ਬੂਥਗੜ੍ਹ ਦੇ ਪਿੰਡਾਂ ਵਿਚ ਡੇਂਗੂ ਵਿਰੁੱਧ ਜਾਂਚ ਤੇ ਜਾਗਰੂਕਤਾ ਮੁਹਿੰਮ ਜਾਰੀ

ਸਿਹਤ

ਬੂਥਗੜ੍ਹ, 10 ਨਵੰਬਰ : ਦੇਸ਼ ਕਲਿੱਕ ਬਿਓਰੋ

ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਅਧੀਨ ਪੈਂਦੇ ਪਿੰਡਾਂ ਵਿਚ ਡੇਂਗੂ ਬੁਖ਼ਾਰ ਵਿਰੁਧ ਜਾਗਰੂਕਤਾ ਅਤੇ ਸਰਵੇ ਦਾ ਕੰਮ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਨੇ ਦਸਿਆ ਕਿ ਜਿਥੇ ਕਿਤੇ ਡੇਂਗੂ ਦਾ ਕੇਸ ਸਾਹਮਣੇ ਆਉਂਦਾ ਹੈ ਤਾਂ ਸਿਹਤ ਟੀਮਾਂ ਉਸ ਜਗ੍ਹਾ ਦੇ ਨੇੜੇ-ਤੇੜੇ ਘਰ-ਘਰ ਜਾ ਕੇ ਜਿਥੇ ਜਾਂਚ ਕਰਦੀਆਂ ਹਨ, ਉਥੇ ਮੱਛਰ-ਮਾਰ ਦਵਾਈ ਦਾ ਛਿੜਕਾਅ ਵੀ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਜਿਹੀ ਜਾਨਲੇਵਾ ਬੀਮਾਰੀ ਤੋਂ ਬਚਣ ਦਾ ਸਭ ਤੋਂ ਕਾਰਗਰ ਤਰੀਕਾ ਕਿਤੇ ਵੀ ਪਾਣੀ ਇਕੱਠਾ ਨਾ ਹੋਣ ਦੇਣਾ ਹੈ ਤੇ ਇਸ ਬਾਰੇ ਲੋਕਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।

 ਡਾ. ਅਲਕਜੋਤ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਪਣੇ ਘਰਾਂ ਅਤੇ ਆਲੇ-ਦੁਆਲੇ ਕਿਤੇ ਵੀ ਪਾਣੀ ਖੜਾ ਨਾ ਹੋਣ ਦੇਣ ਅਤੇ ਸਰੀਰ ਨੂੰ ਪੂਰੀ ਤਰ੍ਹਾਂ ਢਕਣ ਵਾਲੇ ਕੱਪੜੇ ਪਾਉਣ। ਉਨ੍ਹਾਂ ਕਿਹਾ ਕਿ ਜੇ ਕਿਸੇ ਕਾਰਨ ਡੇਂਗੂ ਬੁਖ਼ਾਰ ਹੋ ਜਾਂਦਾ ਹੈ ਤਾਂ ਘਬਰਾਉਣ ਦੀ ਲੋੜ ਨਹੀਂ। ਮਰੀਜ਼ ਨੂੰ ਸਰਕਾਰੀ ਸਿਹਤ ਸੰਸਥਾ ਵਿਚ ਲਿਆਂਦਾ ਜਾਵੇ ਜਿਥੇ ਡੇਂਗੂ ਦਾ ਟੈਸਟ ਅਤੇ ਇਲਾਜ ਬਿਲਕੁਲ ਮੁਫ਼ਤ ਹੈ। ਮਰੀਜ਼ ਤਰਲ ਪਦਾਰਥਾਂ ਜਿਵੇਂ ਪਾਣੀ, ਜੂਸ, ਨਿੰਬੂ ਪਾਣੀ, ਨਾਰੀਅਲ ਪਾਣੀ ਆਦਿ ਦਾ ਵੱਧ ਤੋਂ ਵੱਧ ਸੇਵਨ ਕਰੇ ਅਤੇ ਆਰਾਮ ਕਰੇ।ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਹੈਲਥ ਇੰਸਪੈਕਟਰ ਗੁਰਤੇਜ ਸਿੰਘ, ਭੁਪਿੰਦਰ ਸਿੰਘ, ਸਿਹਤ ਵਰਕਰ ਜਸਪਾਲ ਸਿੰਘ, ਰਘਬੀਰ ਸਿੰਘ ਆਦਿ ਮੌਜੂਦ ਸਨ।

ਡੇਂਗੂ ਬੁਖ਼ਾਰ ਦੇ ਲੱਛਣ

     ਡੇਂਗੂ ਇਕ ਬੁਖ਼ਾਰ ਹੈ ਜੋ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਡੇਂਗੂ ਦੇ ਆਮ ਲੱਛਣਾਂ ਵਿਚ ਤੇਜ਼ ਸਿਰਦਰਦ ਅਤੇ ਤੇਜ਼ ਬੁਖ਼ਾਰ, ਮਾਸਪੇਸ਼ੀਆਂ ਅਤੇ ਜੋੜਾਂ ਵਿਚ ਦਰਦ, ਅੱਖ ਦੇ ਪਿਛਲੇ ਹਿੱਸੇ ਵਿਚ ਦਰਦ, ਹਾਲਤ ਖ਼ਰਾਬ ਹੋਣ ’ਤੇ ਨੱਕ, ਮੂੰਹ ਅਤੇ ਮਸੂੜਿਆਂ ਵਿਚੋਂ ਖ਼ੂਨ ਵਗਣਾ, ਜੀ ਕੱਚਾ ਹੋਣਾ ਅਤੇ ਉਲਟੀਆਂ ਆਉਣਾ ਆਦਿ ਸ਼ਾਮਲ ਹਨ। ਡੇਂਗੂ ਫੈਲਾਉਣ ਵਾਲੇ ਮੱਛਰ ਖੜੇ ਸਾਫ਼ ਪਾਣੀ ਵਿਚ ਪਲਦੇ ਹਨ ਜਿਵੇਂ ਕੂਲਰਾਂ, ਪਾਣੀ ਦੀਆਂ ਟੈਕੀਆਂ, ਫੁੱਲਾਂ ਦੇ ਗਮਲਿਆਂ, ਫ਼ਰਿੱਜਾਂ ਪਿੱਛੇ ਲੱਗੀ ਟਰੇਅ, ਟੁੱਟੇ-ਭੱਜੇ/ਸੁੱਟੇ ਭਾਂਡਿਆਂ ਅਤੇ ਖ਼ਾਲੀ ਪਏ ਟਾਇਰਾਂ ਅਤੇ ਪਾਣੀ ਵਾਲੇ ਢੋਲਾਂ ਆਦਿ ਵਿਚ। ਇਨ੍ਹਾਂ ਵਿਚ ਪਾਣੀ ਨਾ ਖੜਾ ਹੋਣ ਦਿਤਾ ਜਾਵੇ।

Latest News

Latest News

Leave a Reply

Your email address will not be published. Required fields are marked *