ਚੰਡੀਗੜ੍ਹ: 28 ਨਵੰਬਰ, ਦੇਸ਼ ਕਲਿੱਕ ਬਿਓਰੋ
ਇਪਟਾ, ਪੰਜਾਬ ਅਤੇ ਪੰਜਾਬ ਕਲਾ ਪ੍ਰੀਸ਼ਦ ਵੱਲੋਂ ਇਪਟਾ, ਚੰਡੀਗੜ੍ਹ ਦੇ ਸਹਿਯੋਗ ਨਾਲ ਨੌਜਵਾਨਾਂ ਵਿਚ ਵਿਦੇਸ਼ ਜਾਣ ਦੀ ਹੋੜ/ਭੇਡਚਾਲ ਅਤੇ ਉੱਥੇ ਜਾ ਕੇ ਹੋ ਰਹੀਆਂ ਖੱਜਲ-ਖੁਆਰੀਆਂ ਅਤੇ ਸੰਕਟਾਂ ਦੀ ਬਾਤ ਪਾਉਂਦੀਆਂ ਪੰਜਾਬ ਕਲਾ ਭਵਨ ਸੈਕਟਰ,16, ਚੰਡੀਗੜ੍ਹ ਵਿਖੇ 29 ਨਵੰਬਰ ਨੂੰ ਸ਼ਾਮ 4.30 ਵਜੇ ਸਰੀ ਕੇਨੈਡਾ ਰਹਿੰਦੇ ਨਾਟ-ਕਰਮੀ ਨਵਲਪ੍ਰੀਤ ਰੰਗੀ (ਨਾਟ-ਕਰਮੀ) ਦੀ ਲਿਖੀ ਤੇ ਨਿਰਦੇਸ਼ਤ ਦਸਤਾਵੇਜ਼ੀ ਫਿਲਮ ‘ਪੌੜੀ’ ਦੇ ਪ੍ਰਦਰਸ਼ਨ ਨਾਲ ਪੰਜਾਬ ਵਿਚ ਦਸਤਾਵੇਜ਼ੀ ਫਿਲਮਾਂ ਦੇ ਪ੍ਰਦਰਸ਼ਨਾਂ ਦੀ ਲੜੀ ਦਾ ਅਗ਼ਾਜ਼ ਹੋ ਰਿਹਾ ਹੈ।ਵਿਦੇਸ਼ ਜਾਣ ਲਈ ਤਰਲੋ-ਮੱਛੀ ਹੋ ਰਹੇ ਪੰਜਾਬੀਆਂ ਨੂੰ ਉੱਥੋਂ ਦੀ ਤਲਖ ਹਕੀਕਤਾਂ ਤੋਂ ਜਾਣੂੰ ਕਰਵਾਉਂਦੀਆਂ ਦਸਤਾਵੇਜ਼ੀ ਫਿਲਮਾਂ ‘ਪੌੜੀ’ ਅਤੇ ‘ਬੇਵਤਨੇ’ ਦੇ ਪੰਜਾਬ ਵਿਚ ਪ੍ਰਦਰਸ਼ਨ ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਤੇ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ ਦੀ ਰਹਿਨੁਮਾਈ ਹੇਠ ਹੋ ਰਿਹਾ ਹੈ।
ਇਹ ਜਾਣਕਾਰੀ ਦਿੰਦੇ ਦਸਤਾਵੇਜ਼ੀ ਫਿਲਮਾਂ ਦੇ ਪ੍ਰਦਰਸ਼ਨਾਂ ਦੀ ਲੜੀ ਦੇ ਕਨਵੀਨਰ ਨੀਰਜ ਕੌਸ਼ਿਕ ਅਤੇ ਕੋ-ਕਨਵੀਨਰ ਸੁਰਿੰਦਰ ਪਾਲ ਸਿੰਘ ਦੱਸਿਆ ਕਿ ਇਪਟਾ, ਪੰਜਾਬ ਵੱਲੋਂ ਆਪਣੀਆਂ ਜ਼ਿਲ੍ਹਾ ਇਕਾਈਆਂ ਦੇ ਸਹਿਯੋਗ ਨਾਲ ਗੁਰਦਾਸਪੁਰ,ਪਠਾਨਕੋਟ,ਅੰਮ੍ਰਿਤਸਰ,ਕਪੂਰਥਲਾ,ਜਲੰਧਰ,ਫਗਵਾੜਾ,ਲੁਧਿਆਣਾ,ਹੁਸ਼ਿਆਪੁਰ,ਰੋਪੜ, ਮੁਹਾਲੀ,ਪਟਿਆਲਾ, ਸੰਗਰੂਰ, ਮਾਨਸਾ ਅਤੇ ਬਠਿੰਡਾ ਦਸਤਾਵੇਜ਼ੀ ਫਿਲਮਾਂ ‘ਪੋੜੀ’ ਅਤੇ ‘ਬੇਵਤਨੇ’ ਦੇ ਪ੍ਰਦਰਸ਼ਨਾਂ ਦਾ ਇੰਤਜ਼ਾਮ ਕੀਤਾ ਜਾਵੇਗਾ।