ਰਾਏਪੁਰ, 16 ਨਵੰਬਰ, ਦੇਸ਼ ਕਲਿਕ ਬਿਊਰੋ :
ਛੱਤੀਸਗੜ੍ਹ ਦੇ ਕਾਂਕੇਰ ਅਤੇ ਨਰਾਇਣਪੁਰ ਨੇੜੇ ਮਹਾਰਾਸ਼ਟਰ ਦੀ ਸਰਹੱਦ ‘ਤੇ ਪੁਲਿਸ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ। ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਵਿਚ ਤਿੰਨ ਨਕਸਲੀ ਮਾਰੇ ਗਏ ਹਨ। ਕੁਝ ਨਕਸਲੀ ਜ਼ਖਮੀ ਵੀ ਹੋਏ ਹਨ। ਕਾਂਕੇਰ ਦੇ ਐਸਪੀ ਆਈਕੇ ਅਲੇਸੇਲਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਬਸਤਰ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਡੀਆਰਜੀ ਜਵਾਨਾਂ ਅਤੇ ਮਹਾਰਾਸ਼ਟਰ ਦੇ ਸੀ-60 ਕਮਾਂਡੋਜ਼ ਨੇ ਨਕਸਲੀ ਸੰਗਠਨ ਦੇ ਕੇਂਦਰੀ ਕਮੇਟੀ ਦੇ ਮੈਂਬਰ ਅਭੈ ਨੂੰ ਘੇਰਨ ਲਈ ਇੱਕ ਵੱਡਾ ਅਭਿਆਨ ਚਲਾਇਆ ਹੈ।
ਨਾਰਾਇਣਪੁਰ ਅਤੇ ਕਾਂਕੇਰ ਦੇ ਨਾਲ ਲੱਗਦੇ ਉੱਤਰੀ ਅਬੂਝਮਾਦ ਵਿੱਚ ਨਕਸਲੀਆਂ ਦੀ ਮੌਜੂਦਗੀ ਦੀ ਸੂਚਨਾ ‘ਤੇ ਡੀਆਰਜੀ, ਐਸਟੀਐਫ, ਬੀਐਸਐਫ ਦੀ ਇੱਕ ਸਾਂਝੀ ਟੀਮ ਭੇਜੀ ਗਈ ਸੀ, ਸਵੇਰੇ 8 ਵਜੇ ਸ਼ੁਰੂ ਹੋਇਆ ਮੁਕਾਬਲਾ ਕਰੀਬ 3 ਘੰਟੇ ਤੱਕ ਰੁਕ-ਰੁਕ ਕੇ ਚੱਲਦਾ ਰਿਹਾ। ਨਕਸਲੀਆਂ ਨੂੰ ਇਸ ਇਲਾਕੇ ਤੋਂ ਮਹਾਰਾਸ਼ਟਰ ਵੱਲ ਭੱਜਣ ਤੋਂ ਰੋਕਣ ਲਈ ਕਾਂਕੇਰ ਜ਼ਿਲ੍ਹੇ ਨਾਲ ਲੱਗਦੇ ਗੜ੍ਹਚਿਰੌਲੀ ਇਲਾਕੇ ਵਿੱਚ ਸੀ-60 ਕਮਾਂਡੋ ਤਾਇਨਾਤ ਕੀਤੇ ਗਏ ਹਨ।