ਮੋਰਿੰਡਾ: 12 ਨਵੰਬਰ, ਭਟੋਆ
ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਸ਼ਹਿਰ ਅਤੇ ਇਲਾਕੇ ਵਿੱਚ ਫੈਲੇ ਡੇਂਗੂ ਤੋਂ ਬਚਾਅ ਸਬੰਧੀ ਨਗਰ ਕੌਂਸਲ ਮੋਰਿੰਡਾ ਦੇ ਦਫਤਰ ਵਿੱਚ ਸਿਹਤ ਵਿਭਾਗ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਜਿਸ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਜਗਦੇਵ ਸਿੰਘ ਭਟੋਆ ਸਮੇਤ ਸ਼ਹਿਰ ਦੇ ਬਹੁ ਗਿਣਤੀ ਕੌਂਸਲਰ ਅਤੇ ਜਿਹੜਾ ਰੂਪਨਗਰ ਦੇ ਸਹਾਇਕ ਸਿਵਲ ਸਰਜਨ ਡਾਕਟਰ ਅੰਜੂ ਭਾਟੀਆ ਅਤੇ ਮੋਰਿੰਡਾ ਦੇ ਐਸਐਮਓ ਡਾਕਟਰ ਪਰਮਿੰਦਰ ਸਿੰਘ ਦੀ ਸਮੁੱਚੀ ਟੀਮ ਵੱਲੋਂ ਵੱਲੋਂ ਸ਼ਮੂਲੀਅਤ ਕੀਤੀ ਗਈ, ਇਸ ਮੀਟਿੰਗ ਵਿੱਚ ਹਾਜ਼ਰ ਸੀਵਰੇਜ ਤੇ ਜਲ ਸਪਲਾਈ ਵਿਭਾਗ ਦੇ ਐਸਡੀਓ ਸ੍ਰੀ ਤਰੁਨ ਗੁਪਤਾ ਵੱਲੋਂ ਸੀਵਰੇਜ ਦੇ ਚੱਲ ਰਹੇ ਕੰਮ ਅਤੇ ਸ਼ਹਿਰ ਵਿੱਚ ਦਿੱਤੇ ਗਏ ਸੀਵਰੇਜ ਕਨੈਕਸ਼ਨ ਸਬੰਧੀ ਜਾਣਕਾਰੀ ਦਿੱਤੀ ਗਈ ਜਦ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਡੇਂਗੂ ਦੇ ਬਚਾਅ ਲਈ ਕੀਤੇ ਜਾ ਰਹੇ ਬਚਾਅ ਕਾਰਜ ਅਤੇ ਇਸ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵਿਧਾਇਕ ਨੂੰ ਜਾਣੂ ਕਰਵਾਇਆ ਗਿਆ।
ਮੀਟਿੰਗ ਸਬੰਧੀ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚ ਚੱਲ ਰਹੇ ਡੇਂਗੂ ਦੀ ਰੋਕਥਾਮ ਸਬੰਧੀ ਅਤੇ ਡੇਂਗੂ ਤੋਂ ਬਚਾ ਲਈ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਡੇਂਗੂ ਵਿਰੁੱਧ ਜੰਗ ਮਹਿਮ ਤਹਿਤ ਚੱਲ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ ਗਿਆ ਜਿਸ ਦੌਰਾਨ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਸ੍ਰੀ ਚਮਕੌਰ ਸਾਹਿਬ ਵਿੱਚ ਡੇਂਗੂ ਦੇ 30 ਅਤੇ ਮੋਰਿੰਡਾ ਦੇ ਸਰਕਾਰੀ ਸਿਵਲ ਹਸਪਤਾਲ ਵਿੱਚ ਡੇਂਗੂ ਦੇ 20 ਕੇਸ ਆਏ ਹਨ ਜਿਹੜੇ ਕਿ ਰਿਕਵਰ ਹੋ ਰਹੇ ਹਨ। ਉਹਨਾਂ ਦੱਸਿਆ ਕਿ ਇਸ ਸੀਜ਼ਨ ਦੌਰਾਨ ਸਿਹਤ ਵਿਭਾਗ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਕੀਤੇ ਪ੍ਰਬੰਧਾਂ ਸਦਕਾ ਡੇਂਗੂ ਦੀ ਬਿਮਾਰੀ ਨਾਲ ਇਲਾਕੇ ਵਿੱਚੋਂ ਕਿਸੇ ਵੀ ਮਰੀਜ਼ ਦੀ ਮੌਤ ਹੋਣ ਦੀ ਕੋਈ ਖਬਰ ਨਹੀਂ ਹੈ । ਪ੍ਰੰਤੂ ਜਦੋਂ ਉਹਨਾਂ ਦਾ ਧਿਆਨ ਨਿੱਜੀ ਹਸਪਤਾਲਾਂ ਵਿੱਚ ਵੱਡੀ ਗਿਣਤੀ ਵਿੱਚ ਦਾਖਲ ਹੋ ਰਹੇ ਡੇਂਗੂ ਮਰੀਜ਼ਾਂ ਬਲ ਦਵਾਇਆ ਗਿਆ ਤਾਂ ਉਹਨਾਂ ਕਿਹਾ ਕਿ ਡੇਂਗੂ ਬੁਖਾਰ ਦੀ ਪੁਸ਼ਟੀ ਸਰਕਾਰੀ ਸਿਵਲ ਹਸਪਤਾਲ ਰੋਪੜ ਦੀ ਮਾਈਕਰੋਬੋਲੋਜੀ ਲੈਬੋਰਟਰੀ ਵਿੱਚ ਮਰੀਜ਼ ਦਾ ਖੂਨ ਚੈੱਕ ਕਰਨ ਉਪਰੰਤ ਸਹੀ ਪਾਈ ਜਾਂਦੀ ਹੈ ਜਦਕਿ ਨਿੱਜੀ ਹਸਪਤਾਲਾਂ ਦੇ ਪ੍ਰਬੰਧਕ ਆਪਣੇ ਪੱਧਰ ਤੇ ਮਰੀਜ਼ ਦਾ ਖੂਨ ਚੈੱਕ ਕਰਕੇ ਸੈੱਲ ਘਟਣ ਕਰਕੇ ਹੀ ਡੇਂਗੂ ਦਾ ਇਲਾਜ ਸ਼ੁਰੂ ਕਰ ਦਿੰਦੇ ਹਨ। ਉਹਨਾਂ ਸ੍ਰੀ ਚਮਕੌਰ ਸਾਹਿਬ ਹਲਕੇ ਦੇ ਸਾਰੇ ਸਰਕਾਰੀ ਗੈਰ ਸਰਕਾਰੀ ਅਤੇ ਰਜਿਸਟਰਡ ਅਤੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਮਰੀਜ਼ ਨੂੰ ਡੇਂਗੂ ਦਾ ਮਰੀਜ਼ ਘੋਸ਼ਿਤ ਕਰਨ ਤੋਂ ਪਹਿਲਾਂ ਉਸ ਦਾ ਖੂਨ ਸਰਕਾਰੀ ਹਸਪਤਲ ਰੋਪੜ ਦੀ ਲਲੈਬੋਰਟਰੀ ਵਿੱਚ ਜਰੂਰ ਚੈੱਕ ਕਰਾਇਆ ਜਾਵੇ। ਉਹਨਾਂ ਦੱਸਿਆ ਕਿ ਮੀਟਿੰਗ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਲੋਕਾਂ ਨੂੰ ਆਪਣੇ ਆਲੇ ਦੁਆਲੇ ਪਾਣੀ ਜਮਾਂ ਨਾ ਹੋਣ ਸਬੰਧੀ ਜਾਗਰੂਕ ਕਰਨ, ਕਿਉਂਕਿ ਡੇਂਗੂ ਦਾ ਲਾਰਵਾ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ ਇਸ ਲਈ ਹਰੇਕ ਵਿਅਕਤੀ ਨੂੰ ਆਪਣੇ ਘਰ ਅਤੇ ਆਲੇ ਦੁਆਲੇ ਪਾਣੀ ਜਮਾਂ ਹੋਣ ਤੋਂ ਰੋਕਣਾ ਚਾਹੀਦਾ ਹੈ ਤਾਂ ਜੋ ਡੇਂਗੂ ਦੀ ਬਿਮਾਰੀ ਤੋਂ ਬਚਿਆ ਜਾ ਸਕੇ। ਉਹਨਾਂ ਦੱਸਿਆ ਕਿ ਇਸ ਸਾਲ ਡੇਂਗੂ ਦੇ ਕੇਸ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਘੱਟ ਆਏ ਹਨ ਜਿਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਇਲਾਕੇ ਦੇ ਲੋਕ ਡੇਂਗੂ ਬੁਖਾਰ ਦੀ ਰੋਕਥਾਮ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਪ੍ਰਤੀ ਜਾਗਰੂਕ ਹਨ। ਉਹਨਾਂ ਦੱਸਿਆ ਕਿ ਪਿੰਡ ਅਮਰਾਲੀ ਤੋਂ ਡੇਂਗੂ ਦਾ ਇੱਕ ਕੇਸ ਸਾਹਮਣੇ ਆਇਆ ਸੀ ਜਿਸ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਇੱਕ ਸਪੈਸ਼ਲ ਟੀਮ ਬਣਾਈ ਗਈ ਹੈ ਜਿਹੜੀ ਕਿ ਪਿੰਡ ਅਮਰਾਲੀ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਇਸ ਸਬੰਧੀ ਸਰਵੇ ਕਰੇਗੀ ਅਤੇ ਲੋਕਾਂ ਨੂੰ ਡੇਂਗੂ ਦੀ ਰੋਕਥਾਮ ਲਈ ਜਾਗਰੂਕ ਕਰੇਗੀ। ਇਸ ਮੌਕੇ ਤੇ ਪੱਤਰਕਾਰਾਂ ਵੱਲੋਂ ਸ਼ਹਿਰ ਦੀ ਸਫਾਈ ਵਿਵਸਥਾ ਸਬੰਧੀ ਉਠਾਏ ਸਵਾਲਾਂ ਦਾ ਜਵਾਬ ਦਿੰਦਿਆਂ ਵਿਧਾਇਕ ਨੇ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਨੂੰ ਸ਼ਹਿਰ ਦੀ ਸਫਾਈ ਨੂੰ ਪਹਿਲ ਦੇਣ ਦੀ ਹਦਾਇਤ ਕੀਤੀ ਤਾਂ ਜੋ ਸ਼ਹਿਰ ਵਾਸੀਆਂ ਨੂੰ ਸਾਫ ਸੁਥਰਾ ਵਾਤਾਵਰਨ ਮੁਹਈਆ ਕਰਵਾਇਆ ਜਾ ਸਕੇ। ਪੁਰਾਣੀ ਬਸੀ ਪਠਾਣਾ ਰੋਡ ਅਤੇ ਸ਼ਹਿਰ ਦੇ ਹੋਰ ਕਈ ਵਾਰਡਾਂ ਵਿੱਚ ਸੀਵਰੇਜ ਦਾ ਗੰਦਾ ਪਾਣੀ ਓਵਰਫਲੋ ਹੋ ਕੇ ਫੈਲਣ ਤੂੰ ਰੋਕਣ ਸਬੰਧੀ ਪੁੱਛਿਆ ਇਕ ਸਵਾਲ ਦੇ ਜਵਾਬ ਵਿੱਚ ਡਾਕਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਸੜਕ ਤੇ ਜਮਾ ਹੁੰਦਾ ਗੰਦੇ ਪਾਣੀ ਦੀ ਰੋਕਥਾਮ ਲਈ ਕਰਵਾਏ ਜਾਣ ਵਾਲੇ ਕੰਮ ਲਈ ਟੈਂਡਰ ਹੋ ਚੁੱਕੇ ਹਨ ਬੜੀ ਜਲਦੀ ਕੰਮ ਸ਼ੁਰੂ ਕਰਕੇ ਲੋਕਾਂ ਨੂੰ ਇਸ ਸਮੱਸਿਆ ਤੋਂ ਰਾਹਤ ਦਿੱਤੀ ਜਾਵੇਗੀ ।
