ਨਵੀਂ ਦਿੱਲੀ, 19 ਨਵੰਬਰ, ਦੇਸ਼ ਕਲਿਕ ਬਿਊਰੋ :
ਦਿੱਲੀ ਵਿੱਚ ਹਵਾ ਦੀ ਗੁਣਵੱਤਾ ਖ਼ਤਰਨਾਕ ਹੁੰਦੀ ਜਾ ਰਹੀ ਹੈ। AQI.in ਦੇ ਅਨੁਸਾਰ, ਸੋਮਵਾਰ ਸ਼ਾਮ ਤੋਂ ਮੰਗਲਵਾਰ ਸਵੇਰ ਤੱਕ AQI 700 ਤੋਂ ਵੱਧ ਦਰਜ ਕੀਤਾ ਗਿਆ ਸੀ। ਇਸ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਸਾਰੇ ਸਕੂਲਾਂ ਨੂੰ ਆਨਲਾਈਨ ਕਲਾਸਾਂ ਲਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।
ਦਿੱਲੀ ਤੋਂ ਬਾਅਦ ਗੁਰੂਗ੍ਰਾਮ ਅਤੇ ਐਨਸੀਆਰ ਪ੍ਰਸ਼ਾਸਨ ਨੇ ਵੀ ਅਗਲੇ ਹੁਕਮਾਂ ਤੱਕ ਸਕੂਲਾਂ ਵਿੱਚ ਆਨਲਾਈਨ ਪੜ੍ਹਾਈ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਸਕੂਲਾਂ ਤੋਂ ਇਲਾਵਾ ਦਿੱਲੀ ਯੂਨੀਵਰਸਿਟੀ ਅਤੇ ਜੇਐਨਯੂ ਨੇ ਵੀ 22 ਨਵੰਬਰ ਤੱਕ ਆਨਲਾਈਨ ਕਲਾਸਾਂ ਲਗਵਾਉਣ ਦਾ ਫੈਸਲਾ ਕੀਤਾ ਹੈ।
ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ, ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (CAQM) ਨੇ 18 ਨਵੰਬਰ ਤੋਂ ਦਿੱਲੀ-ਐਨਸੀਆਰ ਵਿੱਚ ਸੋਧੇ ਹੋਏ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (GRAP) ਦੇ ਚੌਥੇ ਪੜਾਅ ਨੂੰ ਲਾਗੂ ਕੀਤਾ ਹੈ।ਨਾਲ ਹੀ ਬੱਚਿਆਂ, ਬਜ਼ੁਰਗਾਂ, ਸਾਹ ਅਤੇ ਦਿਲ ਦੇ ਮਰੀਜ਼ਾਂ ਅਤੇ ਪੁਰਾਣੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ।