅਤੇ ਕੰਮ ਦੀ ਰਾਜਨੀਤੀ ਕਰਦੀ ਹੈ। ਭਾਰਤੀ ਜਨਤਾ ਪਾਰਟੀ ਅਰਵਿੰਦ ਕੇਜਰੀਵਾਲ ਦੇ ਕੰਮਾਂ ਤੋਂ ਡਰਦੀ ਹੈ, ਇਸ ਲਈ ਉਨ੍ਹਾਂ ਨੇ ਇੱਕ ਸਾਜ਼ਿਸ਼ ਤਹਿਤ ਉਨ੍ਹਾਂ ਨੂੰ, ਮਨੀਸ਼ ਸਿਸੋਦੀਆ ਅਤੇ ਹੋਰ ‘ਆਪ’ ਨੇਤਾਵਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਉਹ ਕੇਜਰੀਵਾਲ ਨੂੰ ਤਾਂ ਜੇਲ੍ਹ ਵਿੱਚ ਸੁੱਟ ਦੇਣਗੇ ਪਰ ਉਨ੍ਹਾਂ ਦੀ ਸੋਚ ਨੂੰ ਕਿਵੇਂ ਅੰਦਰ ਕਰਨਗੇ।

ਕਾਂਗਰਸ ‘ਤੇ ਹਮਲਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੈਸੇ ਦੀ ਕਮੀ ਕਾਰਨ ਆਮ ਲੋਕਾਂ ਦੀਆਂ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ। ਦੂਜੇ ਪਾਸੇ ਵਿਜੀਲੈਂਸ ਦੀ ਜਾਂਚ ਦੌਰਾਨ ਹੁਸ਼ਿਆਰਪੁਰ ਦੇ ਇੱਕ ਕਾਂਗਰਸੀ ਮੰਤਰੀ ਦੇ ਘਰੋਂ ਨੋਟ ਗਿਣਨ ਵਾਲੀ ਮਸ਼ੀਨ ਮਿਲੀ, ਅੰਦਾਜ਼ਾ ਲਗਾਓ ਕਿ ਉਸ ਨੇ ਕਿੰਨਾ ਪੈਸਾ ਲੁੱਟਿਆ ਹੋਵੇਗਾ! ਉਹ ਰਾਜਨੀਤੀ ਵਿੱਚ ਪੈਸੇ ਕਮਾਉਣ ਲਈ ਹੀ ਆਉਂਦੇ ਹਨ। ਉਨ੍ਹਾਂ ਲਈ ਰਾਜਨੀਤੀ ਇੱਕ ਵਪਾਰ ਹੈ। ਅਸੀਂ ਜਨਤਾ ਦੇ ਪੈਸੇ ਨਾਲ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਦੇ ਹਾਂ। ਢਾਈ ਸਾਲਾਂ ਵਿੱਚ 850 ਤੋਂ ਵੱਧ ਆਮ ਆਦਮੀ ਕਲੀਨਿਕ ਬਣਾਏ ਗਏ ਹਨ, ਜਿਨ੍ਹਾਂ ਵਿੱਚ ਹੁਣ ਤੱਕ 2 ਕਰੋੜ ਤੋਂ ਵੱਧ ਲੋਕ ਆਪਣਾ ਇਲਾਜ ਕਰਵਾ ਚੁੱਕੇ ਹਨ। ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੀ ਹਾਲਤ ਸੁਧਰ ਰਹੀ ਹੈ। ਮੈਡੀਕਲ ਕਾਲਜ ਬਣਾ ਰਹੇ ਹਾਂ। ਹੁਸ਼ਿਆਰਪੁਰ ਵਿੱਚ ਇੱਕ ਆਯੁਰਵੈਦਿਕ ਮੈਡੀਕਲ ਕਾਲਜ ਵੀ ਬਣਾਇਆ ਜਾ ਰਿਹਾ ਹੈ।