ਇਸ ਮੌਕੇ ਤੇ ਗੱਲ ਕਰਦਿਆਂ ਸਹਾਇਕ ਸਿਵਲ ਸਰਜਨ ਡਾਕਟਰ ਅੰਜੂ ਭਾਟੀਆ ਨੇ ਦੱਸਿਆ ਕਿ ਇਸ ਸਮੇਂ ਜਦੋਂ ਪੰਜਾਬ ਭਰ ਵਿੱਚ ਡੇਂਗੂ ਦੇ ਕੇਸਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ, ਤਾਂ ਉਸ ਸਮੇਂ ਰੋਪੜ ਜਿਲੇ ਵਿੱਚ ਡੇਂਗੂ ਦੇ 182 ਕੇਸ ਸਾਹਮਣੇ ਆਏ ਹਨ, ਜਿਹੜੇ ਕਿ ਰਿਕਵਰ ਹੋ ਰਹੇ ਹਨ। ਉਹਨਾਂ ਦੱਸਿਆ ਕਿ ਕੋਈ ਵੀ ਮਰੀਜ਼ ਸੈਲ ਘਟਣ ਕਾਰਨ ਆਪਣੇ ਆਪ ਨੂੰ ਡੇਂਗੂ ਤੋਂ ਪੀੜਤ ਨਾ ਸਮਝੇ। ਸਗੋਂ ਇਸ ਲਈ ਸਰਕਾਰੀ ਸਿਵਲ ਹਸਪਤਾਲ ਰੋਪੜ ਦੀ ਲੈਬੋਰਟਰੀ ਤੋਂ ਜਾਂਚ ਜਰੂਰ ਕਰਵਾਈ ਜਾਵੇ ।ਇਸੇ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਗਰ ਕੌਂਸਲ ਦੇ ਅਹਾਤੇ ਅੰਦਰ ਕਾਰਜ ਸਾਧਕ ਅਫਸਰ ਦੇ ਦਫਤਰ ਅੱਗੇ ਬਣੇ ਪਾਰਕ ਵਿਚ ਜਮਾ ਪਾਣੀ ਵਿੱਚੋ ਡੇਂਗੂ ਦਾ ਲਾਰਵਾ ਮਿਲਣ ਦੀ ਪੁਸ਼ਟੀ ਵੀ ਡਾਕਟਰ ਅੰਜੂ ਭਾਟੀਆ ਵੱਲੋਂ ਕੀਤੀ ਗਈ । ਇਸ ਮੌਕੇ ਤੇ ਹਾਜ਼ਰ ਲੋਕਾਂ ਵੱਲੋਂ ਕਿਹਾ ਗਿਆ ਕਿ ਜਿਸ ਦਫਤਰ ਵਿੱਚ ਡੇਂਗੂ ਦੀ ਰੋਕਥਾਮ ਲਈ ਮੀਟਿੰਗ ਕੀਤੀ ਗਈ ਹੈ ਉਸ ਦੇ ਅਹਾਤੇ ਵਿੱਚ ਖੜੇ ਪਾਣੀ ਵਿੱਚੋਂ ਡੇਂਗੂ ਦਾ ਲਾਰਵਾ ਮਿਲਣ ਨਾਲ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਡੇਂਗੂ ਦੀ ਰੋਕਥਾਮ ਲਈ ਸ਼ਹਿਰ ਵਿੱਚ ਕੀਤੇ ਜਾਂਦੇ ਉਪਰਾਲਿਆਂ ਦੀ ਪੋਲ ਖੁੱਲ ਗਈ ਹੈ।
ਮੀਟਿੰਗ ਵਿੱਚ ਹੋਰਨਾਂ ਤੋਂ ਬਿਨਾਂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਪਰਵਿੰਦਰ ਸਿੰਘ ਭੱਟੀ, ਐਸਐਮਓ ਪਰਮਿੰਦਰਜੀਤ ਸਿੰਘ ਐਸਆਈ ਰਾਮ ਸਵਰਨ ਸਿੰਘ ਹਰਦੀਪ ਸਿੰਘ, ਜਗਤਾਰ ਸਿੰਘ ਘੜੂੰਆਂ ਰਾਜਨੀਤਿਕ ਸਕੱਤਰ ,ਨਵਦੀਪ ਸਿੰਘ ਟੋਨੀ ਜਿਲਾ ਪ੍ਰਧਾਨ ਐਸਸੀ ਵਿੰਗ, ਰਜਿੰਦਰ ਸਿੰਘ ਚੱਕਲਾ ਜੁਆਇੰਟ ਸਕੱਤਰ, ਬੀਬੀ ਅਮ੍ਰਿਤਪਾਲ ਕੌਰ ਨਾਗਰਾ, ਕੌਂਸਲਰ ਰਾਜਪ੍ਰੀਤ ਸਿੰਘ ਰਾਜੀ ਸੰਗਤ ਸਿੰਘ ਭਾਮੀਆ ਬਰਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਨਗਰ ਕੌਂਸਲ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਹਾਜ਼ਰ ਸਨ।
Published on: ਨਵੰਬਰ 12, 2024 7:43 ਬਾਃ ਦੁਃ