ਚੰਡੀਗੜ੍ਹ, 28 ਨਵੰਬਰ, ਦੇਸ਼ ਕਲਿਕ ਬਿਊਰੋ :
ਹਰਿਆਣਾ ਦੇ ਰੇਵਾੜੀ ‘ਚ ਗਹਿਣੇ ਲੁੱਟਣ ਦੇ ਮਾਮਲੇ ‘ਚ ਲਾਪਰਵਾਹੀ ਵਰਤਣ ਦੇ ਦੋਸ਼ ‘ਚ 4 ਥਾਣਿਆਂ ਦੇ ਐੱਸਐੱਚਓ ਨੂੰ ਇੱਕੋ ਸਮੇਂ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਬਾਵਲ ਥਾਣਾ ਇੰਚਾਰਜ ਇੰਸਪੈਕਟਰ ਲਾਜਪਤ, ਸਿਟੀ ਥਾਣਾ ਇੰਚਾਰਜ ਇੰਸਪੈਕਟਰ ਸੁਰਿੰਦਰ ਸਿੰਘ, ਮਾਡਲ ਟਾਊਨ ਥਾਣੇ ਦੇ ਇੰਚਾਰਜ ਇੰਸਪੈਕਟਰ ਮੁਕੇਸ਼ ਚੰਦ ਅਤੇ ਰੋਹੜਾਈ ਥਾਣਾ ਇੰਚਾਰਜ ਭਗਵਤ ਪ੍ਰਸਾਦ ਸ਼ਾਮਲ ਹਨ।
ਐਸਪੀ ਗੌਰਵ ਰਾਜਪੁਰੋਹਿਤ ਨੇ ਚਾਰਾਂ ਖ਼ਿਲਾਫ਼ ਵਿਭਾਗੀ ਜਾਂਚ ਦੇ ਵੀ ਹੁਕਮ ਦਿੱਤੇ ਹਨ। ਜਿਸ ਦੀ ਜਾਂਚ ਡੀਐਸਪੀ ਹੈੱਡਕੁਆਰਟਰ ਵੱਲੋਂ ਕੀਤੀ ਜਾਵੇਗੀ।
ਚਾਰਾਂ ਨੂੰ ਮੁਅੱਤਲ ਕਰਨ ਤੋਂ ਪਹਿਲਾਂ ਇਸ ਮਾਮਲੇ ‘ਚ ਅਣਗਹਿਲੀ ਲਈ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਪਰ ਰੋਹੜਾਈ ਥਾਣਾ ਇੰਚਾਰਜ ਭਾਗਵਤ ਪ੍ਰਸਾਦ ਨੂੰ ਛੱਡ ਕੇ ਤਿੰਨਾਂ ਥਾਣਿਆਂ ਦੇ ਐੱਸਐੱਚਓਜ਼ ਨੇ ਜਵਾਬ ਦੇਣ ਦੀ ਵੀ ਖੇਚਲ ਨਹੀਂ ਕੀਤੀ। ਇੰਸਪੈਕਟਰ ਭਾਗਵਤ ਪ੍ਰਸਾਦ ਵੱਲੋਂ ਦਿੱਤਾ ਗਿਆ ਜਵਾਬ ਵੀ ਤਸੱਲੀਬਖਸ਼ ਨਹੀਂ ਪਾਇਆ ਗਿਆ। ਮੁਅੱਤਲੀ ਤੋਂ ਬਾਅਦ ਚਾਰਾਂ ਇੰਸਪੈਕਟਰਾਂ ਦਾ ਮੁੱਖ ਦਫ਼ਤਰ ਪੁਲਿਸ ਲਾਈਨ ਰੇਵਾੜੀ ਹੋਵੇਗਾ।