ਲੋਕਾਂ ਖਿਲਾਫ਼ ਜੰਗ ਨੂੰ ਲੋਕ ਹੀ ਹਰਾ ਸਕਦੇ ਨੇ: ਅਰੁੰਧਤੀ ਰਾਏ

ਪੰਜਾਬ

ਲੋਕਾਂ ਦੀ ਆਵਾਜ਼ ਬਣਨ ਹੀ ਮੀਡੀਆ ਦਾ ਫਰਜ਼ ਹੁੰਦੈ: ਪ੍ਰਬੀਰ

ਕਮੇਟੀ ਮੈਂਬਰ ਹਰਦੇਵ ਅਰਸ਼ੀ ਨੇ ਲਹਿਰਾਇਆ ਗ਼ਦਰੀ ਝੰਡਾ; ਝੰਡੇ ਦੇ ਗੀਤ ਨੇ ਗੱਡੇ ਝੰਡੇ

ਦਲਜੀਤ ਕੌਰ

ਜਲੰਧਰ, 10 ਨਵੰਬਰ, 2024: ਮੇਲਿਆਂ ਦੀ ਧਰਤੀ ਪੰਜਾਬ ਦੇ ਸ਼ਹਿਰ ਜਲੰਧਰ ਲੱਗਿਆ 33ਵਾਂ ਮੇਲਾ ਗ਼ਦਰੀ ਬਾਬਿਆਂ ਦਾ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਹਰਦੇਵ ਅਰਸ਼ੀ ਵੱਲੋਂ ਗ਼ਦਰੀ ਪਾਰਟੀ ਦਾ ਝੰਡਾ ਲਹਿਰਾਉਣ ਨਾਲ ਤੀਜੇ ਅਤੇ ਆਖ਼ਰੀ ਦਿਨ ‘ਚ ਸ਼ਾਮਲ ਹੋਇਆ।

ਹਰਦੇਵ ਅਰਸ਼ੀ ਹੋਰਾਂ ਵੱਲੋਂ ਝੰਡਾ ਲਹਿਰਾਏ ਜਾਣ ਮੌਕੇ ਉਹਨਾਂ ਨਾਲ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਅਤੇ ਮੇਲੇ ‘ਚ ਪੁੱਜੇ ਸਮੂਹ ਕਮੇਟੀ ਮੈਂਬਰ ਸ਼ਾਮਲ ਸਨ। ਇਸ ਮੌਕੇ ਸਾਮਰਾਜਵਾਦ-ਮੁਰਦਾਬਾਦ! ਫ਼ਿਰਕੂ ਫਾਸ਼ੀ ਹੱਲਾ ਮੁਰਦਾਬਾਦ! ਗ਼ਦਰੀ ਬਾਬਿਆਂ ਦਾ ਪੈਗ਼ਾਮ, ਜਾਰੀ ਰੱਖਣਾ ਹੈ ਸੰਗਰਾਮ! ਨਾਅਰੇ ਗੂੰਜਦੇ ਰਹੇ। ਗ਼ਦਰੀ ਝੰਡੇ ‘ਤੇ ਫੁੱਲਾਂ ਦੀ ਵਰਖਾ ਹੁੰਦੀ ਰਹੀ।

ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਜੀ ਆਇਆਂ ਨੂੰ ਸ਼ਬਦ ਕਹਿੰਦੇ ਹੋਏ ਕਿਹਾ ਕਿ ਦੇਸ਼ ਭਗਤ ਯਾਦਗਾਰ ਲੋਕਾਂ ਦਾ ਹੈ। ਇਹ ਮੇਲਾ ਵੀ ਲੋਕਾਂ ਦੁਆਰਾ ਲੋਕਾਂ ਲਈ ਹੈ। ਉਹਨਾਂ ਕਿਹਾ ਕਿ ਮੇਲਾ ਹਰ ਸਾਲ ਨਵੀਆਂ ਪਿਰਤਾਂ ਪਾ ਰਿਹਾ ਹੈ।

