ਹਵਾਈ ਅੱਡਿਆਂ ਅੰਦਰ ਸਿੱਖਾਂ ’ਤੇ ਕਕਾਰਾਂ ਦੀ ਪਾਬੰਦੀ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਮਿਲੇਗਾ ਸ਼੍ਰੋਮਣੀ ਕਮੇਟੀ ਵਫ਼ਦ

ਪੰਜਾਬ

ਅੰਮ੍ਰਿਤਸਰ 12 ਨਵੰਬਰ- ਦੇਸ਼ ਕਲਿੱਕ ਬਿਓਰੋ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਲਾਨਾ ਚੋਣ ਮਗਰੋਂ ਅੱਜ ਹੋਈ ਅੰਤ੍ਰਿੰਗ ਕਮੇਟੀ ਦੀ ਪਲੇਠੀ ਇਕੱਤਰਤਾ ’ਚ ਦੇਸ਼ ਦੇ ਹਵਾਈ ਅੱਡਿਆਂ ਅੰਦਰ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਾਉਣ ਤੋਂ ਰੋਕਣ, ਕੈਨੇਡਾ ਘਟਨਾ ਮਾਮਲੇ ’ਚ ਸਿੱਖਾਂ ਖਿਲਾਫ਼ ਸਿਰਜੇ ਜਾ ਰਹੇ ਬਿਰਤਾਂਤ, ਪਾਕਿਸਤਾਨ ਦੂਤਾਵਾਸ ਵਜੋਂ ਸਿੱਖ ਸ਼ਰਧਾਲੂਆਂ ਦੇ ਵੱਡੀ ਗਿਣਤੀ ਵਿਚ ਵੀਜ਼ੇ ਕੱਟੇ ਜਾਣ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਬਣ ਰਹੀਆਂ ਵੋਟਾਂ ਸਮੇਤ ਹੋਰ ਪੰਥਕ ਮਾਮਲਿਆਂ ’ਤੇ ਅਹਿਮ ਮਤੇ ਪਾਸ ਕੀਤੇ ਗਏ।
ਇਕੱਤਰਤਾ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਭਾਰਤ ਅੰਦਰ ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਾ ਕੇ ਡਿਊਟੀ ਕਰਨ ਤੋਂ ਰੋਕਣਾ ਸਿੱਖਾਂ ਦੀ ਧਾਰਮਿਕ ਅਜ਼ਾਦੀ ’ਤੇ ਵੱਡਾ ਹਮਲਾ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤੀ ਸੰਵਿਧਾਨ ਦੀ ਵੀ ਉਲੰਘਣਾ ਹੈ, ਕਿਉਂਕਿ ਸਿੱਖਾਂ ਨੂੰ ਕਕਾਰਾਂ ਸਮੇਤ ਦੇਸ਼ ਅੰਦਰ ਹਵਾਈ ਸਫ਼ਰ ਕਰਨ ਅਤੇ ਆਪਣੀਆਂ ਧਾਰਮਿਕ ਮਾਨਤਾਵਾਂ ਨਿਭਾਉਣ ਦਾ ਪੂਰਾ ਅਧਿਕਾਰ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਬੇਹੱਦ ਗੰਭੀਰ ਮਾਮਲੇ ’ਤੇ ਹਰ ਪੱਧਰ ’ਤੇ ਅਵਾਜ਼ ਉਠਾਉਣ ਦੇ ਨਾਲ-ਨਾਲ  ਸਿੱਖਾਂ ਦੀ ਧਾਰਮਿਕ ਅਜ਼ਾਦੀ ਲਈ ਖੜ੍ਹਨ ਵਾਸਤੇ ਵਚਨਬੱਧ ਹੈ ਅਤੇ ਇਸ ਮਾਮਲੇ ਨੂੰ ਸਰਕਾਰ ਨਾਲ ਵਿਚਾਰਨ ਲਈ ਜਲਦ ਹੀ ਸ਼੍ਰੋਮਣੀ ਕਮੇਟੀ ਦਾ ਇੱਕ ਵਫ਼ਦ ਭੇਜਿਆ ਜਾਵੇਗਾ। ਇਸ ਵਫ਼ਦ ਵਿਚ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਲਿਆਣ, ਜਨਰਲ ਸਕੱਤਰ ਸ. ਸ਼ੇਰ ਸਿੰਘ ਮੰਡਵਾਲਾ, ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ, ਸਕੱਤਰ ਸ. ਪ੍ਰਤਾਪ ਸਿੰਘ ਅਤੇ ਮੀਤ ਸਕੱਤਰ ਸ. ਜਸਵਿੰਦਰ ਸਿੰਘ ਜੱਸੀ ਦੇ ਨਾਂ ਸ਼ਾਮਲ ਕੀਤੇ ਗਏ ਹਨ।
