ਜਲੰਧਰ, 18 ਨਵੰਬਰ, ਦੇਸ਼ ਕਲਿਕ ਬਿਊਰੋ :
ਜਲੰਧਰ ਦੇ ਰਹਿਣ ਵਾਲੇ ਪੰਜਾਬੀ ਗਾਇਕ ਗੈਰੀ ਸੰਧੂ ‘ਤੇ ਆਸਟ੍ਰੇਲੀਆ ‘ਚ ਇਕ ਸ਼ੋਅ ਦੌਰਾਨ ਹੋਏ ਝਗੜੇ ਤੋਂ ਬਾਅਦ ਹਮਲਾ ਹੋਇਆ ਸੀ। ਸੰਧੂ ਦੇ ਸ਼ੋਅ ‘ਚ ਆਏ ਇੱਕ ਫੈਨ ਨੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਨੇ ਸਟੇਜ ’ਤੇ ਚੜ੍ਹ ਕੇ ਸੰਧੂ ਦਾ ਗਲਾ ਫੜ ਲਿਆ।
ਹਾਲਾਂਕਿ ਮੌਕੇ ‘ਤੇ ਮੌਜੂਦ ਸੰਧੂ ਦੇ ਸੁਰੱਖਿਆ ਗਾਰਡ ਅਤੇ ਪੁਲਸ ਨੇ ਕਿਸੇ ਤਰ੍ਹਾਂ ਨੌਜਵਾਨ ਨੂੰ ਫੜ ਕੇ ਸਟੇਜ ਤੋਂ ਹੇਠਾਂ ਉਤਾਰਿਆ। ਬਾਅਦ ਵਿੱਚ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਦੱਸ ਦੇਈਏ ਕਿ ਗੈਰੀ ਸੰਧੂ ਇਨ੍ਹੀਂ ਦਿਨੀਂ ਆਸਟ੍ਰੇਲੀਆ ਦੌਰੇ ‘ਤੇ ਹਨ।
ਮਿਲੀ ਜਾਣਕਾਰੀ ਮੁਤਾਬਕ ਗੈਰੀ ਸੰਧੂ ਆਸਟ੍ਰੇਲੀਆ ‘ਚ ਲਾਈਵ ਸ਼ੋਅ ਕਰ ਰਹੇ ਸਨ। ਇੱਥੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਸਨ। ਗੈਰੀ ਸੰਧੂ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ‘ਚ ਇਕ ਸ਼ੋਅ ਕਰ ਰਹੇ ਸਨ, ਜਿੱਥੇ ਉਨ੍ਹਾਂ ਦੀ ਆਵਾਜ਼ ਸੁਣ ਕੇ ਲੋਕ ਖੂਬ ਮਸਤੀ ਕਰ ਰਹੇ ਸਨ। ਇਸ ਦੌਰਾਨ ਗੈਰੀ ਨੇ ਇਕ ਗੀਤ ਪੇਸ਼ ਕਰਦੇ ਹੋਏ ਆਪਣੇ ਹੱਥ ਦੀ ਵਿਚਕਾਰਲੀ ਉਂਗਲੀ ਨੂੰ ਚੁੱਕ ਕੇ ਭੀੜ ਵੱਲ ਇਸ਼ਾਰਾ ਕੀਤਾ। (ਇਸ ਇਸ਼ਾਰੇ ਨੂੰ ਸਮਾਜਿਕ ਤੌਰ ‘ਤੇ ਅਸ਼ਲੀਲ ਮੰਨਿਆ ਜਾਂਦਾ ਹੈ)
ਇਸ ਤੋਂ ਬਾਅਦ ਭੀੜ ‘ਚੋਂ ਇਕ ਨੌਜਵਾਨ ਬਾਹਰ ਆਇਆ ਤੇ ਸਟੇਜ ‘ਤੇ ਚੜ੍ਹ ਕੇ ਗੈਰੀ ਵੱਲ ਭੱਜਿਆ। ਉਸ ਨੇ ਆ ਕੇ ਗੈਰੀ ਦਾ ਗਲਾ ਫੜ ਲਿਆ। ਇਸ ਤੋਂ ਤੁਰੰਤ ਬਾਅਦ ਗੈਰੀ ਦੀ ਟੀਮ ਦੇ ਮੈਂਬਰ ਅਤੇ ਸੁਰੱਖਿਆ ਲਈ ਤਾਇਨਾਤ ਨਿਊ ਸਾਊਥ ਵੇਲਜ਼ ਦੇ ਪੁਲਸ ਕਰਮਚਾਰੀ ਗੈਰੀ ਕੋਲ ਪਹੁੰਚ ਗਏ।
Published on: ਨਵੰਬਰ 18, 2024 4:38 ਬਾਃ ਦੁਃ