ਕਮੇਟੀ ਮੈਂਬਰ ਹਰਦੇਵ ਅਰਸ਼ੀ ਨੇ ਗ਼ਦਰ ਪਾਰਟੀ ਦੇ ਮੂਲ ਪ੍ਰੋਗਰਾਮ, ਉਦੇਸ਼ਾਂ ਅਤੇ ਅਧੂਰੇ ਕਾਰਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹਨਾਂ ਦੇ ਸੁਪਨੇ ਸਾਕਾਰ ਕਰਨ ਲਈ ਹੀ ਅੱਜ ਦਾ ਮੇਲਾ ਕਾਰਪੋਰੇਟ ਅਤੇ ਫ਼ਿਰਕੂ ਫਾਸ਼ੀ ਹੱਲੇ ਖਿਲਾਫ਼ ਜੂਝਦੀਆਂ ਲੋਕ ਲਹਿਰਾਂ ਨੂੰ ਸਮਰਪਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਾਮਰਾਜ ਅਤੇ ਫ਼ਿਰਕਾਪ੍ਰਸਤੀ ਵਿਰੋਧੀ ਸਾਰੀਆਂ ਜਮਹੂਰੀ ਤਾਕਤਾਂ ਨੂੰ ਇੱਕਜੁੱਟ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ।

ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਆਪਣੀ ਤਕਰੀਰ ਵਿੱਚ ਕਿਹਾ ਕਿ ਗ਼ਦਰੀ ਦੇਸ਼ ਭਗਤਾਂ ਦਾ ਪ੍ਰੋਗਰਾਮ ਅੱਜ ਹੋਰ ਵੀ ਪ੍ਰਸੰਗਕ ਹੈ। ਉਹਨਾਂ ਕਿਹਾ ਕਿ ਦਿਨੋ-ਦਿਨ ਤੇਜ਼ ਹੋ ਰਿਹਾ ਆਰਥਕ ਅਤੇ ਫ਼ਿਰਕੂ ਫਾਸ਼ੀ ਹੱਲਾ ਸਾਡਾ ਧਿਆਨ ਖਿੱਚਦਾ ਹੈ। ਸਾਨੂੰ ਜਾਗਣ ਦੀ ਲੋੜ ਹੈ।

33ਵੇਂ ਮੇਲੇ ‘ਤੇ ਅਮੋਲਕ ਸਿੰਘ ਦਾ ਲਿਖਿਆ, ਸੱਤਪਾਲ ਬੰਗਾ (ਪਟਿਆਲਾ) ਦਾ ਨਿਰਦੇਸ਼ਤ ਕੀਤਾ ਝੰਡੇ ਦਾ ਗੀਤ ਸੰਗੀਤ ਓਪੇਰਾ,’ਮੇਲਾ ਕੀ ਕਹਿੰਦੈ’ ਕੋਈ 100 ਕਲਾਕਾਰਾਂ ਨੇ ਜਦੋਂ ਪੇਸ਼ ਕੀਤਾ ਤਾਂ ਇੱਕ ਵਾਰ ਤਾਂ ਸਮਾਂ ਬੰਨ੍ਹ ਦਿੱਤਾ। ਪੌਣਾ ਘੰਟਾ ਲੋਕ, ਟਿਕਟਿਕੀ ਲਗਾ ਕੇ ਦੇਖਦੇ ਅਤੇ ਵਾਰ-ਵਾਰ ਤਾੜੀਆਂ ਗੁੰਜਾਉਂਦੇ ਰਹੇ।

