ਰੋਪੜ, 28 ਨਵੰਬਰ, ਦੇਸ਼ ਕਲਿਕ ਬਿਊਰੋ :
ਰੋਪੜ ਦੇ ਐੱਨ.ਸੀ.ਸੀ. ਟ੍ਰੇਨਿੰਗ ਸਕੂਲ ‘ਚ ਬੁੱਧਵਾਰ ਸ਼ਾਮ ਨੂੰ ਸੀਵਰੇਜ ਲਾਈਨ ‘ਚ ਹੋਏ ਹਾਦਸੇ ਕਾਰਨ ਇੱਕ ਕੈਡੇਟ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਜਵਾਨਾਂ ਦੀ ਸਿਹਤ ਵਿਗੜ ਗਈ। ਪੁਲੀਸ ਅਨੁਸਾਰ ਐਨਸੀਸੀ ਟਰੇਨਿੰਗ ਸਕੂਲ ਵਿੱਚ ਵਿਛਾਈ ਗਈ ਸੀਵਰੇਜ ਪਾਈਪ ਲਾਈਨ ਨੂੰ ਮੇਨ ਲਾਈਨ ਨਾਲ ਜੋੜਿਆ ਜਾ ਰਿਹਾ ਸੀ।
ਇਸ ਦੌਰਾਨ ਬਿਹਾਰ ਦਾ ਰਹਿਣ ਵਾਲਾ ਬਿਗਨ ਭਗਤ (30) ਬੇਹੋਸ਼ ਹੋ ਗਿਆ, ਜਿਸ ਨੂੰ ਬਚਾਉਣ ਲਈ ਐਨਸੀਸੀ ਜਵਾਨ ਹੈੱਡ ਕਾਂਸਟੇਬਲ ਪਿੰਟੂ (38) ਵਾਸੀ ਬਿਹਾਰ ਚੈਂਬਰ ਵਿੱਚ ਦਾਖ਼ਲ ਹੋ ਗਿਆ। ਉਹ ਵੀ ਬਾਹਰ ਨਹੀਂ ਨਿਕਲ ਸਕਿਆ। ਜਦੋਂ ਬਾਕੀ ਦੋ ਜਵਾਨਾਂ ਨੇ ਉਨ੍ਹਾਂ ਨੂੰ ਬਾਹਰ ਕੱਢਿਆ ਤਾਂ ਦੋਵੇਂ ਮਰ ਚੁੱਕੇ ਸਨ। ਇਕ ਜਵਾਨ ਸਰਕਾਰੀ ਹਸਪਤਾਲ ‘ਚ ਭਰਤੀ ਹੈ, ਜਦਕਿ ਦੂਜੇ ਦੀ ਹਾਲਤ ਸਥਿਰ ਹੈ।
ਥਾਣਾ ਸਿਟੀ ਦੇ ਐਸਐਚਓ ਪਵਨ ਕੁਮਾਰ ਨੇ ਦੱਸਿਆ ਕਿ ਘਟਨਾ ਦੀ ਜਾਂਚ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਮਾਮਲੇ ਦੀ ਜਾਂਚ ਮੁਕੰਮਲ ਕਰਕੇ 48 ਘੰਟਿਆਂ ਵਿੱਚ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਰਿਪੋਰਟ ਆਉਣ ਤੋਂ ਬਾਅਦ ਸਬੰਧਤ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।