NHM ਪੰਜਾਬ ਨੇ 8 ਹਜ਼ਾਰ ਕਰਮਚਾਰੀਆਂ ਨੂੰ ਮੈਡੀਕਲ ਬੀਮਾ ਕਵਰ ਪ੍ਰਦਾਨ ਕਰਨ ਲਈ ਇੰਡੀਅਨ ਬੈਂਕ ਨਾਲ ਸਮਝੌਤਾ ਸਹੀਬੱਧ ਕੀਤਾ

ਪੰਜਾਬ

ਚੰਡੀਗੜ੍ਹ, 26 ਨਵੰਬਰ: ਦੇਸ਼ ਕਲਿੱਕ ਬਿਓਰੋ

ਨੈਸ਼ਨਲ ਹੈਲਥ ਮਿਸ਼ਨ (NHM) ਪੰਜਾਬ ਨੇ ਸਿਹਤ ਸਟਾਫ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ, ਆਪਣੇ 8,000 ਮੈਡੀਕਲ, ਪੈਰਾ-ਮੈਡੀਕਲ ਅਤੇ ਹੋਰ ਸਟਾਫ ਨੂੰ ਜ਼ਰੂਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਨਕਦ ਰਹਿਤ ਮੈਡੀਕਲ ਬੀਮਾ ਕਵਰੇਜ ਪ੍ਰਦਾਨ ਕਰਨ ਵਾਸਤੇ ਇੰਡੀਅਨ ਬੈਂਕ ਨਾਲ ਸਮਝੌਤਾ ਸਹੀਬੱਧ ਕੀਤਾ ਹੈ।
ਇਸ ਸਮਝੌਤਾ ‘ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ ਵਿੱਚ ਮਿਸ਼ਨ ਡਾਇਰੈਕਟਰ ਐਨ.ਐਚ.ਐਮ. ਪੰਜਾਬ ਘਨਸ਼ਿਆਮ ਥੋਰੀ ਅਤੇ ਫੀਲਡ ਜਨਰਲ ਮੈਨੇਜਰ ਇੰਡੀਅਨ ਬੈਂਕ ਸੰਦੀਪ ਕੁਮਾਰ ਗੋਸ਼ਲ ਵੱਲੋਂ ਹਸਤਾਖਰ ਕੀਤੇ ਗਏ।
ਛੂਤ ਦੀਆਂ ਬਿਮਾਰੀਆਂ ਦੇ ਇਲਾਜ ਨਾਲ ਜੁੜੇ ਜੋਖਮਾਂ ਬਾਰੇ ਗੱਲ ਕਰਦਿਆਂ, ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਟੇਟ ਹੈਲਥ ਸੋਸਾਇਟੀ ਨੇ ਇੱਕ ਮਜ਼ਬੂਤ ਮੈਡੀਕਲ ਬੀਮਾ ਪੈਕੇਜ ਪ੍ਰਦਾਨ ਕਰਨ ਲਈ ਇੰਡੀਅਨ ਬੈਂਕ ਨਾਲ ਭਾਈਵਾਲੀ ਕੀਤੀ ਹੈ। ਸੂਬੇ ਭਰ ਵਿੱਚ ਐਨ.ਐਚ.ਐਮ. ਪੰਜਾਬ ਅਧੀਨ ਜ਼ਰੂਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਲਗਭਗ 8,000 ਮੈਡੀਕਲ, ਪੈਰਾ-ਮੈਡੀਕਲ ਅਤੇ ਹੋਰ ਸਟਾਫ ਮੈਂਬਰਾਂ ਨੂੰ ਇਸ ਪਹਿਲਕਦਮੀ ਦਾ ਲਾਭ ਮਿਲੇਗਾ।
ਉਨ੍ਹਾਂ ਕਿਹਾ ਕਿ ਇਸ ਪੈਕੇਜ ਵਿੱਚ ਪ੍ਰਤੀ ਕਰਮਚਾਰੀ 2 ਲੱਖ ਰੁਪਏ ਤੱਕ ਦਾ ਨਕਦ ਰਹਿਤ ਮੈਡੀਕਲ ਬੀਮਾ ਕਵਰੇਜ ਅਤੇ ਪ੍ਰਤੀ ਕਰਮਚਾਰੀ 40 ਲੱਖ ਰੁਪਏ ਤੱਕ ਦਾ ਗਰੁੱਪ ਐਕਸੀਡੈਂਟਲ ਡੈਥ ਇੰਸ਼ੋਰੈਂਸ ਕਵਰੇਜ ਸ਼ਾਮਲ ਹੈ।
ਇਹ ਪਹਿਲਕਦਮੀ ਐਨ.ਐਚ.ਐਮ. ਕਰਮਚਾਰੀਆਂ ਨੂੰ ਵਧੇਰੇ ਖਰਚਿਆਂ ਦੇ ਬੋਝ ਤੋਂ ਬਿਨਾਂ ਜ਼ਰੂਰੀ ਡਾਕਟਰੀ ਇਲਾਜ ਅਤੇ ਹਸਪਤਾਲ ਵਿੱਚ ਭਰਤੀ ਹੋਣ ਦੀ ਸਹੂਲਤ ਪ੍ਰਦਾਨ ਕਰੇਗੀ। ਇਸ ਬੀਮੇ ਦਾ ਕੁੱਲ ਅਨੁਮਾਨਿਤ ਖਰਚਾ ਪ੍ਰਤੀ ਸਾਲ 4 ਕਰੋੜ ਰੁਪਏ ਦੇ ਹਿਸਾਬ ਨਾਲ ਤਿੰਨ ਸਾਲਾਂ ਲਈ ਕੁੱਲ 12 ਕਰੋੜ ਰੁਪਏ ਬਣਦਾ ਹੈ ਜੋ ਕਿ ਇੰਡੀਅਨ ਬੈਂਕ ਵੱਲੋਂ ਕੀਤਾ ਜਾਵੇਗਾ। ਇਹ ਵਿਆਪਕ ਪਹੁੰਚ ਨਾ ਸਿਰਫ਼ ਕਰਮਚਾਰੀਆਂ ਦੀ ਸੰਤੁਸ਼ਟੀ ਨੂੰ ਵਧਾਉਂਦੀ ਹੈ, ਸਗੋਂ ਇੱਕ ਸਿਹਤਮੰਦ ਅਤੇ ਵਧੇਰੇ ਉਤਪਾਦਕ ਸਟਾਫ ਯਕੀਨੀ ਬਣਾਉਣ ਵਿੱਚ ਵੀ ਯੋਗਦਾਨ ਪਾਉਂਦੀ ਹੈ, ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਆਪਣੇ ਕਰਮਚਾਰੀਆਂ ਦੀ ਭਲਾਈ ਅਤੇ ਨਾਗਰਿਕਾਂ ਦੀ ਸਮੁੱਚੀ ਸਿਹਤ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

Latest News

Latest News

Leave a Reply

Your email address will not be published. Required fields are marked *