ਕੋਲਕਾਤਾ, 10 ਨਵੰਬਰ, ਦੇਸ਼ ਕਲਿੱਕ ਬਿਓਰੋ :
ਪੱਛਮੀ ਬੰਗਾਲ ਵਿੱਚ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਵਿੱਚੋਂ ਇਕ ਪਾਰਟੀ ਆਗੂ ਦੀ ਲਾਸ਼ ਮਿਲਣ ਦੀ ਖਬਰ ਹੈ। ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਉਸਥੀ ਵਿੱਚ ਸਥਿਤ ਭਾਜਪਾ ਦਫ਼ਤਰ ਵਿਚੋਂ ਪਾਰਟੀ ਆਗੂ ਪ੍ਰਿਥਵੀਰਾਜ ਨਸਕਰ ਦੀ ਲਾਸ਼ ਮਿਲੀ। ਭਾਜਪਾ ਆਗੂ ਪ੍ਰਿਥਵੀਰਾਜ ਸੋਸ਼ਲ ਮੀਡੀਆ ਅਕਾਊਂਟ ਦਾ ਕੰਮ ਦੇਖਦੇ ਸਨ। ਇਸ ਮਾਮਲੇ ਵਿੱਚ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਇਸ ਕਤਲ ਦਾ ਕਾਰਨ ਕੋਈ ਨਿੱਜੀ ਵੀ ਹੋ ਸਕਦਾ ਹੈ। ਦੂਜੇ ਪਾਸੇ ਭਾਜਪਾ ਨੇ ਟੀਐਮਸੀ ਉਤੇ ਦੋਸ਼ ਲਗਾਏ ਹਨ।
ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ 5 ਨਵੰਬਰ ਤੋਂ ਗੁੰਮ ਸੀ। ਬੀਤੇ ਦਿਨੀਂ ਭਾਜਪਾ ਦਫ਼ਤਰ ਵਿਚੋਂ ਉਸਦੀ ਲਾਸ਼ ਮਿਲੀ ਸੀ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੀ ਔਰਤ ਨੇ ਨਸਕਰ ‘ਤੇ ਤਿੱਖੇ ਹਥਿਆਰ ਨਾਲ ਹਮਲਾ ਕਰਨ ਦੀ ਗੱਲ ਕਬੂਲ ਕੀਤੀ ਹੈ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਅਸੀਂ ਮ੍ਰਿਤਕ ਦੇ ਕਿਸੇ ਰਿਸ਼ਤੇ ਜਾਂ ਗ੍ਰਿਫ਼ਤਾਰ ਵਿਅਕਤੀ ਨਾਲ ਕਿਸੇ ਝਗੜੇ ਦੇ ਪੱਖ ਦੀ ਜਾਂਚ ਕਰ ਰਹੇ ਹਾਂ।
Published on: ਨਵੰਬਰ 10, 2024 10:50 ਪੂਃ ਦੁਃ