ਇਸ ਸੈਸ਼ਨ ਦੇ ਮੰਚ ਸੰਚਾਲਕ ਅਤੇ ਝੰਡੇ ਦੇ ਗੀਤ ਦੇ ਲੇਖਕ ਅਮੋਲਕ ਸਿੰਘ ਨੇ ਵਰਕਸ਼ਾਪ ਵਿੱਚ ਸ਼ਾਮਲ ਕਲਾਕਾਰ ਮੁੰਡੇ-ਕੁੜੀਆਂ ਦੀ ਮਿਹਨਤ ਅਤੇ ਪਰਿਵਾਰਾਂ ਦੇ ਸਾਥ ਦੀ ਤਾਰੀਫ਼ ਕਰਦਿਆਂ ਉਹਨਾਂ ਦੀ ਉਹਨਾਂ ਦੇ ਪਰਿਵਾਰਾਂ ਦੀ ਭੂਮਿਕਾ ਦਾ ਸਨਮਾਨ ਕੀਤਾ।

ਵਿਸ਼ਵ ਪ੍ਰਸਿੱਧ ਵਿਦਵਾਨ, ਅਰੁੰਧਤੀ ਰਾਏ ਨੇ ਆਪਣੀ ਤਕਰੀਰ ਦੀ ਸ਼ੁਰੂਆਤ ਪੰਜਾਬ ਦੀ ਸੰਘਰਸ਼ਸ਼ੀਲ ਧਰਤੀ ਨੂੰ ਸਲਾਮ ਕਰਦਿਆਂ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਕਿਸਾਨ ਅੰਦੋਲਨ ਹੋਵੇ ਚਾਹੇ ਮੇਰੇ ਉਪਰ ਯੂ.ਏ.ਪੀ.ਏ. ਲਗਾ ਕੇ ਜੇਲ੍ਹ ਸੁੱਟਣ ਦੇ ਯਤਨ ਨੂੰ ਨਾਕਾਮ ਕਰਨ ਲਈ ਵੀ ਪੰਜਾਬ ਦੀ ਆਵਾਜ਼ ਲਾ-ਮਿਸਾਲ ਭੂਮਿਕਾ ਨਿਭਾਈ।

ਉਹਨਾਂ ਕਿਹਾ ਕਿ ਅੱਜ ਪੇਸ਼ ਹੋਇਆ ਗੀਤ ਨਾਟ ਓਪੇਰਾ ‘ਝੰਡੇ ਦੇ ਗੀਤ’ ਨੇ ਮੈਨੂੰ ਐਨਾ ਪ੍ਰਭਾਵਿਤ ਕੀਤਾ ਕਿ ਮੈਂ ਸਾਰਾ ਸਮਾਂ ਰੋਂਦੀ ਅਤੇ ਸੋਚਦੀ ਰਹੀ ਕਿ ਫ਼ਲਸਤੀਨ ਬਾਰੇ ਹਰੇਕ ਕੋਈ ਆਵਾਜ਼ ਨਹੀਂ ਉਠਾਉਂਦਾ, ਜਿਵੇਂ ਗੀਤ ਵਿੱਚ ਬੁਲੰਦ ਆਵਾਜ਼ ਉਠਾਈ ਗਈ।

ਅਰੁੰਧਤੀ ਨੇ ਕਿਹਾ ਕਿ ਸਾਡੇ ਮੁਲਕ ਦੇ ਇਕੋ ਵੇਲੇ ਦੋ ਤਾਲ਼ੇ ਖੋਲ੍ਹੇ ਗਏ। ਇੱਕ ਬਾਬਰੀ ਮਸਜਦ ਦਾ ਅਤੇ ਦੂਜਾ ਸਾਮਰਾਜੀ ਬਹੁ-ਕੌਮੀ ਕੰਪਨੀ ਲਈ ਆਰਥਕ ਲੁੱਟ ਕਰਨ ਦੀਆਂ ਖੁੱਲ੍ਹਾਂ ਦਾ।

ਉਹਨਾਂ ਜ਼ੋਰ ਦੇ ਕੇ ਕਿਹਾ ਕਿ ਫ਼ਿਰਕੂ ਫਾਸ਼ੀ ਹੱਲਾ ਫੇਰ ਹੀ ਕਾਮਯਾਬ ਹੁੰਦਾ ਹੈ ਜਦੋਂ ਲੋਕ-ਦੋਖੀ ਤਾਕਤਾਂ ਲੋਕਾਂ ਨੂੰ ਗੁੰਮਰਾਹ ਕਰਕੇ ਮੂਲਵਾਦੀ ਤਾਕਤਾਂ ਉਸ ਜੰਗ ਵਿੱਚ ਲਹਿੱਸੇਦਾਰ ਬਣਾਉਣ ਲੱਗ ਜਾਂਦੀਆਂ ਹਨ।

