ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਤਸੱਲੀ ਮੁਤਾਬਕ ਜ਼ਮੀਨ ਦੇ ਰੇਟ ਦੇਣ ਦੀ ਮੰਗ ਮੰਨੇ ਜਾਣ ਦੇ ਭਰੋਸੇ ਪਿੱਛੋਂ ਕਿਸਾਨ ਯੂਨੀਅਨ ਵੱਲੋਂ ਮੋਰਚਾ ਮੁਲਤਵੀ

ਪੰਜਾਬ

ਬਠਿੰਡਾ/ਚੰਡੀਗੜ੍ਹ 23 ਨਵੰਬਰ, ਦੇਸ਼ ਕਲਿੱਕ ਬਿਓਰੋ :

ਦੁੱਨੇਵਾਲਾ, ਭਗਵਾਨਗੜ੍ਹ ਤੇ ਸ਼ੇਰਗੜ੍ਹ ਦੇ ਕਿਸਾਨਾਂ ਦੀ ਜ਼ਮੀਨ ਉੱਤੇ ਭਾਰਤ ਮਾਲ਼ਾ ਹਾਈਵੇ ਸੜਕ ਦੀ ਠੇਕੇਦਾਰ ਕਾਰਪੋਰੇਟ ਕੰਪਨੀ ਵੱਲੋਂ ਬਿਨਾਂ ਅਦਾਇਗੀ ਪੁਲਸੀ ਧੱਕੇਸ਼ਾਹੀ ਨਾਲ ਕਬਜਾ ਕਰਨ ਵਿਰੁੱਧ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੱਦੇ ‘ਤੇ ਪੁਲਸੀ ਡਾਂਗਾਂ, ਅੱਥਰੂ ਗੈਸ ਗੋਲਿਆਂ ਤੇ ਬਰਫੀਲੇ ਪਾਣੀ ਦੀਆਂ ਬੁਛਾੜਾਂ ਸਿਦਕਦਿਲੀ ਨਾਲ਼ ਝੱਲਦਿਆਂ ਕੱਲ੍ਹ ਤੋਂ ਦੁੱਨੇਵਾਲਾ ਵਿਖੇ ਭਾਰੀ ਗਿਣਤੀ ਔਰਤਾਂ ਸਮੇਤ ਸੈਂਕੜਿਆਂ ਦੀ ਤਾਦਾਦ ਵਿੱਚ ਕਿਸਾਨ ਡਟੇ ਹੋਏ ਸਨ ਅਤੇ ਹਜ਼ਾਰਾਂ ਦੀ ਤਾਦਾਦ ਵਿੱਚ ਅੱਜ ਸਵੇਰ ਤੋਂ ਪ੍ਰਸ਼ਾਸਨ ਨੇ ਗੱਲਬਾਤ ਦੇ ਦੌਰ ਚਲਾ ਕੇ 10-12 ਪੁਲਸੀ ਨਾਕਿਆਂ ‘ਤੇ ਰੋਕੇ ਹੋਏ ਸਨ।

ਇਹ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿ ਸਾਰੇ ਗ੍ਰਿਫਤਾਰ ਕਿਸਾਨਾਂ ਦੀ ਰਿਹਾਈ ਮਗਰੋਂ ਗੱਲਬਾਤ ਦੇ ਦੂਜੇ ਦੌਰ ਵਿੱਚ ਸਰਕਾਰ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸਹਿਮਤੀ ਬਣੀ ਕਿ ਪੰਜ ਦਿਨਾਂ ਵਿੱਚ ਜ਼ਮੀਨ ਦੇ ਰੇਟਾਂ ਵਿੱਚ 10 ਲੱਖ ਰੁਪਏ ਪ੍ਰਤੀ ਏਕੜ ਵਾਧਾ ਕੀਤਾ ਜਾਵੇਗਾ ਅਤੇ ਪੁਲਿਸ ਕੇਸਾਂ ਦਾ ਨਿਪਟਾਰਾ ਵੀ ਕੀਤਾ ਜਾਵੇਗਾ। ਇਸ ਸੰਬੰਧੀ ਡੀ ਸੀ ਬਠਿੰਡਾ ਵੱਲੋਂ ਸਟੇਜ ਤੋਂ ਭਰੋਸਾ ਦਿਵਾਉਣ ਮਗਰੋਂ ਕੱਲ੍ਹ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਮੁਲਤਵੀ ਕਰਨ ਦਾ ਐਲਾਨ ਸ੍ਰੀ ਉਗਰਾਹਾਂ ਵੱਲੋਂ ਕੀਤਾ ਗਿਆ।