ਐਡਵੋਕੇਟ ਧਾਮੀ ਨੇ ਕਿਹਾ ਕਿ ਬੀਤੇ ਦਿਨੀਂ ਕੈਨੇਡਾ ਅੰਦਰ ਆਪਸੀ ਵਿਚਾਰਾਂ ਦੇ ਵਖਰੇਵੇਂ ਅਤੇ ਟਕਰਾਅ ਨੂੰ ਹਿੰਦੂ ਮੰਦਰ ਉੱਤੇ ਸਿੱਖਾਂ ਵੱਲੋਂ ਹਮਲਾ ਪ੍ਰਚਾਰ ਕੇ ਸਿੱਖਾਂ ਦੇ ਅਕਸ ਨੂੰ ਢਾਅ ਲਗਾਉਣ ਦੀ ਨੀਵੇਂ ਪੱਧਰ ਦੀ ਕੋਸ਼ਿਸ਼ ਦਾ ਨੋਟਿਸ ਲੈਂਦਿਆਂ ਅੰਤ੍ਰਿੰਗ ਕਮੇਟੀ ਵੱਲੋਂ ਨਿੰਦਾ ਮਤਾ ਪਾਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਸਭ ਧਰਮਾਂ ਦਾ ਸਤਿਕਾਰ ਕਰਦੀ ਹੈ ਅਤੇ ਕਦੇ ਵੀ ਕਿਸੇ ਦੇ ਧਾਰਮਿਕ ਅਸਥਾਨ ’ਤੇ ਹਮਲੇ ਬਾਰੇ ਸਿੱਖ ਸੋਚ ਨਹੀਂ ਸਕਦੇ। ਕੈਨੇਡਾ ’ਚ ਵਾਪਰੀ ਇਸ ਘਟਨਾ ਨੂੰ ਲੈ ਕੇ ਜਿਸ ਤਰ੍ਹਾਂ ਸਿੱਖਾਂ ਖਿਲਾਫ਼ ਨਫ਼ਰਤੀ ਪ੍ਰਚਾਰ ਕੀਤਾ ਗਿਆ, ਇਹ ਆਮ ਨਹੀਂ ਸਗੋਂ ਇਕ ਸੋਚੀ ਸਮਝੀ ਨੀਤੀ ਦਾ ਹੀ ਹਿੱਸਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਵਿਦੇਸ਼ਾਂ ਅੰਦਰ ਹੋਏ ਸਿੱਖਾਂ ਦੇ ਕਤਲਾਂ ਸਬੰਧੀ ਸਰਕਾਰਾਂ ’ਤੇ ਲੱਗ ਰਹੇ ਦੋਸ਼ ਸਵਾਲ ਪੈਦਾ ਕਰ ਰਹੇ ਹਨ, ਜਦਕਿ ਜਾਂਚ ਦੀ ਥਾਂ ਜਾਣਬੁਝ ਕੇ ਸਿੱਖਾਂ ਨੂੰ ਭੰਡਿਆ ਜਾ ਰਿਹਾ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨਾਂ ’ਤੇ ਜਾਣ ਵਾਲੇ ਸ਼ਰਧਾਲੂਆਂ ਦੇ ਵੱਡੀ ਗਿਣਤੀ ’ਚ ਵੀਜੇ ਕੱਟੇ ਜਾਣ ’ਤੇ ਵੀ ਇਤਰਾਜ਼ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਸ਼ਰਧਾਲੂਆਂ ਲਈ ਖੁੱਲ੍ਹੇ ਵੀਜ਼ਿਆਂ ਦੀ ਮੰਗ ਕਰਦੀ ਹੈ, ਪਰੰਤੂ ਸਰਕਾਰਾਂ ਨੇ ਸਿੱਖ ਸੰਸਥਾ ਨੂੰ ਪਹਿਲਾਂ ਮਿਲਦੇ ਵੀਜ਼ਿਆਂ ਵਿਚ ਵੀ ਵੱਡੀ ਕਟੌਤੀ ਕਰਕੇ ਸਿੱਖ ਭਾਵਨਾਵਾਂ ਨੂੰ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਅੱਗੇ ਤੋਂ ਇਹ ਮੁਸ਼ਕਲ ਨਾ ਆਵੇ, ਇਸ ਲਈ ਪਾਕਿਸਤਾਨ ਦੂਤਾਵਾਸ ਨਾਲ ਇਸ ਸਬੰਧੀ ਗੱਲਬਾਤ ਕਰਨ ਲਈ ਸ਼੍ਰੋਮਣੀ ਕਮੇਟੀ ਦਾ ਇਕ ਵਫ਼ਦ ਜਲਦ ਭੇਜਿਆ ਜਾਵੇਗਾ।
