ਪੰਚਕੂਲਾ, 18 ਨਵੰਬਰ, ਦੇਸ਼ ਕਲਿਕ ਬਿਊਰੋ :
ਪੰਚਕੂਲਾ-ਯਮੁਨਾਨਗਰ ਹਾਈਵੇ ‘ਤੇ ਪੁਲਿਸ ਮੁਲਾਜ਼ਮਾਂ ਦੇ ਚਲਾਨ ਵਸੂਲੀ ਦੇ ਵੱਡੇ ਘਪਲੇ ਦਾ ਪੰਚਕੂਲਾ ‘ਚ ਪਰਦਾਫਾਸ਼ ਹੋਇਆ ਹੈ। ਵਿਜੀਲੈਂਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਟਰੈਫਿਕ ਪੁਲੀਸ ਵਾਲੇ ਚਲਾਨ ਦੀ ਰਕਮ ਹਰਿਆਣਾ ਪੁਲੀਸ ਦੇ ਖਾਤੇ ਵਿੱਚ ਜਮ੍ਹਾਂ ਕਰਵਾਉਣ ਦੀ ਬਜਾਏ ਇੱਕ ਮਿਠਾਈ ਦੀ ਦੁਕਾਨ ਦੇ ਖਾਤੇ ਵਿੱਚ ਟਰਾਂਸਫਰ ਕਰਵਾ ਰਹੇ ਸਨ। ਧੋਖਾਧੜੀ ਦੇ ਦੋਸ਼ ‘ਚ ਐਤਵਾਰ ਨੂੰ ਤਿੰਨ ਪੁਲਸ ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਵਿਜੀਲੈਂਸ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਚਲਾਨ ਦੀ ਰਕਮ ਆਨਲਾਈਨ ਜਮ੍ਹਾ ਕਰਵਾਉਣ ਲਈ ਵਰਤਿਆ ਜਾ ਰਿਹਾ ਸਕੈਨਰ ਹਰਿਆਣਾ ਪੁਲਿਸ ਦੇ ਖਾਤੇ ਦਾ ਨਹੀਂ ਸਗੋਂ ਪੰਚਕੂਲਾ ਦੇ ਓਲਡ ਲਾਈਟ ਪੁਆਇੰਟ ‘ਤੇ ਸਥਿਤ ਮਿਠਾਈ ਦੀ ਦੁਕਾਨ ਦਾ ਸੀ।
ਵਿਜੀਲੈਂਸ ਬਿਊਰੋ ਦੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਏਐਸਆਈ ਓਮ ਪ੍ਰਕਾਸ਼, ਹੋਮ ਗਾਰਡ ਜਵਾਨ ਸਚਿਨ ਅਤੇ ਐਸਪੀਓ ਸੁਰਿੰਦਰ ਸਿੰਘ ਇਸ ਸਾਜ਼ਿਸ਼ ਵਿੱਚ ਸ਼ਾਮਲ ਸਨ। ਇਹ ਪੁਲੀਸ ਮੁਲਾਜ਼ਮ ਚਲਾਨ ਦੀ ਰਕਮ ਪੁਲੀਸ ਖਾਤੇ ਵਿੱਚ ਜਮ੍ਹਾਂ ਕਰਵਾਉਣ ਦੀ ਥਾਂ ਮਠਿਆਈ ਦੀ ਦੁਕਾਨ ਦੇ ਖਾਤੇ ਵਿੱਚ ਟਰਾਂਸਫਰ ਕਰਵਾ ਰਹੇ ਸਨ।
ਵਿਜੀਲੈਂਸ ਨੇ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਸ਼ਾਮਲ ਹੋਰ ਮੁਲਜ਼ਮਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।