ਕਿਸਾਨ ਆਗੂਆਂ ਨੇ ਸਿਦਕਦਿਲੀ ਨਾਲ਼ ਪੁਲਿਸ ਜਬਰ ਤੇ ਮੌਸਮ ਦੀ ਕਰੋਪੀ ਝੱਲਦਿਆਂ ਅੰਦੋਲਨ ਵਿੱਚ ਕੱਲ੍ਹ ਤੋਂ ਸੈਂਕੜੇ ਔਰਤਾਂ ਸਮੇਤ ਹਜ਼ਾਰਾਂ ਦੀ ਤਾਦਾਦ ਵਿੱਚ ਸ਼ਾਮਲ ਹੋਣ ਵਾਲੇ ਸਮੂਹ ਕਿਸਾਨਾਂ ਮਜ਼ਦੂਰਾਂ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਠੇਕਾ ਕਾਮਿਆਂ ਅਤੇ ਸਾਬਕਾ ਸੈਨਿਕਾਂ ਦੀਆਂ ਜਥੇਬੰਦੀਆਂ ਵੱਲੋਂ ਪੁਲਸੀ ਨਾਕਿਆਂ ਨੂੰ ਝਕਾਨੀ ਦੇ ਕੇ ਲੰਮੀਆਂ ਵਾਟਾਂ ਪੈਦਲ ਚੱਲ ਕੇ ਮੋਰਚੇ ਵਿੱਚ ਹਮਾਇਤ ਕਰਨ ਪੁੱਜੇ ਸਮੂਹ ਲੋਕਾਂ ਦਾ ਧੰਨਵਾਦ ਕੀਤਾ ਗਿਆ। ਨਾਲ਼ ਹੀ ਅਧਿਕਾਰੀਆਂ ਦੇ ਭਰੋਸੇ ਉੱਤੇ ਅਮਲ ਦਰਾਮਦ ਸਮੇਂ ਸਿਰ ਯਕੀਨੀ ਬਣਾਉਣ ਲਈ ਤਿਆਰ ਬਰ ਤਿਆਰ ਰਹਿਣ ਦਾ ਸੱਦਾ ਵੀ ਦਿੱਤਾ।

ਉਨ੍ਹਾਂ ਕਿਹਾ ਕਿ ਅਧਿਕਾਰੀ ਤਾਂ ਗੱਦੀ-ਨਸ਼ੀਨ ਕਾਰਪੋਰੇਟਾਂ ਦੀ ਰਖੇਲ ਆਪ ਪਾਰਟੀ ਦੀ ਸਰਕਾਰ ਦਾ ਹੁਕਮ ਹੀ ਵਜਾਉਂਦੇ ਹਨ। ਅੱਜ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਨ ਵਾਲੇ ਹੋਰ ਬੁਲਾਰਿਆਂ ਵਿੱਚ ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾਂ, ਹਰਜਿੰਦਰ ਸਿੰਘ ਬੱਗੀ, ਹਰਿੰਦਰ ਕੌਰ ਬਿੰਦੂ, ਕਰਮਜੀਤ ਕੌਰ ਲਹਿਰਾਖਾਨਾ ਅਤੇ ਸੰਦੀਪ ਕੌਰ ਬਰਨਾਲਾ ਸ਼ਾਮਲ ਸਨ। ਉਨ੍ਹਾਂ ਨੇ ਕਿਹਾ ਕਿ ਜ਼ਮੀਨਾਂ ਦੀ ਰਾਖੀ ਦੀ ਗਰੰਟੀ ਇਸੇ ਤਰ੍ਹਾਂ ਦੇ ਸਖ਼ਤ ਤੇ ਜ਼ਬਤਬੱਧ ਘੋਲਾਂ ਨਾਲ਼ ਹੀ ਸੰਭਵ ਹੋਣੀ ਹੈ।

Latest News

Latest News

Leave a Reply

Your email address will not be published. Required fields are marked *