ਮੁੰਡੀਆਂ ਤੇ ਸੌਂਦ ਵੱਲੋਂ ਨਿਵੇਸ਼ਕਾਂ ਲਈ ਸੁਖਾਵਾਂ ਤੇ ਸਾਜਗਾਰ ਮਾਹੌਲ ਬਣਾਉਣ ਦੇ ਨਿਰਦੇਸ਼

ਪੰਜਾਬ

ਮੁਹਾਲੀ, 21 ਨਵੰਬਰ, ਦੇਸ਼ ਕਲਿੱਕ ਬਿਓਰੋ

          ਪੰਜਾਬ ਵਿੱਚ ਨਿਵੇਸ਼ ਪੱਖੀ ਮਾਹੌਲ ਸਿਰਜਣ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਕਦਮਾਂ ਤਹਿਤ ਅੱਜ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆ ਅਤੇ ਉਦਯੋਗ ਤੇ ਵਣਜ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਦੋਵਾਂ ਵਿਭਾਗਾਂ ਨਾਲ ਆਪਸ ਵਿੱਚ ਜੁੜੇ ਮਾਮਲਿਆਂ ਨੂੰ ਤੇਜ਼ੀ ਨਾਲ ਨਿਪਟਾਉਣ ਲਈ ਅਹਿਮ ਮੀਟਿੰਗ ਕੀਤੀ ਗਈ।

          ਪੁੱਡਾ ਭਵਨ ਮੁਹਾਲੀ ਵਿਖੇ ਹੋਈ ਮੀਟਿੰਗ ਵਿੱਚ ਸ਼ਹਿਰੀ ਵਿਕਾਸ ਮੰਤਰੀ ਤੇ ਉਦਯੋਗ ਮੰਤਰੀ ਨੇ ਅਧਿਕਾਰੀਆਂ ਨੂੰ ਨਿਵੇਸ਼ਕਾਂ ਲਈ ਸੁਖਾਵਾਂ ਤੇ ਸਾਜਗਾਰ ਮਾਹੌਲ ਬਣਾਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸਨਅਤਕਾਰਾਂ ਤੇ ਨਿਵੇਸ਼ਕਾਂ ਲਈ ਵੱਡੇ ਫੈਸਲੇ ਕੀਤੇ ਗਏ ਹਨ ਜਿਨ੍ਹਾਂ ਨੂੰ ਲਾਗੂ ਕਰਨ ਲਈ ਸਬੰਧਤ ਵਿਭਾਗਾਂ ਦਾ ਆਪਸੀ ਤਾਲਮੇਲ ਬਹੁਤ ਜ਼ਰੂਰੀ ਹੈ।

ਸ. ਮੁੰਡੀਆਂ ਤੇ ਸ. ਸੌਂਦ ਨੇ ਕਿਹਾ ਕਿ ਨਿਵੇਸ਼ਕਾਂ ਨੂੰ ਕਲੀਅਰੈਂਸ ਲਈ ਇਨਵੈਸਟ ਪੰਜਾਬ ਪੋਰਟਲ ਉਪਰ ਹੀ ਮਕਾਨ ਉਸਾਰੀ ਵਿਭਾਗ ਦਾ ਲਿੰਕ ਮਿਲੇਗਾ। ਉਨ੍ਹਾਂ ਦੋਵਾਂ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਨਵੈਸਟ ਪੰਜਾਬ ਪੋਰਟਲ ਉੱਤੇ ਅਜਿਹਾ ਸਿੰਗਲ ਵਿੰਡੋ ਕਲੀਅਰੈਂਸ ਪ੍ਰਬੰਧ ਸਥਾਪਿਤ ਕੀਤਾ ਜਾਵੇ ਜਿੱਥੋਂ ਹੋਰਨਾਂ ਵਿਭਾਗਾਂ ਦੇ ਨਾਲ ਨਾਲ ਮਕਾਨ ਉਸਾਰੀ ਵਿਭਾਗ ਕੋਲੋਂ ਕਿਸੇ ਪ੍ਰਕਾਰ ਦੀ ਕਲੀਅਰੈਂਸ ਲੈਣਾ ਜਾਂ ਉਸ ਵਿਭਾਗ ਨਾਲ ਜੁੜੀ ਕੋਈ ਪ੍ਰਵਾਨਗੀ ਲੈਣ ਦੀ ਪ੍ਰਕਿਰਿਆ ਵਧੇਰੇ ਪ੍ਰਭਾਵਸ਼ਾਲੀ ਅਤੇ ਸੁਖਾਲੀ ਹੋਵੇ।

ਮਕਾਨ ਉਸਾਰੀ ਮੰਤਰੀ ਸ. ਸੌਂਦ ਨੇ ਕਿਹਾ ਕਿ ਨਿਵੇਸ਼ਕਾਂ ਜਾਂ ਸਨਅਤਕਾਰਾਂ ਨਾਲ ਜੁੜੇ ਮਾਮਲਿਆਂ ਸਬੰਧੀ ਮਕਾਨ ਉਸਾਰੀ ਵਿਭਾਗ ਵਿੱਚ ਨੋਡਲ ਅਧਿਕਾਰੀ ਨਿਯੁਕਤ ਕੀਤੇ ਜਾਣਗੇ ਜੋ ਮਹੀਨਾਵਾਰ ਮੀਟਿੰਗ ਕਰਕੇ ਮਾਮਲੇ ਹੱਲ ਕਰਨਗੇ। ਉਨ੍ਹਾਂ ਕਿਹਾ ਕਿ ਹਵਾਈ ਅੱਡੇ ਨੇੜਲੇ ਖੇਤਰ ਨੂੰ ਆਈ.ਟੀ. ਹੱਬ ਵਜੋਂ ਸਥਾਪਤ ਕਰਨ ਲਈ ਸੜਕਾਂ, ਚੌਰਾਹਿਆਂ ਦਾ ਸੁੰਦਰੀਕਰਨ ਅਤੇ ਮੁੱਢਲੀਆਂ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕੀਤਾ ਜਾਵੇਗਾ।