ਮੇਲੇ ਦੇ ਦੂਸਰੇ ਮੁੱਖ ਵਕਤਾ ਡਾ. ਪ੍ਰਬੀਰ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਸਾਡੇ ਮੀਡਿਆ ਨਿਊਜ਼ ਕਲਿੱਕ ਦੀ ਆਵਾਜ਼ ਬੰਦ ਕਰਨ ਦੀ ਇਸ ਕਰਕੇ ਕੋਸ਼ਿਸ਼ ਕੀਤੀ ਗਈ ਕਿਉਂਕਿ ਉਹ ਲੋਕਾਂ ਦੀ ਆਵਾਜ਼ ਬਣਨ ਲਈ ਹਮੇਸ਼ਾਂ ਹੀ ਸੁਹਿਰਦ ਰਿਹਾ ਹੈ। ਸਥਾਪਤੀ ਨੂੰ ਅਕਸਰ ਹੀ ਇਹ ਭੁਲੇਖਾ ਹੁੰਦਾ ਹੈ ਕਿ ਮੀਡਿਆ ਉਹੀ ਕਹੇ ਜੋ ਉਨ੍ਹਾਂ ਨੂੰ ਪ੍ਰਵਾਨ ਹੁੰਦਾ ਹੈ ਪਰ ਇੰਜ ਨਹੀਂ ਹੁੰਦਾ ਹੈ। ਮੈਂ ਪਹਿਲਾਂ ਐਮਰਜੈਂਸੀ ਦੌਰ ਵਿੱਚ ਵੀ ਹਕੂਮਤੀ ਹੱਲੇ ਦਾ ਸ਼ਿਕਾਰ ਹੋਇਆ ਤੇ ਹੁਣ ਵਾਲੀ ਹਕੂਮਤ ਨੇ ਵੀ ਮੇਰੀ ਕਲਮ ਨੂੰ ਨਿਸ਼ਾਨਾ ਬਣਾਇਆ। ਇਹ ਵਰਤਾਰਾ ਦਰਸਾਉਂਦਾ ਹੈ ਕਿ ਮੋਦੀ ਹਕੂਮਤ ਦਾ ਬਦਲ ਕੋਈ ਵੀ ਹਾਕਮ ਜਮਾਤੀ ਗਠਜੋੜ ਨਹੀਂ ਸਿਰਫ਼ ਲੋਕ ਹੀ ਇਸ ਦਾ ਬਦਲ ਹੋ ਸਕਦੇ ਹਨ।

ਇਸ ਸੈਸ਼ਨ ‘ਚ ਖਾਲਸਾ ਸਕੂਲ ਗੜ੍ਹਦੀਵਾਲ ਦੇ ਗੁਰਪਿੰਦਰ ਸਿੰਘ ਅਤੇ ਸਾਥੀਆਂ ਤੋਂ ਇਲਾਵਾ ਲੋਕ ਸੰਗੀਤ ਮੰਡਲੀ ਭਦੌੜ (ਮਾਸਟਰ ਰਾਮ ਕੁਮਾਰ) ਨੇ ਗੀਤਾਂ ਦਾ ਰੰਗ ਭਰਿਆ।