ਇਸ ਦੇ ਨਾਲ ਹੀ ਅੰਤ੍ਰਿੰਗ ਕਮੇਟੀ ਵੱਲੋਂ ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਨੂੰ ਵੀ ਅਪੀਲ ਕੀਤੀ ਗਈ ਕਿ ਸ਼੍ਰੋਮਣੀ ਕਮੇਟੀ ਦੀਆਂ ਬਣ ਰਹੀਆਂ ਵੋਟਰ ਸੂਚੀਆਂ ਦਾ ਮਸੌਦਾ ਪ੍ਰਕਾਸ਼ਤ ਕਰਨ ਸਮੇਂ ਇਹ ਯਕੀਨੀ ਬਣਾਇਆ ਜਾਵੇ ਕਿ ਨਿਯਮਾਂ ਅਤੇ ਸ਼ਰਤਾਂ ਦੇ ਵਿਰੁੱਧ ਕਿਸੇ ਵੀ ਆਯੋਗ ਵਿਅਕਤੀ ਦਾ ਨਾਂ ਵੋਟਰ ਸੂਚੀ ਵਿਚ ਪ੍ਰਕਾਸ਼ਤ ਨਾ ਹੋਵੇ। ਅੰਤ੍ਰਿੰਗ ਕਮੇਟੀ ’ਚ ਗੁਰਦੁਆਰਾ ਸਾਹਿਬਾਨ, ਟਰੱਸਟ ਤੇ ਐਜੂਕੇਸ਼ਨ ਨਾਲ ਸਬੰਧਤ ਮਾਮਲੇ ਵੀ ਵਿਚਾਰੇ ਗਏ। ਇਸੇ ਦੌਰਾਨ ਐਡਵੋਕੇਟ ਧਾਮੀ ਅਤੇ ਹੋਰ ਅਹੁਦੇਦਾਰਾਂ ਨੇ ਸਿੱਖ ਇਤਿਹਾਸ ਰੀਸਰਚ ਬੋਰਡ ਵੱਲੋਂ ਤਿਆਰ ਕੀਤੀ ਗਈ ਪੁਸਤਕ “ਸਿੱਖ ਸੰਘਰਸ਼ 1984 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭੂਮਿਕਾ” ਵੀ ਜਾਰੀ ਕੀਤੀ।
ਇਕੱਤਰਤਾ ’ਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨਾਲ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਲਿਆਣ, ਜਨਰਲ ਸਕੱਤਰ ਸ. ਸ਼ੇਰ ਸਿੰਘ ਮੰਡਵਾਲਾ, ਅੰਤ੍ਰਿੰਗ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ, ਸ. ਅਮਰੀਕ ਸਿੰਘ ਵਿਛੋਆ, ਸ. ਸੁਰਜੀਤ ਸਿੰਘ ਤੁਗਲਵਾਲ, ਸ. ਪਰਮਜੀਤ ਸਿੰਘ ਖ਼ਾਲਸਾ, ਸ. ਸੁਰਜੀਤ ਸਿੰਘ ਗੜ੍ਹੀ, ਸ. ਬਲਦੇਵ ਸਿੰਘ ਕਾਇਮਪੁਰ, ਸ. ਦਲਜੀਤ ਸਿੰਘ ਭਿੰਡਰ, ਸ. ਸੁਖਹਰਪ੍ਰੀਤ ਸਿੰਘ ਰੋਡੇ, ਸ. ਰਵਿੰਦਰ ਸਿੰਘ ਖ਼ਾਲਸਾ, ਸ. ਜਸਵੰਤ ਸਿੰਘ ਪੁੜੇਣ, ਸ. ਪਰਮਜੀਤ ਸਿੰਘ ਰਾਏਪੁਰ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ, ਓਐਸਡੀ ਸ. ਸਤਬੀਰ ਸਿੰਘ ਧਾਮੀ, ਸਕੱਤਰ ਸ. ਪ੍ਰਤਾਪ ਸਿੰਘ, ਸ. ਸੁਖਮਿੰਦਰ ਸਿੰਘ, ਸ. ਕੁਲਵਿੰਦਰ ਸਿੰਘ ਰਮਦਾਸ, ਸ. ਗੁਰਿੰਦਰ ਸਿੰਘ ਮਥਰੇਵਾਲ, ਸ. ਤੇਜਿੰਦਰ ਸਿੰਘ ਪੱਡਾ, ਨਿੱਜੀ ਸਕੱਤਰ ਸ. ਸ਼ਾਹਬਾਜ਼ ਸਿੰਘ, ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਮੀਤ ਸਕੱਤਰ ਸ. ਗੁਰਦਿਆਲ ਸਿੰਘ, ਸ. ਗੁਰਨਾਮ ਸਿੰਘ, ਸ. ਬਲਵਿੰਦਰ ਸਿੰਘ ਖੈਰਾਬਾਦ, ਸ. ਜਸਵਿੰਦਰ ਸਿੰਘ ਜੱਸੀ, ਸ. ਮਨਜੀਤ ਸਿੰਘ, ਸ. ਹਰਭਜਨ ਸਿੰਘ ਵਕਤਾ, ਸ. ਅਮਨਬੀਰ ਸਿੰਘ ਸਿਆਲੀ ਆਦਿ ਸ਼ਾਮਲ ਹਨ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।