ਪਟਿਆਲਾ, 28 ਨਵੰਬਰ, ਦੇਸ਼ ਕਲਿੱਕ ਬਿਓਰੋ :
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵਲੋਂ ਪੰਜਾਬ ਸਰਕਾਰ ਦੀ ‘ਲਾਰਾ ਲਾਊ ਤੇ ਡੰਗ ਟਪਾਊ’ ਦੀ ਗੈਰ-ਸੰਜੀਦਾ ਨੀਤੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਕੈਬਨਿਟ ਸਬ ਕਮੇਟੀ ਨਾਲ 26 ਨਵੰਬਰ ਨੂੰ ਹੋਣ ਵਾਲੀ ਮੀਟਿੰਗ ਮੁਲਤਵੀ ਕਰਕੇ 17 ਦਸੰਬਰ ਦੀ ਕਰ ਦਿੱਤੀ ਗਈ ਜਿਸਤੇ ਜਥੇਬੰਦੀ ਦੇ ਆਗੂਆਂ ਵਲੋਂ ਤਿੱਖੀ ਪ੍ਰਤੀਕ੍ਰਿਆ ਜਾਹਰ ਕੀਤੀ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਡੈਮੋਕਰੇਟਿਕ ਟੀਚਰਜ਼ ਫਰੰਟ ਪਟਿਆਲਾ ਦੇ ਜਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਰੱਖੜਾ, ਸਕੱਤਰ ਜਸਪਾਲ ਸਿੰਘ ਖਾਂਗ ਅਤੇ ਵਿੱਤ ਸਕੱਤਰ ਰਜਿੰਦਰ ਸਿੰਘ ਸਮਾਣਾ ਨੇ ਕਿਹਾ ਕਿ ਕੈਬਨਟ ਸਬ ਕਮੇਟੀ ਨਾਲ ਇਹ ਮੀਟਿੰਗ ਪਹਿਲਾਂ 20 ਨਵੰਬਰ ਨੂੰ ਹੋਣੀ ਸੀ, ਫਿਰ ਇਹ 26 ਨਵੰਬਰ ਦੀ ਕਰ ਦਿੱਤੀ ਗਈ ਹੁਣ ਇਹ 17 ਦਸੰਬਰ ਦੀ ਕਰ ਦਿੱਤੀ ਗਈ ਹੈ। ਆਗੂਆਂ ਨੇ ਇਹ ਵੀ ਦੱਸਿਆ ਕਿ ਪਿਛਲੇ ਸਮੇਂ ਵਿੱਚ ਕੈਬਨਿਟ ਸਬ ਕਮੇਟੀ ਦੀਆਂ ਜੱਥੇਬੰਦੀਆਂ ਨਾਲ ਹੋਈਆਂ ਮੀਟਿੰਗਾਂ ਵਿੱਚ ਵੀ ਨਾ ਤਾਂ ਕੈਬਨਿਟ ਸਬ ਕਮੇਟੀ ਦੇ ਪੂਰੇ ਮੈਂਬਰ ਹਾਜ਼ਰ ਹੁੰਦੇ ਹਨ ਅਤੇ ਨਾ ਹੀ ਸਮੇਂ ਸਿਰ ਇਹ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ। ਇੰਨ੍ਹਾਂ ਮੀਟਿੰਗਾਂ ਨੂੰ ਅੱਗੇ ਤੋਂ ਅੱਗੇ ਪਾਇਆ ਜਾਂਦਾ ਹੈ ਅਤੇ ਫਿਰ ਦੋ ਤਿੰਨ ਮਹੀਨੇ ਬਾਅਦ ਇੱਕ ਦਿਨ ਵੱਡੀ ਗਿਣਤੀ ਵਿੱਚ ਜੱਥੇਬੰਦੀਆਂ ਨੂੰ ਸੱਦ ਕੇ ਗੈਰ ਸੰਜੀਦਾ ਢੰਗ ਨਾਲ ਸੁਣਵਾਈ ਕੀਤੀ ਜਾਂਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਅਧਿਆਪਕਾਂ/ ਮੁਲਾਜ਼ਮਾਂ ਦੇ ਮੰਗਾਂ ਮਸਲਿਆਂ ਤੋਂ ਭਗੌੜੇ ਹੋ ਚੁੱਕੇ ਹਨ ਅਤੇ ਜੱਥੇਬੰਦੀਆਂ ਨਾਲ ਆਪ ਮੀਟਿੰਗਾਂ ਨਾ ਕਰਦੇ ਹੋਏ ਇਹ ਮੀਟਿੰਗਾਂ ਕੈਬਨਿਟ ਸਬ ਕਮੇਟੀ ਦੇ ਹਿੱਸੇ ਪਾ ਚੁੱਕੇ ਹਨ ਅਤੇ ਹੁਣ ਇਹ ਕਮੇਟੀ ਦਾ ਢਿੱਲਾ ਕੰਮ ਢੰਗ ਅਧਿਆਪਕਾਂ/ ਮੁਲਾਜ਼ਮਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਦੇ ਅਧਿਆਪਕ/ਮੁਲਾਜ਼ਮ ਸਰਕਾਰ ਪਾਸੋਂ ਆਪਣੀਆਂ ਮੰਗਾਂ ਦੀ ਸੁਣਵਾਈ ਦੀ ਉਮੀਦ ਕਰਦੇ ਹਨ ਪਰ ਜਿਸ ਤਰ੍ਹਾਂ ਮੁੱਖ ਮੰਤਰੀ ਅਤੇ ਕੈਬਨਿਟ ਸਬ ਕਮੇਟੀ ਵੱਲੋਂ ਇੰਨ੍ਹਾਂ ਦੀਆਂ ਮੰਗਾਂ ਪ੍ਰਤੀ ਅੱਖਾਂ ਮੀਟੀਆਂ ਹੋਈਆਂ ਹਨ ਇਹ ‘ਬਦਲਾਅ’ ਦੇ ਨਹੀਂ ਸਗੋਂ ‘ਨਿਘਾਰ’ ਦੇ ਸੰਕੇਤ ਹਨ। ਉਨ੍ਹਾਂ ਪ੍ਰਸ਼ਨ ਉਠਾਇਆ ਕਿ ਜੇਕਰ ਮੰਗਾਂ ਦੀ ਸੁਣਵਾਈ ਨੂੰ ਹੀ ਲੰਮੇ ਸਮੇਂ ਲਈ ਟਾਲਿਆ ਜਾਵੇਗਾ ਤਾਂ ਮੰਗਾਂ ਨੂੰ ਹੱਲ ਕਰਨ ਲਈ ਕਿੰਨਾ ਸਮਾਂ ਲੱਗੇਗਾ? ਆਗੂਆਂ ਮੰਗ ਕੀਤੀ ਕਿ ਮੁੱਖ ਮੰਤਰੀ ਅਤੇ ਕੈਬਨਿਟ ਸਬ ਕਮੇਟੀ ਨੂੰ ਅਧਿਆਪਕਾਂ/ਮੁਲਾਜ਼ਮਾਂ ਦੀਆਂ ਮੰਗਾਂ ਦੇ ਹੱਲ ਸਬੰਧੀ ਕੋਈ ਠੋਸ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਅਧਿਆਪਕਾਂ/ਮੁਲਾਜ਼ਮਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਮਿਲ ਸਕਣ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਜਿਲ੍ਹਾ ਮੀਤ ਪ੍ਰਧਾਨ ਜਗਪਾਲ ਸਿੰਘ ਚਹਿਲ, ਭੁਪਿੰਦਰ ਸਿੰਘ ਮਰਦਾਂਹੇੜੀ ਅਤੇ ਰਾਮਸ਼ਰਨ ਅਲੋਹਰਾਂ, ਜੁਆਇੰਟ ਸਕੱਤਰ ਗੁਰਵਿੰਦਰ ਸਿੰਘ ਖਟੜਾ, ਪ੍ਰੈਸ ਸਕੱਤਰ ਹਰਵਿੰਦਰ ਸਿੰਘ ਬੇਲੂਮਾਜਰਾ, ਸਹਾਇਕ ਵਿੱਤ ਸਕੱਤਰ ਮੈਡਮ ਮਨਦੀਪ ਕੌਰ ਟੋਡਰਪੁਰ, ਸਹਾਇਕ ਪ੍ਰੈਸ ਸਕੱਤਰ ਗਗਨ ਰਾਣੂ ਅਤੇ ਬਲਾਕ ਪ੍ਰਧਾਨ ਸੁਖਪਾਲ ਰੋਮੀ ਪਟਿਆਲਾ, ਜਤਿੰਦਰ ਸਿੰਘ ਰਾਜਪੁਰਾ, ਰਾਜੀਵ ਕੁਮਾਰ ਪਾਤੜਾਂ, ਕ੍ਰਿਸ਼ਨ ਸਿੰਘ ਚੌਹਾਣਕੇ, ਗੁਰਪ੍ਰੀਤ ਸਿੰਘ ਭਾਦਸੋਂ, ਆਦਿ ਮੌਜੂਦ ਸਨ।