ਪਟਿਆਲਾ : 22 ਨਵੰਬਰ, ਦੇਸ਼ ਕਲਿੱਕ ਬਿਓਰੋ
‘ਆਇਰਸ’ ਨਾਮ ਦੇ ਇੱਕ ਰੋਬੋਟ ਅਧਿਆਪਕ ਨੂੰ ਤਜ਼ਰਬੇ ਦੇ ਤੌਰ ‘ਤੇ ‘ਫੈਡਰਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਪੰਜਾਬ’ ਵੱਲੋਂ ਕਈ ਜਿਲ੍ਹਿਆਂ ਦੇ ਸਕੂਲਾਂ ਵਿੱਚ ਸਾਂਝੇ ਉੱਦਮ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਪੰਜਾਬ ਨੇ A.I.(ਅਰਟੀਫ਼ਿਸ਼ੀਅਲ ਇੰਟੈਲੀਜੈਂਸ) ਤਕਨੀਕ ਤਹਿਤ ਕੀਤੇ ਜਾ ਰਹੇ ਇਸ ਤਜਰਬੇ ਨੂੰ ਜਨਤਕ ਅਤੇ ਨਿੱਜੀ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ ਘਟਾਉਣ ਅਤੇ ਸਿੱਖਿਆ ਨੂੰ ਮਨੁੱਖੀ ਭਾਵਨਾ ਤੋਂ ਰਹਿਤ ਕਰਨ ਵੱਲ ਸੇਧਿਤ ਮਾਰੂ ਕਦਮ ਕਰਾਰ ਦਿੱਤਾ ਹੈ।
ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਇਸ ਸੰਬੰਧੀ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਤਕਨੀਕ ਦੀ ਵਰਤੋਂ ਲੋਕ ਪੱਖੀ ਸਮਾਜ ਦੀ ਸਿਰਜਣਾ ਵਿੱਚ ਮਨੁੱਖ ਦੇ ਸਹਿਯੋਗੀ ਵਜੋਂ ਹੋਣ ਦੀ ਥਾਂ ਕਿਰਤ ਸ਼ਕਤੀ ਨੂੰ ਹੀ ਬੇਰੁਜ਼ਗਾਰ ਕਰਨ ਲਈ ਹੋਣੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਆਗੂਆਂ ਨੇ ਦੱਸਿਆ ਕਿ ਇੱਕ ਯੋਗ ਅਧਿਆਪਕ ਬਣਨ ਲਈ ਕਈ ਵਰ੍ਹਿਆਂ ਦੀ ਅਕਾਦਮਿਕ ਅਤੇ ਪੇਸ਼ਾਵਰ ਪੜ੍ਹਾਈ ਕਰਨ ਦੇ ਨਾਲ-ਨਾਲ ਵਿੱਦਿਅਕ ਮਨੋਵਿਗਿਆਨ ਦੀ ਸਮਝ ਵਿਕਸਤ ਕਰਨੀ ਅਤੇ ਬੱਚਿਆਂ ਲਈ ਸ਼ਲਾਘਾ, ਉਤਸ਼ਾਹ ਤੇ ਹਮਦਰਦੀ ਦਾ ਭੰਡਾਰ ਹੋਣਾ ਮੁੱਢਲਾ ਗੁਣ ਹੁੰਦਾ ਹੈ। ਇਸ ਲਈ ਇੱਕ ਮਸ਼ੀਨ ਅਧਿਆਪਕ ਦਾ ਬਦਲ ਕਦੇ ਨਹੀਂ ਬਣ ਸਕਦੀ ਹੈ। ਦੂਜੇ ਪਾਸੇ ਪੂੰਜੀਵਾਦੀ ਪ੍ਰਬੰਧ ਤਹਿਤ ਮਨੁੱਖ ਨਾਲੋਂ ਵੀ ਬੇਹਤਰ ਕੰਮ ਕਰਨ ਵਾਲੀ ਤਕਨੀਕ ਬਣਾਉਣ ਅਤੇ ਸੱਭਿਆਚਾਰਿਕ ਵੱਖਰੇਵਿਆਂ ਦੀ ਹੋਂਦ ਨੂੰ ਮਾਣਤਾ ਦੀ ਥਾਂ ਖਤਮ ਕਰਨ ਵੱਲ ਪੂਰਾ ਜੋਰ ਲਗਾਇਆ ਜਾ ਰਿਹਾ ਹੈ। ਜਦਕਿ ਇਹ ਪਰਖਿਆ ਸੱਚ ਹੈ ਕਿ ਇੱਕ ਅਧਿਆਪਕ ਦੀ ਬੱਚਿਆਂ, ਮਾਪਿਆਂ ਅਤੇ ਸਹਿਕਰਮੀਆਂ ਨਾਲ ਦੁੱਖ-ਸੁੱਖ ਦੀ ਸਾਂਝ ਹੁੰਦੀ ਹੈ ਅਤੇ ਉਹ ਬਹੁਤ ਸਾਰੇ ਬੱਚਿਆਂ ਲਈ ਪ੍ਰੇਰਨਾ ਸ੍ਰੋਤ ਵੀ ਹੁੰਦਾ ਹੈ। ਏ.