ਅੰਮ੍ਰਿਤਸਰ, 12 ਨਵੰਬਰ, ਦੇਸ਼ ਕਲਿਕ ਬਿਊਰੋ :
ਪੰਜਾਬ ‘ਚ ਧੁੰਦ ਕਾਰਨ ਵਿਜ਼ੀਬਿਲਟੀ ਘੱਟ ਹੋਣ ਕਾਰਨ ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਫਲਾਈਟ ਨੂੰ ਲੁਧਿਆਣਾ ਦੀ ਬਜਾਏ ਅੰਮ੍ਰਿਤਸਰ ਏਅਰਪੋਰਟ ‘ਤੇ ਲੈਂਡ ਕਰਵਾਉਣਾ ਪਿਆ। ਅੱਜ ਉਨ੍ਹਾਂ ਦਾ ਪ੍ਰੋਗਰਾਮ ਲੁਧਿਆਣਾ ਵਿੱਚ ਸੀ, ਪਰ ਮੌਸਮ ਖ਼ਰਾਬ ਹੋਣ ਕਾਰਨ ਉਪ ਰਾਸ਼ਟਰਪਤੀ ਲੁਧਿਆਣਾ ਨਹੀਂ ਪਹੁੰਚ ਸਕੇ। ਜਿਸ ਤੋਂ ਬਾਅਦ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ।
ਅੱਜ ਮੰਗਲਵਾਰ ਦੁਪਹਿਰ ਅਚਾਨਕ ਉਪ ਰਾਸ਼ਟਰਪਤੀ ਧਨਖੜ ਦੇ ਜਹਾਜ਼ ਨੂੰ ਅੰਮ੍ਰਿਤਸਰ ‘ਚ ਉਤਾਰਨਾ ਪਿਆ। ਇਹ ਜਾਣਕਾਰੀ ਹਵਾਈ ਅੱਡੇ ‘ਤੇ ਉਤਰਨ ਤੋਂ ਪਹਿਲਾਂ ਅੰਮ੍ਰਿਤਸਰ ਦੇ ਡੀਸੀ ਦਫ਼ਤਰ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਡੀਸੀ ਅੰਮ੍ਰਿਤਸਰ ਸਾਕਸ਼ੀ ਸਾਹਨੀ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਸਿੱਧੇ ਹਵਾਈ ਅੱਡੇ ਲਈ ਰਵਾਨਾ ਹੋ ਗਏ।
ਵੀਆਈਪੀ ਮੂਵਮੈਂਟ ਕਾਰਨ ਰਨਵੇ ਨੂੰ ਖਾਲੀ ਕਰਵਾ ਕੇ ਉਨ੍ਹਾਂ ਦੇ ਜਹਾਜ਼ ਨੂੰ ਅੰਮ੍ਰਿਤਸਰ ਵਿੱਚ ਉਤਾਰਿਆ ਗਿਆ।ਉਪ ਰਾਸ਼ਟਰਪਤੀ ਨੇ ਅਧਿਕਾਰੀਆਂ ਨਾਲ ਰਸਮੀ ਮੀਟਿੰਗ ਕੀਤੀ। ਇਸ ਦੌਰਾਨ ਜਹਾਜ਼ ‘ਚ ਇੱਥੇ ਈਂਧਨ ਭਰਿਆ ਗਿਆ, ਜਿਸ ਤੋਂ ਬਾਅਦ ਜਹਾਜ਼ ਦੁਬਾਰਾ ਇੰਦੌਰ ਲਈ ਰਵਾਨਾ ਹੋਇਆ।