ਚੰਡੀਗੜ੍ਹ: 9 ਨਵੰਬਰ, ਦੇਸ਼ ਕਲਿੱਕ ਬਿਓਰੋ
ਪੰਜਾਬ ਆਰਟਸ ਕੌਂਸਲ, ਚੰਡੀਗੜ੍ਹ ਵੱਲੋਂ “ਪੰਜਾਬੀ ਮਾਹ” ਦੌਰਾਨ 11 ਨਵੰਬਰ 2024 ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਤੋਂ ਕਲਾ ਭਵਨ ਸੈਕਟਰ 16, ਚੰਡੀਗੜ੍ਹ ਵਿਖੇ ਇੱਕ- ਰੋਜ਼ਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ।ਜਿਸ ਦਾ ਵਿਸ਼ਾ “ਬਹੁ-ਸਥਾਨੀ ਨੈੱਟਵਰਕ ਚੇਤਨਾ ਅਤੇ ਪੰਜਾਬੀ ਭਾਸ਼ਾ” ਹੈ।ਇਸ ਦੇ ਵਕਤਾ ਉੱਘੇ ਸਿੱਖਿਆ ਸ਼ਾਸਤਰੀ ਸ਼੍ਰੀ ਸ਼ੁਭ ਪ੍ਰੇਮ ਬਰਾੜ ਹੋਣਗੇ। ਇਸ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਅਸ਼ਵਨੀ ਚੈਟਲੇ ਅਤੇ ਪ੍ਰਧਾਨਗੀ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਕਰਨਗੇ। ਅੱਜ ਇਕ ਸਾਂਝਾ ਬਿਆਨ ਜਾਰੀ ਕਰਦਿਆਂ ਆਰਟਸ ਕੌਂਸਲ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ, ਸਕੱਤਰ ਡਾ. ਰਵੇਲ ਸਿੰਘ, ਉਪ ਚੇਅਰਮੈਨ ਡਾ. ਯੋਗ ਰਾਜ, ਸੰਯੁਕਤ ਸਕੱਤਰ ਡਾ. ਪ੍ਰਵੀਨ ਕੁਮਾਰ, ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਦੇ ਪ੍ਰਧਾਨ ਡਾ. ਆਤਮ ਰੰਧਾਵਾ, ਆਰਟਸ ਕੌਂਸਲ ਦੇ ਕਾਰਜਕਾਰਨੀ ਮੈਂਬਰ ਤੇ ਉੱਘੇ ਚਿੰਤਕ ਅਮਰਜੀਤ ਗਰੇਵਾਲ ਨੇ ਕਿਹਾ ਕਿ ਮਾਤ ਭਾਸ਼ਾ ਪ੍ਰਤੀ ਜਾਗਰੁਕਤਾ ਪੈਦਾ ਕਰਨ ਲਈ ਇਸ ਤਰ੍ਹਾਂ ਦੇ ਸਮਾਗਮ ਕਰਵਾਏ ਜਾਂਦੇ ਰਹਿਣਗੇ; ਉਨ੍ਹਾਂ ਅੱਗੇ ਜੋੜਿਆ ਕਿ ਵਿਗਿਆਨਕ ਤੌਰ ‘ਤੇ ਇਹ ਸਿੱਧ ਹੋ ਚੁੱਕਾ ਹੈ ਕਿ ਮਾਂ ਬੋਲੀ ਜਾਣੇ ਬਿਨਾਂ ਕਿਸੇ ਹੋਰ ਭਾਸ਼ਾ ਵਿਚ ਵੀ ਮੁਹਾਰਤ ਹਾਸਿਲ ਨਹੀਂ ਕੀਤੀ ਜਾ ਸਕਦੀ।ਉਨ੍ਹਾਂ ਅੱਗੇ ਕਿਹਾ ਕਿ ਮਸ਼ੀਨੀ ਬੁੱਧੀਮਾਨਤਾ ਦੇ ਚੁਣੌਤੀ ਭਰੇ ਸਮੇਂ ਪੰਜਾਬੀ ਭਾਸ਼ਾ ਨੂੰ ਵਕਤ ਦੇ ਹਾਣ ਦੀ ਬਣਾਉਣ ਲਈ, ਇਸ ਦੇ ਹਰ ਮੰਚ ‘ਤੇ ਧਿਆਨ ਕੇਂਦਰਤ ਕੀਤਾ ਜਾਵੇਗਾ। ਉਨ੍ਹਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਇਸ ਸੈਮੀਨਾਰ ਵਿਚ ਆਪਣੀ ਭਰਪੂਰ ਹਾਜ਼ਰੀ ਲਗਵਾਉਣ ਤਾਂ ਕਿ ਸਾਰਿਆਂ ਦੇ ਸਹਿਯੋਗ ਨਾਲ ਇਸ ਸੰਬੰਧੀ ਹੋਰ ਮਹੱਤਵਪੂਰਨ ਟੀਚੇ ਸਰ ਕੀਤੇ ਜਾ ਸਕਣ।ਆਪਣੇ ਬਿਆਨ ਦੇ ਅਗਲੇ ਹਿੱਸੇ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਆਰਟਸ ਕੌਂਸਲ ਆਪਣੇ ਕਾਰਜਾਂ ਨੂੰ ਸਿਰਫ਼ ਵੱਡੇ ਸ਼ਹਿਰਾਂ ਤਕ ਹੀ ਸੀਮਤ ਨਹੀਂ ਕਰੇਗੀ ਸਗੋਂ ਕਸਬਿਆਂ ਤੇ ਪੇਂਡੂ ਇਲਾਕਿਆਂ ਵਿਚ ਵੀ ਲੈ ਕੇ ਜਾਵੇਗੀ।
Published on: ਨਵੰਬਰ 9, 2024 8:50 ਬਾਃ ਦੁਃ