ਚੰਡੀਗੜ੍ਹ, 18 ਨਵੰਬਰ: ਦੇਸ਼ ਕਲਿੱਕ ਬਿਓਰੋ
ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ (ਬੀ.ਓ.ਸੀ.ਡਬਲਿਯੂ.) ਬੋਰਡ ਨੇ ਪੰਜਾਬ ਦੇ 19 ਜ਼ਿਲ੍ਹਿਆਂ (ਜਿੱਥੇ ਆਦਰਸ਼ ਚੋਣ ਜ਼ਾਬਤਾ ਲਾਗੂ ਨਹੀਂ ਹੈ) ਦੇ ਲੇਬਰ ਚੌਕਾਂ ਵਿੱਚ ਸੋਮਵਾਰ ਨੂੰ ਕੈਂਪ ਲਗਾਏ ਹਨ। ਇਹ ਪਹਿਲਕਦਮੀ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਅਕਤੂਬਰ 2024 ਦੇ ਆਖ਼ਰੀ ਹਫ਼ਤੇ ਹੋਈ ਇੱਕ ਸਮੀਖਿਆ ਮੀਟਿੰਗ ਵਿੱਚ ਜਾਰੀ ਹਦਾਇਤਾਂ ਤੋਂ ਬਾਅਦ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਬੁਲਾਰੇ ਨੇ ਦੱਸਿਆ ਕਿ ਵੱਧ ਤੋਂ ਵੱਧ ਉਸਾਰੀ ਕਾਮਿਆਂ ਦੀ ਰਜਿਸਟ੍ਰੇਸ਼ਨ ਕਰਨ ਲਈ ਬੋਰਡ ਅਧਿਕਾਰੀਆਂ ਵੱਲੋਂ ਇਹ ਕੈਂਪ ਲੇਬਰ ਚੌਕਾਂ ਵਿਖੇ ਸਵੇਰੇ 7 ਵਜੇ ਤੋਂ ਸਵੇਰੇ 10 ਵਜੇ ਤੱਕ ਲਗਾਏ ਗਏ ਹਨ। ਇਹ ਕੈਂਪ 18 ਤੋਂ 23 ਨਵੰਬਰ, 2024 ਤੱਕ ਜਾਰੀ ਰਹਿਣਗੇ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਇਸ ਵੇਲੇ ਆਦਰਸ਼ ਚੋਣ ਜ਼ਾਬਤਾ ਲਾਗੂ ਹੈ, ਉੱਥੇ ਇਹ ਕੈਂਪ 25 ਤੋਂ 29 ਨਵੰਬਰ ਤੱਕ ਲਗਾਏ ਜਾਣਗੇ। ਅਧਿਕਾਰੀਆਂ ਨੇ ਇਹਨਾਂ ਕੈਂਪਾਂ ਵਿੱਚ ਬੋਰਡ ਦੀਆਂ ਭਲਾਈ ਸਕੀਮਾਂ ਅਤੇ ਉਨ੍ਹਾਂ ਦੇ ਵਿੱਤੀ ਲਾਭਾਂ ਬਾਰੇ ਜਾਗਰੂਕਤਾ ਪੈਦਾ ਕੀਤੀ।
ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਬੀ.ਓ.ਸੀ.ਡਬਲਿਊ. ਭਲਾਈ ਬੋਰਡ ਵਜ਼ੀਫ਼ਾ ਸਕੀਮ, ਸ਼ਗਨ ਸਕੀਮ, ਜਨਰਲ ਸਰਜਰੀ ਸਕੀਮ, ਪੈਨਸ਼ਨ ਸਕੀਮ, ਜਣੇਪਾ ਸਕੀਮ ਆਦਿ ਸਮੇਤ ਵੱਖ-ਵੱਖ ਸਕੀਮਾਂ ਅਧੀਨ ਲਾਭ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਉਸਾਰੀ ਕਾਮਿਆਂ ਦਾ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਲਈ ਬੋਰਡ ਕੋਲ ਰਜਿਸਟਰ ਹੋਣਾ ਲਾਜ਼ਮੀ ਹੈ, ਇਸ ਲਈ ਸਾਰੇ ਯੋਗ ਕਾਮੇ ਬੋਰਡ ਕੋਲ ਰਜਿਸਟ੍ਰੇਸ਼ਨ ਜ਼ਰੂਰ ਕਰਵਾ ਲੈਣ।
ਕਿਰਤ ਮੰਤਰੀ ਨੇ ਦੱਸਿਆ ਕਿ ਕੋਈ ਵੀ ਉਸਾਰੀ ਕਾਮਾ (ਉਮਰ 18-60 ਸਾਲ) ਜਿਸ ਨੇ ਪਿਛਲੇ ਸਾਲ ਦੌਰਾਨ ਪੰਜਾਬ ਵਿੱਚ ਘੱਟੋ-ਘੱਟ 90 ਦਿਨ ਕੰਮ ਕੀਤਾ ਹੋਵੇ, ਬੋਰਡ ਕੋਲ ਰਜਿਸਟਰ ਹੋਣ ਦੇ ਯੋਗ ਹੈ। ਉਨ੍ਹਾਂ ਪੰਜਾਬ ਰਾਜ ਵਿੱਚ ਕੰਮ ਕਰਦੇ ਸਾਰੇ ਉਸਾਰੀ ਕਾਮਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪ ਨੂੰ ਬੀ.ਓ.ਸੀ.ਡਬਲਿਯੂ. ਭਲਾਈ ਬੋਰਡ ਦੇ ਕੋਲ ਰਜਿਸਟਰ ਕਰਨ ਅਤੇ ਬੋਰਡ ਦੁਆਰਾ ਚਲਾਈਆਂ ਗਈਆਂ ਸਕੀਮਾਂ ਦਾ ਲਾਭ ਪ੍ਰਾਪਤ ਕਰਨ।
Published on: ਨਵੰਬਰ 18, 2024 7:54 ਬਾਃ ਦੁਃ