ਪ੍ਰਤਾਪ ਬਾਜਵਾ ‘ਤੇ ਹਮਲਾ ਕਰਦਿਆਂ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਲੋਕ ਨਿਰਮਾਣ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਪੰਜਾਬ ‘ਚ ਸਭ ਤੋਂ ਵੱਧ ਟੋਲ ਪਲਾਜ਼ੇ ਲਗਾਏ ਹਨ। ਅਸੀਂ 16 ਟੋਲ ਬੰਦ ਕੀਤੇ ਹਨ, ਜਿਸ ਕਾਰਨ ਲੋਕਾਂ ਨੂੰ ਹਰ ਰੋਜ਼ 62 ਲੱਖ ਰੁਪਏ ਦੀ ਬੱਚਤ ਹੋ ਰਹੀ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਕਦੇ ਵੀ ਲੋਕਾਂ ਦੇ ਨਾਲ ਨਹੀਂ ਖੜ੍ਹਾ। ਉਹ ਮੁਗ਼ਲ ਸਾਮਰਾਜ ਦੌਰਾਨ ਮੁਗ਼ਲਾਂ ਦੇ ਨਾਲ ਸੀ। ਉਹ ਅੰਗਰੇਜ਼ਾਂ ਦੇ ਰਾਜ ਦੌਰਾਨ ਅੰਗਰੇਜ਼ਾਂ ਦੇ ਨਾਲ ਸਨ। ਅਕਾਲੀ ਰਾਜ ਵੇਲੇ ਅਕਾਲੀ ਦਲ ਨਾਲ ਸਨ, ਕਾਂਗਰਸ ਦੀ ਸਰਕਾਰ ਵੇਲੇ ਉਸ ਦੇ ਨਾਲ ਅਤੇ ਹੁਣ ਭਾਜਪਾ ਨਾਲ ਹਨ। ਉਨ੍ਹਾਂ ਸੁਖਬੀਰ ਬਾਦਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਵੀ ਨਿਸ਼ਾਨਾ ਸਾਧਿਆ।

ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਕਿਸੇ ਨੇ ਮੈਨੂੰ ਚੋਣਾਂ ਦੀ ਤਰੀਕ ਇਕ ਹਫ਼ਤਾ ਵਧਾਉਣ ਬਾਰੇ ਮੇਰੀ ਰਾਏ ਪੁੱਛੀ। ਮੈਂ ਉਸ ਨੂੰ ਕਿਹਾ ਕਿ ਪਹਿਲਾਂ ਵਿਰੋਧੀ ਪਾਰਟੀਆਂ ਨੇ 20-25 ਹਜ਼ਾਰ ਵੋਟਾਂ ਨਾਲ ਹਾਰਨਾ ਸੀ, ਹੁਣ 30-35 ਹਜ਼ਾਰ ਨਾਲ ਹਾਰਨਗੀਆਂ। ਉਨ੍ਹਾਂ ਲੋਕਾਂ ਨੂੰ ‘ਆਪ’ ਦੇ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ ਅਤੇ ਵਾਅਦਾ ਕੀਤਾ ਕਿ ‘ਤੁਹਾਡੀ ਮੰਗ, ਇਸ਼ਾਕ ਦਾ ਪੱਤਰ ਤੇ ਮੇਰੇ ਦਸਤਖ਼ਤ’। ਚੱਬੇਵਾਲ ਦੇ ਵਿਕਾਸ ਲਈ ਫ਼ੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਮੈਂ ਚੱਬੇਵਾਲ ਨੂੰ ਆਦਰਸ਼ ਹਲਕਾ ਬਣਾਉਣ ਦਾ ਡਾ. ਰਾਜਕੁਮਾਰ ਚੱਬੇਵਾਲ ਦਾ ਸੁਪਨਾ ਪੂਰਾ ਕਰਾਂਗਾ-ਇਸ਼ਾਂਕ ਚੱਬੇਵਾਲ

ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ‘ਆਪ’ ਉਮੀਦਵਾਰ ਇਸ਼ਾਂਕ ਚੱਬੇਵਾਲ ਨੇ ਕਿਹਾ ਕਿ ਮੇਰੇ ਪਿਤਾ ਡਾ. ਰਾਜ ਕੁਮਾਰ ਚੱਬੇਵਾਲ ਦਾ ਸੁਪਨਾ ਸੀ ਕਿ ਚੱਬੇਵਾਲ ਵਿਧਾਨ ਸਭਾ ਪੰਜਾਬ ਦਾ ਆਦਰਸ਼ ਹਲਕਾ ਬਣੇ | ਮੈਂ ਉਨ੍ਹਾਂ ਦਾ ਇਹ ਸੁਪਨਾ ਪੂਰਾ ਕਰਾਂਗਾ। ਉਨ੍ਹਾਂ ਕਿਹਾ ਕਿ ਸਰਕਾਰੀ ਡਿਗਰੀ ਕਾਲਜ ਨੂੰ ਪੋਲੀਟੈਕਨਿਕ ਕਾਲਜ ਵਿੱਚ ਤਬਦੀਲ ਕੀਤਾ ਜਾਵੇਗਾ। ਹਰ ਪਾਸੇ ਸਟੇਡੀਅਮ ਦਾ ਕੰਮ ਚੱਲ ਰਿਹਾ ਹੈ, ਇਸ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾਵੇਗਾ ਅਤੇ ਆਮ ਲੋਕਾਂ ਦੀ ਸਹੂਲਤ ਲਈ ਐਮਰਜੈਂਸੀ ਸਹੂਲਤਾਂ ਵਾਲਾ ਸਰਕਾਰੀ ਹਸਪਤਾਲ ਬਣਾਇਆ ਜਾਵੇਗਾ।

Latest News

Latest News

Leave a Reply

Your email address will not be published. Required fields are marked *