ਆਮ ਆਦਮੀ ਪਾਰਟੀ ਭਲਕੇ ਪਟਿਆਲਾ ਤੋਂ ਅੰਮ੍ਰਿਤਸਰ ਤੱਕ ਕੱਢੇਗੀ ਸ਼ੁਕਰਾਨਾ ਯਾਤਰਾ

ਪੰਜਾਬ

ਚੰਡੀਗੜ੍ਹ, 25 ਨਵੰਬਰ, ਦੇਸ਼ ਕਲਿੱਕ ਬਿਓਰੋ :

ਆਮ ਆਦਮੀ ਪਾਰਟੀ (ਆਪ) ਪੰਜਾਬ ਵਿੱਚ ਪਾਰਟੀ ਨੂੰ ਨਵਾਂ ਪ੍ਰਧਾਨ ਅਤੇ ਕਾਰਜਕਾਰੀ ਪ੍ਰਧਾਨ ਮਿਲਣ ਅਤੇ ਜ਼ਿਮਨੀ ਚੋਣਾਂ ਵਿੱਚ ਤਿੰਨ ਸੀਟਾਂ ’ਤੇ ਮਿਲੀ ਵੱਡੀ ਜਿੱਤ ਦਾ ਜਸ਼ਨ ਮਨਾਉਣ ਲਈ ਭਲਕੇ 26 ਨਵੰਬਰ ਨੂੰ ਪਟਿਆਲਾ ਤੋਂ ਅੰਮ੍ਰਿਤਸਰ ਤੱਕ ਸ਼ੁਕਰਾਨਾ ਯਾਤਰਾ ਕੱਢੇਗੀ।

ਇਹ ਜਾਣਕਾਰੀ ‘ਆਪ’ ਆਗੂ ਅਤੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਤਰੁਣ ਪ੍ਰੀਤ ਸਿੰਘ ਸੌਂਧ ਨੇ ਪਾਰਟੀ ਦਫ਼ਤਰ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦਿੱਤੀ।  ਉਨ੍ਹਾਂ ਦੱਸਿਆ ਕਿ ਇਹ ਯਾਤਰਾ ਪਟਿਆਲਾ ਦੇ ਪ੍ਰਸਿੱਧ ਕਾਲੀ ਮਾਤਾ ਮੰਦਿਰ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਿਰ ਤੋਂ ਹੁੰਦੀ ਹੋਈ ਸ੍ਰੀ ਰਾਮ ਤੀਰਥ ਮੰਦਿਰ ਤੱਕ ਚੱਲੇਗੀ। ਪ੍ਰੈਸ ਕਾਨਫਰੰਸ ਵਿੱਚ ‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਪਾਰਟੀ ਦੇ ਬੁਲਾਰੇ ਬਿਕਰਮਜੀਤ ਪਾਸੀ ਅਤੇ ‘ਆਪ’ ਆਗੂ ਅਮਨਦੀਪ ਸਿੰਘ ਮੋਹੀ ਵੀ ਹਾਜ਼ਰ ਸਨ।

ਸੌਂਧ ਨੇ ਕਿਹਾ ਕਿ ਇਹ ਯਾਤਰਾ ਸਵੇਰੇ 9:00 ਵਜੇ ਪਟਿਆਲਾ ਕਾਲੀ ਮਾਤਾ ਮੰਦਰ ਤੋਂ ਸ਼ੁਰੂ ਹੋ ਕੇ ਸਰਹੰਦ, ਮੰਡੀ ਗੋਬਿੰਦਗੜ੍ਹ, ਖੰਨਾ, ਦੋਰਾਹਾ, ਲੁਧਿਆਣਾ, ਲਾਡੋਵਾਲ ਟੋਲ ਪਲਾਜ਼ਾ, ਫਿਲੌਰ, ਫਗਵਾੜਾ, ਜਲੰਧਰ ਅਤੇ ਕਰਤਾਰਪੁਰ ਸਾਹਿਬ ਤੋਂ ਹੁੰਦੀ ਹੋਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚੇਗੀ। ਉਥੇ ਮੱਥਾ ਟੇਕਣ ਤੋਂ ਬਾਅਦ ਦੁਰਗਿਆਣਾ ਮੰਦਿਰ ਵਿਖੇ ਮੱਥਾ ਟੇਕਣਗੇ, ਫਿਰ ਵਾਲਮੀਕਿ ਰਾਮਤੀਰਥ ਮੰਦਰ ਦੇ ਦਰਸ਼ਨ ਕਰਕੇ ਯਾਤਰਾ ਦੀ ਸਮਾਪਤੀ ਹੋਵੇਗੀ।

ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣਾਂ ਵਿੱਚ ਮਿਲੀ ਵੱਡੀ ਜਿੱਤ ਤੋਂ ਬਾਅਦ ਪਾਰਟੀ ਵਰਕਰਾਂ ਤੇ ਆਗੂਆਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।  ਲੋਕਾਂ ਨੇ ਇੱਕ ਵਾਰ ਫਿਰ ਵੱਡਾ ਫਤਵਾ ਜਾਰੀ ਕਰਕੇ ਆਮ ਆਦਮੀ ਪਾਰਟੀ ਵਿੱਚ ਆਪਣਾ ਭਰੋਸਾ ਜਤਾਇਆ ਹੈ। ਇਸ ਲਈ ਅਸੀਂ ਸਾਰੇ ਲੋਕਾਂ ਦਾ ਵੀ ਧੰਨਵਾਦ  ਕਰਦੇ ਹਾਂ। 

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿਛਲੇ ਪੌਣੇ ਤਿੰਨ ਸਾਲਾਂ ਦੌਰਾਨ ਕੀਤੇ ਕੰਮਾਂ ਨੂੰ ਦੇਖਦਿਆਂ ਲੋਕਾਂ ਨੇ ਇਹ ਫਤਵਾ ਜਾਰੀ ਕੀਤਾ ਹੈ। ਇਹ ਸਾਡੇ ਲਈ ਬਹੁਤ ਮਹੱਤਵਪੂਰਨ ਅਤੇ ਉਤਸ਼ਾਹਜਨਕ ਹੈ। ਜਿਹੜੇ ਹੰਕਾਰ ਕਰਦੇ ਸਨ ਕਿ  ਹਮੇਸ਼ਾ ਉਹੀ ਜਿੱਤਣਗੇ, ਉਨ੍ਹਾਂ ਨੂੰ ਸਬਕ ਸਿਖਾਇਆ ਹੈ। ਲੋਕਾਂ ਨੇ ਉਨ੍ਹਾਂ ਨੂੰ ਦੱਸ ਦਿੱਤਾ ਕਿ ਇਸ ਕੁਰਸੀ ‘ਤੇ ਸਾਧਾਰਨ ਪਰਿਵਾਰਾਂ ਦੇ ਧੀ-ਪੁੱਤ ਵੀ ਬੈਠ ਸਕਦੇ ਹਨ।  ਉਨ੍ਹਾਂ ਪੰਜਾਬ ਵਾਸੀਆਂ ਨੂੰ ਵੀ ਵੱਡੀ ਗਿਣਤੀ ਵਿੱਚ ਇਸ ਯਾਤਰਾ ਵਿੱਚ ਸ਼ਾਮਲ ਹੋ ਕੇ ਯਾਤਰਾ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ।

Latest News

Latest News

Leave a Reply

Your email address will not be published. Required fields are marked *