ਮਹਾਂਰਿਸ਼ੀ ਦਯਾਨੰਦ ਸਰਸਵਤੀ ਨੇ ਸਿੱਖਿਆ ਅਤੇ ਸਮਾਜ ਸੁਧਾਰ ਦੇ ਖੇਤਰ ਵਿੱਚ ਮਹਾਨ ਕੰਮ ਕੀਤੇ: CM ਮਾਨ

ਪੰਜਾਬ

ਜਲੰਧਰ/ਚੰਡੀਗੜ੍ਹ, 10 ਨਵੰਬਰ , ਦੇਸ਼ ਕਲਿੱਕ ਬਿਓਰੋ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਐਤਵਾਰ ਨੂੰ ਜਲੰਧਰ ਵਿੱਚ ਆਰੀਆ ਸਮਾਜ ਦੇ ਸੰਸਥਾਪਕ ਅਤੇ ਭਾਰਤ ਦੇ ਮਹਾਨ ਸਮਾਜ ਸੁਧਾਰਕ ਮਹਾਂਰਿਸ਼ੀ ਦਯਾਨੰਦ ਸਰਸਵਤੀ ਦੇ 200ਵੇਂ ਜਨਮ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਏ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਮਹਾਂਰਿਸ਼ੀ ਜੀ ਵੱਲੋਂ ਸਿੱਖਿਆ, ਸਮਾਜ ਸੁਧਾਰ ਅਤੇ ਭਾਰਤ ਦੇ ਸੁਤੰਤਰਤਾ ਸੰਗਰਾਮ ਵਿੱਚ ਕੀਤੇ ਗਏ ਪ੍ਰੇਰਨਾਦਾਇਕ ਕਾਰਜਾਂ ਨੂੰ ਯਾਦ ਕੀਤਾ।

ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮਹਾਂਰਿਸ਼ੀ ਦਯਾਨੰਦ ਸਰਸਵਤੀ ਨੇ ਸਿੱਖਿਆ ਅਤੇ ਸਮਾਜ ਸੁਧਾਰ ਦੇ ਖੇਤਰ ਵਿੱਚ ਮਹਾਨ ਕੰਮ ਕੀਤਾ ਹੈ। ਉਨ੍ਹਾਂ ਸਮਾਜ ਦੀਆਂ ਬੁਰਾਈਆਂ ਵਿਰੁੱਧ ਲੰਮਾ ਸਮਾਂ ਸੰਘਰਸ਼ ਕੀਤਾ ਅਤੇ ਸਿੱਖਿਆ ਰਾਹੀਂ ਲੋਕਾਂ ਨੂੰ ਜਾਗਰੂਕ ਕਰਕੇ ਤਬਦੀਲੀ ਦਾ ਰਾਹ ਪੱਧਰਾ ਕੀਤਾ। ਦੇਸ਼ ਦੇ ਇਤਿਹਾਸ ਵਿੱਚ ਉਨ੍ਹਾਂ ਦਾ ਯੋਗਦਾਨ ਬੇਮਿਸਾਲ ਹੈ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਆਰੀਆ ਸਮਾਜ ਦੇ ਉਦੇਸ਼ ਮਿਲਦੇ ਜੁਲਦੇ ਹਨ। ਸਾਡਾ ਵੀ ਉਦੇਸ਼ ਹਰ ਇੱਕ ਨੂੰ ਸਿੱਖਿਆ ਦੇਣਾ ਹੈ ਅਤੇ ਆਰੀਆ ਸਮਾਜ ਦਾ ਫਾਊਂਡੇਸ਼ਨ ਵੀ ਸਿੱਖਿਆ ਦਾ ਪ੍ਰਚਾਰ  ਕਰਦਾ ਹੈ। ਦੇਸ਼ ਭਰ ਵਿੱਚ ਲੱਖਾਂ ਬੱਚੇ ਡੀਏਵੀ ਫਾਊਂਡੇਸ਼ਨ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹ ਰਹੇ ਹਨ।  ਇਨ੍ਹਾਂ ਸਕੂਲਾਂ ਵਿੱਚ ਉੱਚ ਪੱਧਰੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ। 

ਉਨ੍ਹਾਂ ਕਿਹਾ ਕਿ ਸਮਾਜ ਵਿੱਚ ਬਦਲਾਅ ਸਿੱਖਿਆ ਰਾਹੀਂ ਹੀ ਸੰਭਵ ਹੈ। ਸਮਾਜ ਦੀਆਂ ਸਮੱਸਿਆਵਾਂ ਵੀ ਸਿੱਖਿਆ ਰਾਹੀਂ ਹੀ ਹੱਲ ਹੋ ਸਕਦੀਆਂ ਹਨ। ਮੁੱਖ ਮੰਤਰੀ ਨੇ ਲਾਲਾ ਲਾਜਪਤ ਰਾਏ, ਸ਼ਹੀਦ ਭਗਤ ਸਿੰਘ ਅਤੇ ਕਰਤਾਰ ਸਰਾਭਾ ਦੀਆਂ ਕੁਰਬਾਨੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਨੁੱਖ ਉਮਰ ਨਾਲ ਨਹੀਂ ਸਗੋਂ ਆਪਣੀ ਸੋਚ ਅਤੇ ਸੰਘਰਸ਼ ਨਾਲ ਮਹਾਨ ਬਣਦਾ ਹੈ। ਭਗਤ ਸਿੰਘ ਨੇ ਆਪਣੀ ਸੋਚ ਨਾਲ ਨੌਜਵਾਨਾਂ ਵਿੱਚ ਕ੍ਰਾਂਤੀ ਪੈਦਾ ਕੀਤੀ। ਸਿਰਫ਼ 23 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਸਭ ਤੋਂ ਵੱਡੀ ਖ਼ੂਬਸੂਰਤੀ ਇਹ ਹੈ ਕਿ ਇੱਥੇ ਸਾਰੇ ਧਰਮਾਂ ਵਿੱਚ ਸਦਭਾਵਨਾ ਅਤੇ ਪਿਆਰ ਹੈ। ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ। ਇੱਥੇ ਨਫ਼ਰਤ ਦੇ ਬੀਜ ਨਹੀਂ ਉੱਗ ਸਕਦੇ।  ਇੱਥੋਂ ਦੇ ਲੋਕ ਈਦ, ਹੋਲੀ, ਦੀਵਾਲੀ ਅਤੇ ਗੁਰਪੁਰਬ ਇਕੱਠੇ ਮਨਾਉਂਦੇ ਹਨ। 

ਮੁੱਖ ਮੰਤਰੀ ਨੇ ਕਿਹਾ ਕਿ ਰਾਜਨੀਤੀ ਕਦੇ ਵੀ ਜਾਤ ਅਧਾਰਿਤ ਨਹੀਂ ਹੋਣੀ ਚਾਹੀਦੀ। ਸਾਡੇ ਸਾਧੂਆਂ ਨੇ ਸਾਨੂੰ ਮਨੁੱਖਤਾ ਦਾ ਪਾਠ ਪੜ੍ਹਾਇਆ ਹੈ। ਉਨ੍ਹਾਂ ਨੇ ਸਾਨੂੰ ਜਾਤ-ਪਾਤ ਅਤੇ ਧਰਮ ਤੋਂ ਉੱਪਰ ਉੱਠ ਕੇ ਸਮਾਜ ਲਈ ਕੰਮ ਕਰਨਾ ਸਿਖਾਇਆ ਹੈ। ਅੱਜ ਸਾਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ।

Latest News

Latest News

Leave a Reply

Your email address will not be published. Required fields are marked *