ਸ਼ਾਮ 4 ਵਜੇ ਹੋਈ ਵਿਚਾਰ-ਚਰਚਾ ਗ਼ਦਰੀ ਬਾਬਾ ਜਵਾਲਾ ਸਿੰਘ ਆਡੀਟੋਰੀਅਮ ਵਿੱਚ ਖੇਤੀ, ਪਾਣੀ ਅਤੇ ਵਾਤਾਵਰਣ ਸੰਕਟ ਉਪਰ ਕਮੇਟੀ ਪ੍ਰਧਾਨ ਅਜਮੇਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਵਿਚਾਰ-ਚਰਚਾ ਦੀ ਸ਼ੁਰੂਆਤ ਕੁਲਦੀਪ ਵਾਲੀਆ ਦੀ ਕਵਿਤਾ ਨਾਲ ਹੋਈ। ਇਸ ਵਿਚਾਰ-ਚਰਚਾ ਵਿੱਚ ਕਮੇਟੀ ਮੈਂਬਰ ਜਗਰੂਪ, ਕੁਲਵੰਤ ਸਿੰਘ ਸੰਧੂ, ਸੀਤਲ ਸਿੰਘ ਸੰਘਾ, ਰਮਿੰਦਰ ਪਟਿਆਲਾ, ਵਿਜੈ ਬੰਬੇਲੀ ਅਤੇ ਡਾ. ਪਰਮਿੰਦਰ ਸ਼ਾਮਲ ਸਨ। ਇਨ੍ਹਾਂ ਚਿੰਤਕਾਂ ਨੇ ਪੰਜਾਬ ਦੇ ਡੂੰਘੇ ਹੁੰਦੇ ਜਾ ਰਹੇ ਕਿਸਾਨੀ ਦੇ ਸੰਕਟ ਅਤੇ ਕਾਰਪੋਰੇਟ ਘਰਾਣਿਆਂ ਦੇ ਹੱਥੀਂ ਚੜ੍ਹੀ ਸਰਕਾਰ ਦੇ ਨਾਂਹ-ਪੱਖੀ ਰਵੱਈਏ ‘ਤੇ ਡੂੰਘੀ ਚਿੰਤਾ ਪ੍ਰਗਟਾਈ ਅਤੇ ਇਸ ਦੇ ਨਾਲ-ਨਾਲ ਧਰਤੀ ਹੇਠਲੇ ਪਾਣੀ ਦੀ ਲੋੜ ਤੋਂ ਜ਼ਿਆਦਾ ਹੋ ਰਹੀ ਖਪਤ ਲਈ ਸਰਕਾਰ ਦੇ ਨਹਿਰੀ ਪਾਣੀ ਨਾ ਮੁਹੱਈਆ ਕਰਾਉਣ ਨੂੰ ਕਿਸਾਨੀ ਨੂੰ ਬਦਨਾਮ ਕਰਨ ਵਾਲੀ ਸਾਜ਼ਿਸ਼ ਦਾ ਹਿੱਸਾ ਦੱਸਿਆ। ਜ਼ਹਿਰੀਲੀ ਹੁੰਦਾ ਜਾ ਰਹੀ ਮਿੱਟੀ ਤੋਂ ਇਨਸਾਨੀ ਸਿਹਤ ‘ਤੇ ਪੈਂਦੇ ਅਤਿਅੰਤ ਬੁਰੇ ਪ੍ਰਭਾਵ ਨੂੰ ਉਭਾਰਦਿਆਂ ਉਨ੍ਹਾਂ ਨੇ ਵਾਤਾਵਰਨ ਦੀ ਸੰਭਾਲ ਲਈ ਜ਼ਿੰਮੇਵਾਰ ਸੰਸਥਾਵਾਂ ਨੂੰ ਵਧੇਰੇ ਸੰਵੇਦਨਸ਼ੀਲ ਲਈ ਹੋਣ ਲਈ ਤਕੀਦ ਕੀਤੀ। ਸਮਾਗਮ ਦੇ ਅੰਤ ਵਿੱਚ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਸਮਾਗਮ ਵਿੱਚ ਸ਼ਾਮਿਲ ਹੋਣ ਵਾਲੇ ਸਭ ਬੁਲਾਰਿਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੇ ਭੂਮਿਕਾ ਪ੍ਰੋ. ਗੋਪਾਲ ਬੁੱਟਰ ਨੇ ਅਦਾ ਕੀਤੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।