ਮਾਲੇਰਕੋਟਲਾ 24 ਨਵੰਬਰ, ਦੇਸ਼ ਕਲਿੱਕ ਬਿਓਰੋ
ਆਪਣੇ ਆਲੇ-ਦੁਆਲੇ ਨੂੰ ਸਾਫ-ਸੁਥਰਾ ਤੇ ਗੰਦਗੀ ਮੁਕਤ ਬਣਾਉਣਾ ਹਰ ਇਕ ਨਾਗਰਿਕ ਦੀ ਨੈਤਿਕ ਤੇ ਮੁੱਢਲੀ ਜਿੰਮੇਵਾਰੀ ਹੈ,ਇਸ ਲਈ ਸਾਨੂੰ ਸਾਰਿਆਂ ਨੂੰ ਆਪਣੇ ਆਲੇ-ਦੁਆਲੇ,ਮੁਹੱਲੇ,ਵਾਰਡ ਅਤੇ ਨਗਰ ਦੀ ਸਾਫ ਸਫਾਈ ਲਈ ਅੱਗੇ ਆਉਣਾ ਦਾ ਸੱਦਾ ਦਿੰਦਿਆ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਕਮ ਚੇਅਰਮੈਂਨ ਜ਼ਿਲ੍ਹਾ ਯੋਜਨਾ ਕਮੇਟੀ ਬੋਰਡ ਸਾਕਿਬ ਅਲੀ ਰਾਜਾ ਨੇ ਕਿਹਾ ਕਿ ਆਲੇ-ਦੁਆਲੇ ਦੀ ਸਫਾਈ ਰੱਖਣ ਨਾਲ ਜਿਥੇ ਉਥੋਂ ਦਾ ਇਲਾਕਾ ਗੰਦਗੀ ਮੁਕਤ ਬਣੇਗਾ ਇਥੇ ਹੀ ਬਿਮਾਰੀਆਂ ਦੀ ਪੈਦਾਵਾਰ ਨਹੀਂ ਹੋਵੇਗੀ ਅਤੇ ਅਸੀਂ ਸਾਰੇ ਤੰਦਰੁਸਤ ਰਹਾਂਗੇ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਉਹ ਸੂਬੇ ਨੂੰ ਸਾਫ ਸੁਥਰਾ ਅਤੇ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਹਨ। ਇਸ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਪ੍ਰਸਾਸ਼ਨ ਅਤੇ ਨਗਰ ਕੌਸਲ ਵਲੋਂ ਸਵੱਛਤਾ ਅਤੇ ਆਲੇ ਦੁਆਲੇ ਦੀ ਸਾਫ ਸਫਾਈ ਲਈ ਆਮ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਸਮੇਂ-ਸਮੇਂ ਤੇ ਗਤੀਵਿਧੀਆਂ ਉਲੀਕੀਆਂ ਜਾਂਦੀਆਂ ਰਹਿੰਦੀਆਂ ਹਨ ਜਿਸ ਨਾਲ ਸਾਰਿਆਂ ਅੰਦਰ ਸਫਾਈ ਪੱਖੋਂ ਜਾਗਰੂਕਤਾ ਪੈਦਾ ਹੁੰਦੀ ਹੈ ।ਉਨ੍ਹਾਂ ਹਰ ਸਾਲ ਦੀ ਤਰ੍ਹਾਂ ਵਾਰਡ ਨੰਬਰ 33 ਦੀ ਮਰਕਸ ਵਿਖੇ ਆਯੋਜਿਤ ਹੋਣ ਵਾਲੀ ਤਬਲੀਕੀ ਇਜ਼ਮਾਤ ਦੇ ਸਮਾਗਮ ਮੌਕੇ ਇਲਾਕੇ ਦੀ ਸਫਾਈ ਦਾ ਖੁਦ ਬੀੜਾ ਚੁਕਦਿਆਂ ਝਾੜੂ ਨਾਲ ਖੁਦ ਸਫਾਈ ਕੀਤੀ। ਜਿਕਰਯੋਗ ਹੈ ਕਿ ਤਬਲੀਕੀ ਇਜ਼ਮਾਤ ਦੇ ਸਮਾਗਮ ਮੌਕੇ ਹਜਾਰਾਂ ਦੀ ਗਿਣਤੀ ਵਿੱਚ ਦੂਰ ਦਰਾਡੇ ਦੇ ਲੋਕਾਂ ਇਬਾਦਤ ਅਤੇ ਚਰਚਾ ਕਰਨ ਲਈ ਸਮੂਲੀਅਤ ਕਰਦੇ ਹਨ।
ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਬੋਰਡ ਸਾਕਿਬ ਅਲੀ ਰਾਜਾ ਨੇ ਪਾਰਟੀ ਵਲੰਟੀਅਰਾਂ ਅਤੇ ਨਗਰ ਕੌਸਲ ਦੇ ਨਾਲ ਮਿਲ ਕੇ ਕੂੜੇ ਨੂੰ ਇਕੱਠਾ ਕਰਨ ਅਤੇ ਨਿਪਟਾਰਾ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ, ਜਿਸ ਨਾਲ ਪਵਿੱਤਰ ਸਮਾਗਮ ਮੌਕੇ ਮਰਕਸ ਦੇ ਆਲੇ ਦੁਆਲੇ ਦੀ ਪੂਰੀ ਤਰ੍ਹਾਂ ਸਫ਼ਾਈ ਨੂੰ ਯਕੀਨੀ ਬਣਾਇਆ ਜਾ ਸਕੇ ।
ਸਾਕਿਬ ਅਲੀ ਰਾਜਾ ਨੇ ਅਵਾਮ ਨੂੰ ਅਪੀਲ ਤੇ ਜਾਗਰੂਕ ਕਰਦਿਆਂ ਕਿਹਾ ਕਿ ਸਾਫ-ਸਫਾਈ ਦੀ ਗਤੀਵਿਧੀ ਪੰਦਰਵਾੜੇ ਜਾਂ ਹੋਰ ਗਤੀਵਿਧੀਆਂ ਤੱਕ ਸੀਮਿਤ ਹੋ ਕੇ ਨਹੀਂ ਰਹਿਣੀ ਚਾਹੀਦੀ ਸਗੋਂ ਰੋਜਾਨਾ ਪੱਧਰ ‘ਤੇ ਆਪਣੀ ਜਿੰਮੇਵਾਰੀ ਸਮਝਦਿਆਂ ਘਰਾਂ ਅੰਦਰ ਕੂੜਾ ਡਸਟਬਿਨਾ ਵਿੱਚ ਰਖਿਆ ਜਾਵੇ, ਅਜਾਂਈ ਸੜਕਾਂ ‘ਤੇ ਨਾ ਸੁਟਿਆ ਜਾਵੇ। ਉਨ੍ਹਾਂ ਕਿਹਾ ਕਿ ਘਰਾਂ ਵਿਚ ਗਿੱਲਾ ਤੇ ਸੁੱਕਾ ਕੂੜਾ ਵੱਖਰਾ-ਵੱਖਰਾ ਰਖਿਆ ਜਾਵੇ ਤੇ ਵੱਖਰਾ-ਵੱਖਰਾ ਹੀ ਜਮ੍ਹਾਂ ਕਰਵਾਇਆ ਜਾਵੇ। ਉਨ੍ਹਾਂ ਹੋਰ ਕਿਹਾ ਕਿ ਸ਼ਹਿਰ ਵਿਖੇ ਸਾਫ-ਸਫਾਈ ਦੀ ਵਿਵਸਥਾ ਨੂੰ ਸੁਚਜਾ ਬਣਾਉਣ ਲਈ ਨਗਰ ਕੋਂਸਲ ਦਾ ਸਹਿਯੋਗ ਦਿੱਤਾ ਜਾਵੇ ਅਤੇ ਜਿਸ ਸਥਾਨ ਦੀ ਸਫਾਈ ਹੋ ਚੁੱਕੀ ਹੈ ਉਥੇ ਵਿਸ਼ੇਸ਼ ਤੌਰ ਤੇ ਕੂੜਾ ਨਾ ਸੁਟਿਆ ਜਾਵੇ।
ਉਨ੍ਹਾਂ ਅਵਾਮ ਨੂੰ ਸੰਦੇਸ਼ ਦਿੱਤਾ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਸਾਂਝਾ ਕਾਰਜ ਮੁਕੰਮਲ ਨਹੀਂ ਹੋ ਸਕਦਾ ਇਸ ਲਈ ਆਲੇ ਦੁਆਲੇ ਨੂੰ ਸਾਫ ਰੱਖਣ ਲਈ ਨਗਰ ਕੌਸਲ ਦਾ ਸਹਿਯੋਗ ਕੀਤਾ ਜਾਵੇ।