ਉਦਯੋਗ ਤੇ ਵਣਜ ਮੰਤਰੀ ਸ. ਸੌਂਦ ਨੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਸਿਰਫ ਢਾਈ ਸਾਲ ਦੇ ਸਮੇਂ ਦੌਰਾਨ 89 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਅੱਜ ਦੀ ਮੀਟਿੰਗ ਦਾ ਮਕਸਦ ਉਦਯੋਗਿਕ ਨਿਵੇਸ਼ ਵਧਾਉਣਾ ਅਤੇ ਦੋਵਾਂ ਵਿਭਾਗਾਂ ਵਿੱਚ ਬਿਹਤਰ ਤਾਲਮੇਲ ਬਣਾਉਣਾ ਸੀ ਤਾਂ ਜੋ ਸਨਅਤਕਾਰਾਂ ਨੂੰ ਹਰ ਤਰ੍ਹਾਂ ਦੀਆਂ ਪ੍ਰਵਾਨਗੀਆਂ ਲੈਣ ਲਈ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਆਈ.ਟੀ.ਸਿਟੀ ਵਿੱਚ ਨਿਵੇਸ਼ਕਾਂ ਲਈ ਅਜਿਹਾ ਮਾਹੌਲ ਸਿਰਜਣਾ ਹੈ ਜਿਸ ਨਾਲ ਆਉਂਦੇ ਇਕ ਸਾਲ ਵਿੱਚ 50 ਹਜ਼ਾਰ ਤੋਂ ਵੱਧ ਹੋਰ ਨੌਕਰੀਆਂ ਦਾ ਪ੍ਰਬੰਧ ਕਰਨ ਦਾ ਟੀਚਾ ਹੈ।

ਇਸ ਤੋਂ ਪਹਿਲਾਂ ਵਧੀਕ ਮੁੱਖ ਸਕੱਤਰ ਉਦਯੋਗ ਤੇ ਵਣਜ ਤੇਜਵੀਰ ਸਿੰਘ ਨੇ ਕਿਹਾ ਕਿ ਵਣਜ ਤੇ ਉਦਯੋਗ ਮੰਤਰੀ ਵੱਲੋਂ ਉਦਯੋਗਪਤੀਆਂ, ਸਨਅਤੀ ਚੈਂਬਰਾਂ ਅਤੇ ਐਸੋਸੀਏਸ਼ਨਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਸਨ ਜਿਸ ਵਿੱਚ ਕੁਝ ਮਾਮਲੇ ਉਨ੍ਹਾਂ ਦੇ ਧਿਆਨ ਵਿਚ ਆਏ ਸਨ ਕਿ ਕੁਝ ਤਰ੍ਹਾਂ ਦੀਆਂ ਪ੍ਰਵਾਨਗੀਆਂ ਲੈਣ ਲਈ ਅਤੇ ਨਵੇਂ ਉਦਯੋਗਾਂ ਦੀ ਸਥਾਪਤੀ ਲਈ ਜ਼ਮੀਨ ਦੇਣ ਦੀ ਪ੍ਰਕਿਰਿਆ ਵਿਚ ਰੁਕਾਵਟਾਂ ਆ ਰਹੀਆਂ ਹਨ। ਅੱਜ ਦੀ ਮੀਟਿੰਗ ਨਾਲ ਇਨ੍ਹਾਂ ਮਾਮਲਿਆਂ ਦੇ ਸਾਰਥਕ ਹੱਲ ਨਿਕਲ ਕੇ ਆਉਣਗੇ।

ਸਕੱਤਰ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਰਾਹੁਲ ਤਿਵਾੜੀ ਨੇ ਕਿਹਾ ਕਿ ਵਿਭਾਗ ਜਿੱਥੇ ਸ਼ਹਿਰਾਂ ਦੇ ਯੋਜਨਾਬੱਧ ਵਿਕਾਸ ਲਈ ਨਿਰੰਤਰ ਕੰਮ ਕਰ ਰਿਹਾ ਹੈ ਉਥੇ ਪ੍ਰਸ਼ਾਸਨਿਕ ਸੁਧਾਰਾਂ ਨਾਲ ਨਿਵੇਸ਼ਕਾਂ ਲਈ ਵੀ ਸਾਜਗਾਰ ਮਾਹੌਲ ਸਿਰਜਣ ਲਈ ਵਚਨਬੱਧ ਹੈ।

ਮੀਟਿੰਗ ਵਿੱਚ ਇਨਵੈਸਟ ਪੰਜਾਬ ਦੇ ਸੀ.ਈ.ਓ. ਡੀ.ਪੀ.ਐਸ. ਖਰਬੰਦਾ, ਡਿਪਟੀ ਕਮਿਸ਼ਨਰ ਮੁਹਾਲੀ ਆਸ਼ਿਕਾ ਜੈਨ, ਪੁੱਡਾ ਦੇ ਸੀ.ਏ. ਨੀਰੂ ਕਤਿਆਲ, ਗਮਾਡਾ ਦੇ ਸੀ.ਏ. ਮੋਨੀਸ਼ ਕੁਮਾਰ, ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਡੀ.ਬੈਨਿਥ ਸਮੇਤ ਦੋਵਾਂ ਵਿਭਾਗਾਂ ਦੇ ਸਮੂਹ ਅਧਿਕਾਰੀ ਹਾਜ਼ਰ ਸਨ।

Latest News

Latest News

Leave a Reply

Your email address will not be published. Required fields are marked *