ਮੋਹਾਲੀ, 15 ਨਵੰਬਰ, 2024:ਦੇਸ਼ ਕਲਿੱਕ ਬਿਓਰੋ
ਮੋਹਾਲੀ ਦੇ ਫੇਜ਼ 6 ਸਥਿਤ ਸ਼ੂਟਿੰਗ ਰੇਂਜ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜ਼ਨ-3 ਤਹਿਤ ਚੱਲ ਰਹੇ ਸ਼ੂਟਿੰਗ ਮੁਕਾਬਲੇ ਵਿੱਚ ਨਿਸ਼ਾਨੇਬਾਜ ਖਿਡਾਰੀ ਪੂਰੇ ਜੋਸ਼ ਨਾਲ ਭਾਗ ਲੈ ਰਹੇ ਹਨ ਅਤੇ ਇੱਕ ਤੋਂ ਇੱਕ ਵੱਧ ਕੇ ਨਿਸ਼ਾਨੇ ਲਗਾ ਰਹੇ ਹਨ।
ਜ਼ਿਕਰਯੋਗ ਹੈ ਕਿ ਇਨ੍ਹਾਂ ਖੇਡਾਂ ਦਾ ਰਸਮੀ ਉਦਘਾਟਨ ਖਰੜ ਤੋਂ ਐਮ ਐਲ ਏ ਅਨਮੋਲ ਗਗਨ ਮਾਨ ਨੇ 13 ਨਵੰਬਰ ਨੂੰ ਕੀਤਾ ਸੀ।
ਵਧੇਰੇ ਜਾਣਕਾਰੀ ਦਿੰਦਿਆ ਜਿਲ੍ਹਾ ਖੇਡ ਅਫਸਰ ਸ਼੍ਰੀ ਰੁਪੇਸ਼ ਕੁਮਾਰ ਬੇਗੜਾ ਨੇ ਦੱਸਿਆ ਕਿ ਇਨ੍ਹਾਂ ਸ਼ੂਟਿੰਗ ਮੁਕਾਬਲਿਆਂ ਵਿੱਚ ਪੰਜਾਬ ਭਰ ਤੋਂ ਵੱਖ-ਵੱਖ ਜਿਲਿਆਂ ਤੋਂ ਖਿਡਾਰੀ ਭਾਗ ਲੈ ਰਹੇ ਹਨ। ਕ੍ਰਮਵਾਰ 10 ਮੀਟਰ, 25 ਮੀਟਰ ਅਤੇ 50 ਮੀਟਰ ਵਿੱਚ ਸੂਬੇ ਭਰ ਤੋਂ ਆਏ ਬੱਚਿਆਂ ਦਾ ਜੋਸ਼ ਦੇਖਦਿਆਂ ਹੀ ਬਣਦਾ ਹੈ।
ਉਨ੍ਹਾਂ ਕਿਹਾ ਜਿਲ੍ਹਾ ਖੇਡ ਦਫਤਰ ਮੋਹਾਲੀ ਵੱਲੋਂ ਇਨ੍ਹਾਂ ਖਿਡਾਰੀਆਂ ਲਈ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਬੱਚਿਆਂ ਨੂੰ ਕਿਸੇ ਕਿਸਮ ਦੀ ਦਿੱਕਤ ਜਾਂ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਅੱਗੇ ਦੱਸਿਆ ਕਿ ਪ੍ਰਾਂਜਲੀ ਬਾਂਸਲ 50 ਮੀਟਰ ਮੁਕਾਬਲਿਆਂ ਵਿੱਚ ਸਭ ਤੋਂ ਵੱਧ ਅੰਕ ਲੈ ਕੇ ਅੱਗੇ ਚੱਲ ਰਹੀ ਹੈ। 25 ਮੀਟਰ ਵਿੱਚ ਜੈ ਦੀਪ , 10 ਮੀਟਰ ਵਿੱਚ ਮਹਿਕ ਜਟਾਣਾ ਅਤੇ ਓਜਸ਼ਵੀ ਠਾਕੁਰ ਕ੍ਰਮਵਾਰ ਅੱਗੇ ਚੱਲ ਰਹੇ ਹਨ।
ਇਸ ਮੌਕੇ ਉਨ੍ਹਾਂ ਨਾਲ ਸ਼ੂਟਿੰਗ ਕੋਚ ਸੁਪਰੀਤ ਸਿੰਘ ਧਾਲੀਵਾਲ, ਕਨਵੀਨਰ ਗੁਰਜੀਤ ਸਿੰਘ ਅਤੇ ਖੇਡ ਵਿਭਾਗ ਮੋਹਾਲੀ ਦੇ ਅਧਿਕਾਰੀ ਅਤੇ ਹੋਰ ਪਤਵੰਤੇ ਸੱਜਣ ਹਾਜਰ ਰਹੇ।
Published on: ਨਵੰਬਰ 15, 2024 7:35 ਬਾਃ ਦੁਃ