ਤਰਨਤਾਰਨ, 13 ਨਵੰਬਰ, ਦੇਸ਼ ਕਲਿਕ ਬਿਊਰੋ :
ਤਰਨਤਾਰਨ ‘ਚ ਇਕ ਨੌਜਵਾਨ ਨੂੰ ਜ਼ਮੀਨ ‘ਤੇ ਸੁੱਟ ਕੇ ਕੁੱਟਮਾਰ ਕਰਨ ਦੇ ਦੋਸ਼ ‘ਚ ਦੋ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦਰਅਸਲ, ਦੋਨੋਂ ਮੁਅੱਤਲ ਕੀਤੇ ਪੁਲਿਸ ਮੁਲਾਜ਼ਮਾਂ ਨੇ ਤਰਨਤਾਰਨ ਇਲਾਕੇ ‘ਚ ਸੋਸ਼ਲ ਮੀਡੀਆ ‘ਤੇ ਮੁੱਖ ਮੰਤਰੀ ਵਜੋਂ ਮਸ਼ਹੂਰ ਹੋਏ ਧਰਮਪ੍ਰੀਤ ਸਿੰਘ ਨਾਲ ਕੁੱਟਮਾਰ ਕੀਤੀ ਸੀ। ਲੜਾਈ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ।
ਖਡੂਰ ਸਾਹਿਬ ਦੇ ਪਿੰਡ ਦੀਨੇਵਾਲ ਦੇ ਵਸਨੀਕ ਧਰਮਪ੍ਰੀਤ ਸਿੰਘ ਉਰਫ ਮੁੱਖ ਮੰਤਰੀ ਨੇ ਦੱਸਿਆ ਕਿ ਉਹ ਘਰੋਂ ਦੁੱਧ ਲੈਣ ਗਿਆ ਸੀ ਤਾਂ ਗੁਆਂਢੀ ਦੇ ਕੁੱਤੇ ਨੇ ਉਸ ਨੂੰ ਕੱਟਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਹ ਤਲਵਾਰ ਲੈ ਕੇ ਕੁੱਤੇ ਦੇ ਪਿੱਛੇ ਭੱਜਿਆ, ਜਿਸ ਕਾਰਨ ਉਸ ਦੀ ਗੁਆਂਢੀਆਂ ਨਾਲ ਲੜਾਈ ਹੋ ਗਈ।
ਬਾਅਦ ਵਿੱਚ ਪਿੰਡ ਵਾਸੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਸ ਨੇ ਪਿੰਡ ਪਹੁੰਚ ਕੇ ਉਸ ਨੂੰ ਰੋਕ ਲਿਆ ਪਰ ਉਹ ਗੁੱਸੇ ‘ਚ ਸੀ ਅਤੇ ਇਸ ਗੱਲ ਨੂੰ ਲੈ ਕੇ ਪੁਲਸ ਨਾਲ ਬਹਿਸ ਹੋ ਗਈ। ਬਾਅਦ ‘ਚ ਪੁਲਸ ਨੇ ਉਸ ਦੀ ਕੁੱਟਮਾਰ ਕੀਤੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ।