ਬਲਵਿੰਦਰ ਬਾਲਮ ਗੁਰਦਾਸਪੁਰ
ਇਕ ਸੁੰਦਰ ਸੰਸਾਰ ਬਣਾਇਆ ਸੀ ਗੁਰੂ ਨਾਨਕ ਨੇ।
ਅੰਧ ਵਿਸ਼ਵਾਸਾਂ ਨੂੰ ਸਮਝਾਇਆ ਸੀ ਗੁਰੂ ਨਾਨਕ ਨੇ।
ਮਾਤਾ ਤ੍ਰਿਪਤਾ ਦੇ ਘਰ ਜਨਮੇ ਮਹਿਤਾ ਕਾਲੂ ਜੀ ਦੇ ਜਾਏ।
ਰਾਇ ਭੋਇ ਤਲਵੰਡੀ ਅੰਦਰ ਇਕ ਜੋਤੀ ਲੈ ਕੇ ਆਏ।
ਕਿਰਸਾਨੀ ਤੇ ਲੇਖਣ ਨੂੰ ਮਾਨਵਤਾ ਦੇ ਵਿਚ ਪਰੋਇਆ।
ਵਿਸ਼ਵ ਜਗਤ ਦੀ ਵਾਸਤਵਿਕਤਾ ਦੇ ਵਿਚ ਚਾਨਣ ਹੋਇਆ।
ਬੀਬੀ ਸੁਲੱਖਣੀ ਦੇ ਨਾਲ ਸ਼ਾਦੀ ਦੇ ਬੰਧਨ ਵਿਚ ਬੱਝੇ।
ਲਖਮੀ ਚੰਦ ਤੇ ਸ੍ਰੀ ਚੰਦ ਜੀ, ਦੋ ਇਹਨ੍ਹਾਂ ਦੇ ਉੱਦਮੀ ਬੱਚੇ।
ਬੀਬੀ ਨਾਨਕੀ ਅਪਣੀ ਭੈਣ ਦਾ ਢਾਡਾ ਪਿਆਰ ਸੀ ਪਾਇਆ।
ਏਸ ਪਵਿੱਤਰ ਰਿਸ਼ਤੇ ਦਾ ਸੀ ਇਕ ਇਤਿਹਾਸ ਬਣਾਇਆ।
ਬਾਬਾ ਨਾਨਕ ਨੇ ੴ ਦਾ ਐਸਾ ਇਕ ਪ੍ਰਤੀਕ ਬਣਾਇਆ।
ਇਸ ਦੇ ਬਦਲੇ ਅਜਤਕ ਕੋਈ ਦੂਜਾ ਨਾਂਅ ਨਈਂ ਆਇਆ।
ਕਵਿਤਾ ਵਿਚ ਪ੍ਰਤੀਕਾਂ ਬਿੰਬਾਂ ਤਸ਼ਬੀਹਾਂ ਦੇ ਸੂਰਜ।
ਇੰਨਸਾਨੀ ਕਦਰਾਂ ਕੀਮਤਾਂ ਦੀ ਜਿਸ ਵਿਚ ਹੈ ਇਕ ਸੂਰਤ।
ਆਗਾਮੀ ਪੀੜੀਆਂ ਦੇ ਲਈ ਬਾਣੀ ਹੈ ਇਕ ਚੜ੍ਹਦਾ ਸੂਰਜ।
ਮਾਨਵ-ਆਜ਼ਾਦੀ ਦਾ ਅਦੁਭੁਤ ਨੇਰੇ ਵਿਚ ਨਾ ਖੜ੍ਹਦਾ ਸੂਰਜ।
ਮੀਲ ਹਜ਼ਾਰਾਂ ਪੈਦਲ ਚੱਲ ਕੇ ਚਿੰਤਨ ਨੂੰ ਰੁਸ਼ਨਾਇਆ।
ਸਾਮਾਜਿਕ ਇੰਨਸਾਫ਼ ਲਈ ਖ਼ੁਦ ਨੂੰ ਕਸ਼ਟਾਂ ਦੇ ਵਿਚ ਪਾਇਆ
ਦੰਪਤੀ ਜੀਵਨ ਦੀ ਕੀਤੀ ਹੈ ਬਾਣੀ ਵਿਚ ਵੱਡਿਆਈ।
ਦੈਹਿਕ-ਭੌਤਿਕ ਸੁੱਖਾਂ ਦੀ ਵੀ ਕੀਤੀ ਰਾਹਨੁਮਾਈ।
ਬਾਲਾ ਤੇ ਮਰਦਾਨਾ ਦੋਵੇਂ ਸੱਚੇ ਮਿੱਤਰ ਨਾਲ ਰਹੇ।
ਕੀਰਤਨ ਦੀ ਮਰਿਆਦਾ ਅੰਦਰ ਬਣ ਕੇ ਸੱਚੀ ਢਾਲ ਰਹੇ।
ਦੇਸ਼ ਵਿਦੇਸ਼ਾਂ ਦੀ ਮਾਨਵਤਾ ਨੂੰ ਸਿੱਧੇ ਰਾਹੇ ਪਾਇਆ।
ਰੂਪ ਵਿਧਾਨਾਂ ਵਾਲੀ ਕਵਿਤਾ ਦੇ ਵਿਚ ਜਗਤ ਸਜਾਇਆ।
ਜਾਗਰਣ ਪ੍ਰੇਰਣਾ, ਸੰਘਰਸ਼, ਕਰਤੱਵ, ਵਿਚਾਰਕ ਚਿੰਤਨ ਸ਼ਕਤੀ।
ਇਨਾ ਤੱਤਾਂ ਦੇ ਵਿਚ ਭਰ ਤੀ ਸਾਰੀ ਸਮਤੀ ਭਗਤੀ।
ਅੰਤ ਸਮੇਂ ਵਿਚ ਮਿਹਨਤ ਕਰਕੇ ਖੇਤੀ ਨੂੰ ਅਪਣਾਇਆ।
ਤਾਂ ਫਿਰ ‘ਬਾਲਮ’ ਬਾਬਾ ਨਾਨਕ, ਨਾਨਕ ਸੀ ਕਹਿਲਾਇਆ।
ਕਰਤਾਰਪੁਰੇ ਵਿਚ 69 ਸਾਲੀਂ ਜੋਤੀ ਜੋਤ ਸਮਾਏ।
ਸਭ ਧਰਮਾਂ ਦੇ ਰਹਿਬਰ ਬਣ ਕੇ ਇਕ ਇੰਨਸਾਨ ਕਹਾਏ।
Published on: ਨਵੰਬਰ 15, 2024 8:44 ਪੂਃ ਦੁਃ