ਹੁਣ ਤੱਕ ਜ਼ਿਲ੍ਹੇ ਵਿੱਚ 4650 ਮੀਟਰਿਕ ਟਨ ਫਾਸਫ਼ੇਟਿਕ ਖਾਦਾਂ ਦੀ ਕੀਤੀ ਜਾ ਚੁੱਕੀ ਹੈ ਪੂਰਤੀ
ਮੋਹਾਲੀ, 16 ਨਵੰਬਰ, 2024: ਦੇਸ਼ ਕਲਿੱਕ ਬਿਓਰੋ
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲੇ ਨੂੰ ਕੱਲ੍ਹ ਇੱਕ ਹਜਾਰ ਮੀਟਰਿਕ ਟਨ ਡੀ ਏ ਪੀ ਖਾਦ ਦਾ ਕੋਟਾ ਪ੍ਰਾਪਤ ਹੋਵੇਗਾ, ਜਿਸ ਨਾਲ ਜ਼ਿਲ੍ਹੇ ਦੇ ਕਿਸਾਨਾਂ ਨੂੰ ਡੀ ਏ ਪੀ ਦੀ ਪੂਰਤੀ ਕਰਨ ਵਿੱਚ ਵੱਡਾ ਲਾਭ ਮਿਲੇਗਾ।
ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਫਾਸਫੇਟਿਕ ਖਾਦਾਂ ਦਾ ਕੁਲ ਕੋਟਾ 7763 ਮੀਟਰਿਕ ਟਨ ਲੋੜੀਂਦਾ ਹੈ, ਜਿਸ ਵਿੱਚੋਂ ਹੁਣ ਤੱਕ 4650 ਮੀਟਰਿਕ ਟਨ ਦੀ ਸਪਲਾਈ ਹੋ ਚੁੱਕੀ ਹੈ।
ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕਣਕ ਥੱਲੇ 56600 ਹੈਕਟੇਅਰ ਅਤੇ ਆਲੂ ਥੱਲੇ 1800 ਹੈਕਟੇਅਰ ਰਕਬਾ ਅਨੁਮਾਨਿਆ ਗਿਆ ਹੈ, ਜਿਸ ਲਈ ਫਾਸਫੇਟਿਕ ਖਾਦਾਂ ਦੀ ਕੁੱਲ ਮੰਗ 7353 ਮੀਟਰਿਕ ਟਨ ਅਨੁਮਾਨੀ ਗਈ ਹੈ। ਉਹਨਾਂ ਦੱਸਿਆ ਕਿ ਕੱਲ੍ਹ ਰੋਪੜ ਵਿਖੇ ਇੰਡੀਅਨ ਪੋਟਾਸ਼ ਲਿਮਿਟਡ ਦੇ ਲੱਗਣ ਵਾਲੇ ਰੈਕ ਵਿੱਚੋ ਕਰੀਬ ਇੱਕ ਹਜਾਰ ਮੀਟਰਿਕ ਟਨ ਡੀ ਏ ਪੀ ਖਾਦ ਦਾ ਕੋਟਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੀਆਂ ਸੋਸਾਇਟੀਆਂ ਅਤੇ ਖਾਦ ਡੀਲਰਾਂ ਲਈ ਦਿੱਤਾ ਜਾਵੇਗਾ।
ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਕਿਸਾਨਾਂ ਨੂੰ ਖੇਤੀਬਾੜੀ ਅਧਿਕਾਰੀਆਂ ਵੱਲੋਂ ਲਗਾਤਾਰ ਡੀ ਏ ਪੀ ਖਾਦ ਦੇ ਬਦਲਵੇਂ ਫਾਸਫੇਟਿਕ ਮਿਸ਼ਰਣਾਂ/ਖਾਦਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਮੁੱਖ ਖੇਤੀਬਾੜੀ ਅਫਸਰ ਅਨੁਸਾਰ ਡੀ ਏ ਪੀ ਦੀ ਥਾਂ ਤੇ ਸਿੰਗਲ ਸੁਪਰ ਫਾਸਫੇਟ, ਟ੍ਰਿੱਪਲ ਸੁਪਰ ਫਾਸਫੇਟ ਅਤੇ ਐਨ ਪੀ ਕੇ ਖਾਦਾਂ ਵੀ ਵਰਤੀਆਂ ਜਾ ਸਕਦੀਆਂ ਹਨ, ਇਸ ਲਈ ਕਿਸਾਨਾਂ ਨੂੰ ਕੇਵਲ ਡੀ ਏ ਪੀ ‘ਤੇ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ।