ਮਾਨਸਾ 25 ਨਵੰਬਰ : ਦੇਸ਼ ਕਲਿੱਕ ਬਿਓਰੋ
ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਮਾਲਸਾ ਵੱਲੋਂ 30 ਨਵੰਬਰ ਤੱਕ ਮਨਾਏ ਜਾ ਰਹੇ ਸਪੈਸ਼ਲ ਟੀਕਾਕਰਨ ਹਫਤੇ ਦੀ ਸ਼ੁਰੂਆਤ ਚਕੇਰੀਆਂ ਰੋੜ ਵਿਖੇ ਆਂਗਨਵਾੜੀ ਸੈਂਟਰ ਵਿਖੇ ਕੀਤੀ ਗਈ। ਇਸ ਮੌਕੇ ਬੋਲਦਿਆਂ ਡਾ ਕੰਵਲਪ੍ਰੀਤ ਬਰਾੜ ਨੇ ਕਿਹਾ ਕਿ ਕਿਸੇ ਕਾਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਪੰਜ ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਵਲੋਂ ਸਪੈਸ਼ਲ ਟੀਕਾਕਰਨ ਹਫਤੇ ਦੌਰਾਨ ਸਪੈਸ਼ਲ ਕੈਂਪਾਂ ਰਾਹੀਂ ਟੀਕਾਕਰਨ ਕੀਤਾ ਜਾਵੇਗਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਹਾਇਕ ਸਿਵਲ ਸਰਜਨ ਮਾਨਸਾ ਡਾ. ਰਵਿੰਦਰ ਸਿੰਗਲਾ ਨੇ ਕਿਹਾ ਕਿ ਇਹ ਮੁਹਿੰਮ ਅਰਬਨ, ਸਲੱਮ, ਮਾਈਗਰੇਟਰੀ ਅਬਾਦੀ, ਝੁੱਗੀ ਝੋਪੜੀਆਂ, ਭੱਠੇ ਅਤੇ ਸੈਲਰਾਂ ਆਦਿ ਵਿੱਚ ਟੀਕਾਕਰਨ ਤੋਂ ਵਾਂਝੇ ਰਹਿੰਦੇ ਬੱਚਿਆਂ ਤੇ ਗਰਭਵਤੀ ਮਾਵਾਂ ਲਈ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ ਇਸ ਹਫਤੇ ਦੌਰਾਨ ਜਿਲੇ ਵਿੱਚ ਮਾਈਕਰੋ ਪਲਾਨ ਅਨੁਸਾਰ ਸਪੈਸ਼ਲ ਕੈਂਪ ਲਗਾ ਕੇ ਟੀਕਾ ਕਰਨ ਤੋਂ ਵਾਂਝੇ ਰਹਿੰਦੇ ਬੱਚਿਆਂ ਤੇ ਗਰਭਵਤੀ ਮਾਵਾਂ ਦਾ ਸੰਪੂਰਨ ਟੀਕਾਕਰਨ ਕੀਤਾ ਜਾਵੇਗਾ।
ਡਾ.ਸਿੰਗਲਾ ਨੇ ਦੱਸਿਆ ਕਿ ਟੀਕਾਕਰਨ ਦੀ ਬਦੌਲਤ ਕਈ ਬੀਮਾਰੀਆਂ ਜਿਵੇਂ ਕਿ ਪਹਿਲਾ ਵੱਡੀ ਮਾਤਾ ਅਤੇ ਪੋਲਿਓ ਆਦਿ ਤੋਂ ਮੁਕਤੀ ਪਾਈ ਗਈ ਹੈ। ਇਸੇ ਤਰ੍ਹਾਂ ਸੰਪੂਰਨ ਟੀਕਾਕਰਨ ਘਾਤਕ ਬਿਮਾਰੀਆਂ ਤੋਂ ਮੁਕਤੀ ਪਾਉਣ ਦਾ ਇਕ ਉਪਰਾਲਾ ਹੈ ਅਤੇ ਟੀਕਾਕਰਨ ਨਾਲ ਹੀ ਬੀਮਾਰੀਆਂ ਦੀ ਰੋਕਥਾਮ ਕੀਤੀ ਜਾ ਰਹੀ ਹੈ।
ਇਸ ਮੌਕੇ ਡਾਕਟਰ ਵਰੁਣ ਮਿੱਤਲ ਨੋਡਲ ਅਫਸਰ ਨੇ ਸਮੂਹ ਮਾਨਸਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਮੂਹਿੰਮ ਦਾ ਲਾਭ ਲੈਣਾ ਚਾਹੀਦਾ ਹੈ। ਇਸ ਮੌਕੇ ਮਲਕੀਤ ਕੌਰ ਏ.ਐਨ.ਐਮ. ਅਤੇ ਮੀਨਾਕਸ਼ੀ ਕੰਪਿਊਟਰ ਅਪਰੇਟਰ ਵੈਕਸੀਨ ਮਨੇਜਰ ਵੀ ਹਾਜ਼ਰ ਸਨ।