ਆਈ. ਰਾਹੀਂ ਸਕੂਲਾਂ, ਕਾਲਜਾਂ, ਹੋਟਲਾਂ, ਫੈਕਟਰੀਆਂ ਸਭ ਜਗ੍ਹਾ ’ਤੇ ਮਨੁੱਖੀ ਕਿਰਤ ਸ਼ਕਤੀ ਨੂੰ ਬਾਹਰ ਕੱਢਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਤਾਂ ਜੋ ਮਨੁੱਖ ਦੀ ਕਿਰਤ ਸ਼ਕਤੀ ਦਾ ਮਿਹਨਤਾਨਾ ਦੇਣ ਦੀ ਲੋੜ ਨਾ ਰਹੇ।
ਡੀ.ਟੀ.ਐੱਫ. ਆਗੂਆਂ ਨੇ ਦੱਸਿਆ ਕਿ ਕਾਰਪੋਰੇਟ ਵੱਲੋਂ A.I. ਤਕਨੀਕ ਰਾਹੀਂ ਰੁਜ਼ਗਾਰ ਦੇ ਮੌਕੇ ਖ਼ਤਮ ਕਰਨ ਵਿਰੁੱਧ ਦੁਨੀਆ ਦੇ ਕਈ ਹਿੱਸਿਆਂ ਵਿੱਚ ਭਾਰੀ ਵਿਰੋਧ ਹੋ ਰਿਹਾ ਹੈ। ਇਸੇ ਸਾਲ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਹਾਲੀਵੁਡ ਨਾਲ ਸੰਬੰਧਿਤ ਲੋਕਾਂ ਵੱਲੋਂ ਇਕ ਲੰਬੀ ਹੜਤਾਲ ਏ.ਆਈ. ਕਾਰਨ ਕੰਮ ਦੇ ਮੌਕੇ ਅਤੇ ਮਿਹਨਤਾਨੇ ਘਟਣ ਖਿਲਾਫ਼ ਕੀਤੀ ਗਈ ਹੈ। ਇੱਕ ਪਾਸੇ ਖੁਦ ਵਿਸ਼ਵ ਆਰਥਿਕ ਫੌਰਮ ਅਨੁਸਾਰ ਹਰ ਖੇਤਰ ਵਿੱਚ 8.5 ਕਰੋੜ ਲੋਕ ਇਸ ਤਕਨੀਕ ਦੇ ਅਸਰ ਕਾਰਨ ਸਾਲ 2025 ਤੱਕ ਨੌਕਰੀ ਤੋਂ ਵਾਂਝੇ ਹੋ ਜਾਣਗੇ। ਦੂਜੇ ਪਾਸੇ ਇਸ ਤਕਨੀਕ ਦੇ ਦਰਵਾਜ਼ੇ ਸਿੱਖਿਆ ਵਰਗੇ ਅਤਿ ਸੰਵੇਦਨਸ਼ੀਲ ਖੇਤਰ ਲਈ ਵੀ ਖੋਲ ਦਿੱਤੇ ਗਏ ਹਨ, ਜਿਸ ਦੇ ਨਤੀਜ਼ੇ ਸਮਾਜ ਲਈ ਹੋਰ ਵੀ ਮਾਰੂ ਸਾਬਿਤ ਹੋਣਗੇ। ਇੱਧਰ ਕੇਂਦਰ ਅਤੇ ਪੰਜਾਬ ਸਰਕਾਰਾਂ ਵੱਲੋਂ ਨਿੱਜੀਕਰਨ, ਉਦਾਰੀਕਰਨ ਅਤੇ ਵਿਸ਼ਵੀਕਰਨ ਦੀਆਂ ਨੀਤੀਆਂ ਤਹਿਤ ਪਹਿਲਾ ਹੀ ਗੰਭੀਰ ਹੋ ਚੁੱਕੇ ਆਰਥਿਕ ਪਾੜੇ ਨੂੰ ਅੱਖੋਂ ਪਰੋਖੇ ਕਰਕੇ ਕੌਮੀ ਸਿੱਖਿਆ ਨੀਤੀ- 2020 ਰਾਹੀਂ ਏ.ਆਈ. ਤਕਨੀਕ ਨੂੰ ਵਧੇਰੇ ਮਹੱਤਤਾ ਦੇਣ ਦਾ ਅਜੰਡਾ ਅੱਗੇ ਵਧਾਇਆ ਜਾ ਰਿਹਾ ਹੈ। ਆਗੂਆਂ ਨੇ ਏ.ਆਈ. ਤਕਨੀਕ ਰਾਹੀਂ ਅਧਿਆਪਕ ਦੇ ਬਦਲ ਤਿਆਰ ਕਰਨ ਅਤੇ ਸਿੱਖਿਆ ਦੇ ਮਸ਼ੀਨੀਕਰਨ ਤੇ ਨਿੱਜੀਕਰਨ ‘ਤੇ ਮੁਕੰਮਲ ਰੋਕ ਲਗਾਉਣ ਦੀ ਮੰਗ ਕੀਤੀ ਹੈ। ਡੀਟੀਐੱਫ ਆਗੂਆਂ ਨੇ ਸਮੁੱਚੇ ਅਧਿਆਪਕ ਵਰਗ ਨੂੰ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਸੁਚੇਤ ਹੋ ਕੇ ਸੰਘਰਸ਼ਾਂ ਦਾ ਵੱਧ ਚੜ੍ਹ ਕੇ ਹਿੱਸਾ ਬਣਨ ਦਾ ਸੱਦਾ ਵੀ ਦਿੱਤਾ।