ਮੋਰਿੰਡਾ: 9 ਨਵੰਬਰ, ਭਟੋਆ
ਖੰਡ ਮਿੱਲ ਮੁਲਾਜ਼ਮ ਯੂਨੀਅਨ ਮੋਰਿੰਡਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿੱਥੇ ਪਹਿਲਾਂ ਦੋ ਦਿਨ ਲਈ ਟੂਲ ਡਾਊਨ ਸਟਰਾਈਕ ਕੀਤੀ ਗਈ ਉੱਥੇ ਹੀ ਹੁਣ ਮਿਲਦੇ ਮੁਲਾਜ਼ਮ ਨੇ ਸੜਕ ਤੇ ਆ ਕੇ ਪੱਕੇ ਤੌਰ ਤੇ ਹੜਤਾਲ ਕਰ ਦਿੱਤੀ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਖੰਡ ਮਿੱਲ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਜਗਮੋਹਨ ਸਿੰਘ ਨੇ ਦੱਸਿਆ ਕਿ ਸ਼ੂਗਰ ਮਿੱਲ ਮੋਰਿੰਡਾ ਦੇ ਬੋਰਡ ਆਫ ਡਾਇਰੈਕਟਰ ਅਤੇ ਚੇਅਰਮੈਨ ਸਮੇਤ ਸਮੁੱਚੀ ਮੈਨੇਜਮੈਂਟ ਵੱਲੋਂ 9 ਸਤੰਬਰ 2024 ਨੂੰ ਮਤਾ ਪਾਸ ਕੀਤਾ ਗਿਆ ਸੀ ਕਿ ਸ਼ੂਗਰ ਮਿੱਲ ਵਿੱਚ ਠੇਕੇਦਾਰੀ ਸਿਸਟਮ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੂੰ ਠੇਕੇਦਾਰੀ ਸਿਸਟਮ ਵਿੱਚੋਂ ਕੱਢ ਕੇ ਮਿਲ ਮੈਨੇਜਮੈਂਟ ਅਧੀਨ ਲਿਆਂਦਾ ਜਾਵੇਗਾ । ਯੂਨੀਅਨ ਆਗੂ ਨੇ ਦੱਸਿਆ ਕਿ ਇਸ ਉਪਰੰਤ ਮਿਲ ਦੇ ਵਰਕਰਾਂ ਦੀਆਂ ਬਕਾਇਦਾ ਫਾਈਲਾਂ ਤਿਆਰ ਕੀਤੀਆਂ ਗਈਆਂ ਅਤੇ ਮਿਲ ਮਲੇਜਮੈਂਟ ਵੱਲੋਂ ਉਹਨਾਂ ਨੂੰ ਵਿਸ਼ਵਾਸ ਦਵਾਇਆ ਗਿਆ ਕਿ 1 ਨਵੰਬਰ 2024 ਤੱਕ ਉਹਨਾਂ ਨੂੰ ਮਿਲ ਮੈਨੇਜਮੈਂਟ ਅਧੀਨ ਕਰ ਦਿੱਤਾ ਜਾਵੇਗਾ। ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿ ਹੁਣ ਮਿੱਲ ਮੈਨੇਜਮੈਂਟ ਆਪਣੇ ਕੀਤੇ ਗਏ ਵਾਅਦੇ ਤੋਂ ਮੁੱਕਰ ਰਹੀ ਹੈ ਕਿ ਉਹ ਠੇਕਾ ਕਰਮਚਾਰੀਆਂ ਨੂੰ ਮਿਲ ਮੈਨੇਜਮੈਂਟ ਅਧੀਨ ਨਹੀ ਲਿਆ ਸਕਦੇ। ਜਿਸ ਕਾਰਨ ਸਮੁੱਚੇ ਠੇਕਾ ਕਰਮਚਾਰੀਆਂ ਵਿਚ ਮਿਲ ਮੈਨੇਜਮੈਂਟ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਮੈਨੇਜਮੈਂਟ ਦੇ ਨਾ ਪੱਖੀ ਰਵੱਈਏ ਵਿਰੁੱਧ ਠੇਕਾ ਕਰਮਚਾਰੀਆਂ ਵੱਲੋਂ ਪਹਿਲਾਂ ਦੋ ਦਿਨਾਂ ਲਈ ਟੂਲ ਡਾਊਨ ਸਟ੍ਰਾਈਕ ਕੀਤੀ ਗਈ ਪ੍ਰੰਤੂ ਜਦੋਂ ਫੇਰ ਵੀ ਮਿੱਲ ਮੈਨੇਜਮੈਂਟ ਨੇ ਠੇਕਾ ਕਰਮਚਾਰੀਆਂ ਨੂੰ ਮਿੱਲ ਮੈਨੇਜਮੈਂਟ ਅਧੀਨ ਲਿਆਉਣ ਸਬੰਧੀ ਕੋਈ ਕਾਰਵਾਈ ਨਾ ਕੀਤੀ ਤਾਂ ਸਮੁੱਚੇ ਕਰਮਚਾਰੀ ਮੁਕੰਮਲ ਹੜਤਾਲ ਕਰਕੇ ਸੜਕ ਉੱਤੇ ਆ ਗਏ । ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿ ਜਿੰਨਾ ਚਿਰ ਠੇਕਾ ਕਰਮਚਾਰੀਆਂ ਨੂੰ ਬੋਰਡ ਆਫ ਡਾਇਰੈਕਟਰ ਵੱਲੋਂ ਪਾਸ ਕੀਤੇ ਮਤੇ ਅਨੁਸਾਰ ਮਿੱਲ ਮੈਨੇਜਮੈਂਟ ਅਧੀਨ ਨਹੀਂ ਲਿਆਂਦਾ ਜਾਂਦਾ ਉਨੀ ਦੇਰ ਹੜਤਾਲ ਜਾਰੀ ਰੱਖੀ ਜਾਵੇਗੀ। ਉਧਰ ਜਦੋਂ ਇਸ ਸਬੰਧੀ ਸ਼ੂਗਰ ਮਿੱਲ ਮੋਰਿੰਡਾ ਦੇ ਜਨਰਲ ਮੈਨੇਜਰ ਸ੍ਰੀ ਅਰਵਿੰਦਰ ਪਾਲ ਸਿੰਘ ਕੈਂਰੋ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਹਨਾਂ ਸਾਰੇ ਕਰਮਚਾਰੀਆਂ ਦਾ ਬਕਾਇਦਾ ਕੇਸ ਤਿਆਰ ਕਰਕੇ ਸ਼ੂਗਰਫੈਡ ਵੱਲੋਂ ਬਣਾਈ ਗਈ ਕਮੇਟੀ ਕੋਲ ਅਪਰੂਵਲ ਲਈ ਭੇਜਿਆ ਗਿਆ ਹੈ ਜਿਸ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ । ਉਹਨਾਂ ਹੜਤਾਲ ਤੇ ਗਏ ਕਰਮਚਾਰੀਆਂ ਨੂੰ ਸ਼ੂਗਰ ਮਿੱਲ ਦੀ ਬਿਹਤਰੀ ਲਈ ਕੰਮ ਤੇ ਵਾਪਸ ਆਉਣ ਦੀ ਅਪੀਲ ਕੀਤੀ ਹੈ।