ਲੁਧਿਆਣਾ, 13 ਨਵੰਬਰ, ਦੇਸ਼ ਕਲਿਕ ਬਿਊਰੋ :
ਪੰਜਾਬ ‘ਚ ਨਸ਼ੇੜੀ ਨੌਜਵਾਨ ਨੇ ਆਪਣੇ ਹੀ ਘਰ ਨੂੰ ਅੱਗ ਲਗਾ ਦਿੱਤੀ।ਮੁਲਜ਼ਮ ਨੌਜਵਾਨ ਆਪਣੀ ਮਾਂ ਤੋਂ ਨਸ਼ੀਲਾ ਪਦਾਰਥ (ਚਿੱਟਾ) ਖਰੀਦਣ ਲਈ ਪੈਸੇ ਮੰਗ ਰਿਹਾ ਸੀ। ਮਾਂ ਨੇ ਪੈਸੇ ਨਾ ਦਿੱਤੇ ਤਾਂ ਨੌਜਵਾਨ ਨੇ ਘਰ ਨੂੰ ਅੱਗ ਲਗਾ ਦਿੱਤੀ। ਘਰ ਨੂੰ ਅੱਗ ਲਾਉਣ ਤੋਂ ਬਾਅਦ ਨੌਜਵਾਨ ਵੀ ਅੰਦਰ ਬੈਠ ਗਿਆ ਅਤੇ ਖੁਦਕੁਸ਼ੀ ਕਰਨ ਦੀਆਂ ਧਮਕੀਆਂ ਦੇਣ ਲੱਗਾ। ਲੋਕਾਂ ਨੇ ਮੁਸ਼ਕਲ ਨਾਲ ਮੁਲਜ਼ਮ ਨੌਜਵਾਨ ਦੀ ਮਾਂ ਨੂੰ ਬਾਹਰ ਕੱਢਿਆ।
ਇਹ ਘਟਨਾ ਲੁਧਿਆਣਾ ਦੇ ਹਲਵਾਰਾ ਦੀ ਹੈ। ਅੱਗ ਲੱਗਣ ਕਾਰਨ ਘਰ ਵਿੱਚ ਪਿਆ ਫਰਿੱਜ, ਏ.ਸੀ., ਐਲ.ਈ.ਡੀ ਅਤੇ ਹੋਰ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ।
ਹਲਵਾਰਾ ਦੇ ਪਿੰਡ ਅਕਾਲਗੜ੍ਹ ਕਲਾਂ ‘ਚ ਨਸ਼ਾ ਖਰੀਦਣ ਲਈ ਪੈਸੇ ਨਾ ਮਿਲਣ ਕਾਰਨ ਨੌਜਵਾਨ ਨੇ ਆਪਣੇ ਘਰ ਨੂੰ ਅੱਗ ਲਗਾ ਦਿੱਤੀ। ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋਇਆ ਹੈ। ਇੰਡੀਅਨ ਏਅਰ ਫੋਰਸ ਸੈਂਟਰ ਹਲਵਾਰਾ ਅਤੇ ਮੁੱਲਾਂਪੁਰ ਦਾਖਾ ਤੋਂ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਅੱਗ ਬੁਝਾਉਣ ਲਈ ਮੌਕੇ ‘ਤੇ ਪਹੁੰਚ ਗਈਆਂ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਇਸ ਦੌਰਾਨ ਮੁਲਜ਼ਮ ਨੂੰ ਸੁਧਾਰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
Published on: ਨਵੰਬਰ 13, 2024 12:23 ਬਾਃ ਦੁਃ