ਡਾ ਅਜੀਤਪਾਲ ਸਿੰਘ ਐਮ ਡੀ
ਹਰ ਬੰਦੇ ਦੇ ਬਿਮਾਰ ਹੋਣ ਤੇ ਪ੍ਰਤੀਕਰੀਆਂ ਵੱਖ ਵੱਖ ਹੁੰਦੀ ਹੈ l ਕੁੱਝ ਲੋਕ ਵੱਡੀ ਤੋਂ ਵੱਡੀ ਬਿਮਾਰੀ ਚ ਵੀ ਹੱਸਦੇ ਰਹਿੰਦੇ ਹਨ, ਜਦ ਬਾਕੀ ਮਮੂਲੀ ਰੋਗਾਂ ਕਰਕੇ ਵੀ ਪ੍ਰੇਸ਼ਾਨ ਹੋ ਜਾਂਦੇ ਹਨ l ਹਰ ਛੋਟੀ ਤੋਂ ਵੱਡੀ ਬਿਮਾਰੀ ਦੇ ਕਸ਼ਟ ਦੇ ਕਾਰਨ ਨਿਰਾਸ਼ਾ, ਦੁੱਖ ਤੇ ਉਦਾਸੀ ਹੁੰਦੀ ਹੈ l ਗੰਭੀਰ ਤੇ ਲੰਬੇ ਅਰਸੇ ਦੇ ਰੋਗ ਜਿਵੇਂ ਹਾਈ ਬਲੱਡ ਪੈਸ਼ਰ,ਕੈਂਸਰ, ਗਠੀਆ ਤੇ ਹੱਡੀਆਂ ਦੇ ਰੋਗ ਆਦਿ ਨਾਲ ਪੀੜਤ ਹੋਣ ਤੇ ਤਾਂ ਕੁੱਝ ਬੰਦੇ ਗੰਭੀਰ ਉਦਾਸੀ ਦਾ ਸ਼ਿਕਾਰ ਹੋ ਜਾਂਦੇ ਹਨ l ਬਿਮਾਰੀ ਦੌਰਾਨ ਰੋਗ ਦੇ ਇਲਾਜ, ਦਵਾਈਆਂ ਦਾ ਅਸਰ, ਦਵਾਈਆਂ ਦੀ ਵਰਤੋਂ ਕਰਨ ਤੇ ਸਿਹਤਮੰਦ ਹੋਣ ਲਈ ਸਕਾਰਾਤਮਕ ਸੋਚ ਦੀ ਅਹਿਮ ਭੂਮਿਕਾ ਹੁੰਦੀ ਹੈ l ਜੋ ਸਿਹਤ ਲਈ ਆਸਵੰਦ ਹੁੰਦੇ ਹਨ, ਸਾਕਾਰਤਮਕ ਵਿਚਾਰਾਂ ਵਾਲੇ ਹੁੰਦੇ ਹਨ, ਜੋ ਪ੍ਰਹੇਜ ਰੱਖਦੇ ਤੇ ਸਹੀ ਨਿਯਮਤ ਇਲਾਜ਼ ਕਰਵਾਉਂਦੇ ਹਨ, ਉਹ ਜਲਦੀ ਹੀ ਤੰਦਰੁਸਤ ਹੋ ਜਾਂਦੇ ਹਨ l
ਇਸ ਦੇ ਉਲਟ ਜੋ ਉਦਾਸੀ ਦੀ ਮਾਰ ਹੇਠ ਆ ਜਾਂਦੇ ਹਨ ਤੇ ਨਿਰਾਸ਼ਾ ਕਾਰਨ ਸੋਚਦੇ ਹਨ ਕਿ ਦਵਾਈ ਦਾ ਕੀ ਫਾਇਦਾ ? ਉਹ ਇਲਾਜ ਕਰਵਾਉਣ ਚ ਆਨਾਕਾਨੀ ਕਰਦੇ ਹਨ,ਦਵਾਈਆਂ ਨਿਯਮਤ ਨਹੀਂ ਵਰਤਦੇ ਤੇ ਇਲਾਜ਼ ਅੱਧ ਵਿਚਕਾਰ ਛੱਡ ਦਿੰਦੇ ਹਨ l ਮਾਨਸਿਕ ਹਾਲਤ ਹੋਣ ਕਾਰਨ ਇਹਨਾਂ ਚ ਦਵਾਈਆਂ ਘੱਟ ਹੀ ਅਸਰ ਕਰਦੀਆਂ ਹਨ l ਜੇ ਦਵਾਈ ਵਰਤਦੇ ਵੀ ਹਨ ਤਾਂ ਇਹਨਾਂ ਨੂੰ ਸਾਕਾਰਤਮਕ ਮਾਨਸਿਕਤਾ ਵਾਲਿਆਂ ਦੇ ਮੁਕਾਬਲਤਨ ਸਿਹਤ ਦਾ ਲਾਭ ਦੇਰੀ ਨਾਲ ਹੁੰਦਾ ਹੈ l ਮੇਰੇ ਇੱਕ ਮਿੱਤਰ ਦੀ ਪਤਨੀ ਨੂੰ ਹੈ ਬਲੱਡ ਪ੍ਰੈਸ਼ਰ ਹੈ, ਨਾਲ ਹੀ ਉਦਾਸੀ ਦੀ ਬਿਮਾਰੀ ਵੀ l ਉਹਨਾਂ ਦੇ ਵਿਚਾਰ ਹਨ ਕਿ ਉਹ ਗੰਭੀਰ ਰੋਗ ਤੋਂ ਪੀੜਤ ਹਨ,ਜਿਸ ਦਾ ਸਹੀ ਇਲਾਜ ਸੰਭਵ ਨਹੀਂ ਹੈ l ਇਸ ਲਈ ਉਹ ਨਾ ਤਾਂ ਪ੍ਰਹੇਜ ਕਰਦੀ ਹੈ ਤੇ ਨਾ ਹੀ ਇਲਾਜ,ਜਿਸ ਕਾਰਨ ਉਸ ਨੂੰ ਉਲਝਣਾ ਪੈਦਾ ਹੋਣ ਲਗੀਆਂ ਹਨ, ਨਿਰਾਸ਼ਾ ਵੱਧ ਗਈ ਹੈ ਤੇ ਉਹ ਇੱਕ ਗੁੰਝਲਦਾਰ ਗਧੀਗੇੜ ਵਿੱਚ ਫਸ ਗਈ ਹੈ l ਕਿਸੇ ਵੀ ਸ਼ਰੀਰਕ ਰੋਗ ਦੇ ਇਲਾਜ ਦੇ ਨਾਲ ਨਾਲ ਰੋਗੀ ਦੀ ਮਾਨਸਿਕਤਾ ਦਾ ਇਲਾਜ ਵੱਧ ਮਹੱਤਵਪੂਰਨ ਹੁੰਦਾ ਹੈ l ਅਜਿਹੀਆਂ ਅਨੇਕਾਂ ਮਿਸਾਲਾਂ ਮਿਲ ਜਾਂਦੀਆਂ ਹਨ, ਜਿਸ ਚ ਮਜਬੂਤ ਇੱਛਾ ਰੋਗ ਦੀ ਸ਼ਕਤੀ,ਸਾਕਾਰਤਮਕ ਵਿਚਾਰਾਂ ਰਾਹੀਂ ਜਟਿਲ ਤੇ ਗੰਭੀਰ ਰੋਗਾਂ ਤੇ ਵੀ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ l ਰੋਗ ਦੀ ਹਾਲਤ ਚ ਦੁੱਖ ਤੇ ਉਦਾਸੀ ਹੋਣਾ ਸੰਭਵ ਹੈ, ਪਰ ਕੁੱਝ ਕੁ ਰੋਗਾਂ ਦੀ ਗੰਭੀਰਤਾ ਨਾਲ ਉਦਾਸੀ ਵੱਧ ਹੁੰਦੀ ਹੈ l ਗੰਭੀਰ ਤੇ ਲੰਮੇ ਸਮੇਂ ਦੇ ਰੋਗਾਂ ਚ ਕਸ਼ਟ ਤੇ ਮੌਤ ਦੇ ਡਰ ਕਾਰਨ ਉਦਾਸੀ ਹੋ ਸਕਦੀ ਹੈ l ਜਦ ਕਿ ਕੁੱਝ ਰੋਗਾਂ ਜਿਵੇਂ ਕਿ ਥਾਰਾਇਡ ਹਾਰਮੋਨ ਦੇ ਘੱਟ ਰਸਾਅ ਕਰਕੇ ਬਣੇ ਰੋਗ ਮਿਕਸੀਡੀਮਾ,ਐਡ੍ਰੀਨਲ ਗਲੈਂਡ ਦੇ ਹਾਰਮੋਨ ਦੇ ਘੱਟ ਰਸਾਅ ਕਰਕੇ ਐਡੀਸਨ ਰੋਗ,ਪੈਰਾਥਾਇਰਡ ਗ੍ਰੰਥੀ ਤੋਂ ਘੱਟ ਹਾਰਮੋਨ ਰਸਾ ਹੋਣ, ਖੂਨ ਦਾ ਗੁਲੂਕੋਜ਼ ਘੱਟ ਹੋਣ,ਪੈਲੇਗਰਾ,ਪ੍ਰਨੀਸ਼ੀਅਸ ਅਨੀਮੀਆ, ਅਨੋਰੈਕਸੀਆ (ਭੁੱਖ ਘੱਟ ਲੱਗਣੀ), ਰੁਮੇਟਿਆਇਡ ਆਰਥਰਾਇਟ੍ਸ (ਗਠੀਆ),ਨਿਊਰੋਸਿਫ਼ਲਸ,ਜਿਗਰ ਦੇ ਰੋਗਾਂ,ਦਿਮਾਗ ਦੇ ਰੋਗਾਂ,ਪਾਰਕਿਨਸ਼ਨ, ਨਾਰਕੋਲੇਪਸੀ,ਵਿਲਸਨ ਰੋਗ,ਮਾਈਗ੍ਰੇਨ,ਦਿਮਾਗ ਚ ਚੋਟ ਦੀ ਇਨਫੈਕਸ਼ਨ,ਟਿਊਮਰ,ਏਡਜ਼ ਆਦਿ ਵਿੱਚ ਉਦਾਸੀ/ਡਿਪ੍ਰੈਸ਼ਨ ਰੋਗ ਦਾ ਇੱਕ ਲੱਛਣ ਹੁੰਦੀ ਹੈ l ਇਹਨਾਂ ਚ ਰੋਗ ਦੇ ਇਲਾਜ਼ ਦੇ ਨਾਲ ਨਾਲ ਉਦਾਸੀ ਦਾ ਇਲਾਜ ਵੀ ਜ਼ਰੂਰੀ ਹੁੰਦਾ ਹੈ l ਕੁੱਝ ਦਵਾਈਆਂ ਜਿਵੇਂ ਰੈਸਪਰਿਨ,ਮਿਥਾਇਲ ਡੋਪਾ, ਨੀਂਦ ਦੀਆਂ ਦਵਾਈਆਂ,ਸਿਮੇਟੀਡਿਨ,ਕਾਰਟੀਸੋਲ,ਸਾਇਕਲੋਸਪੋਰਿਨ,ਵਿਨਕ੍ਰਿਸਟਿਨ,ਪ੍ਰੋਪੈਨਾਲ,ਡਿਜੀਟੈਲਿਸ ਆਦਿ ਡਿ ਵਰਤੋਂ ਕਰਕੇ ਵੀ ਉਦਾਸੀ ਹੋ ਸਕਦੀ ਹੈ l
ਸ਼ੂਗਰ ਦੀ ਬਿਮਾਰੀ ਤੇ ਉਦਾਸੀ :
ਸ਼ੂਗਰ ਦੀ ਬਿਮਾਰੀ ਜਿੰਦਗੀ ਭਰ ਰਹਿਣ ਵਾਲਾ ਰੋਗ ਹੈ l ਸ਼ੂਗਰ ਦੇ ਇੱਕ ਤਿਹਾਈ ਰੋਗੀ ਅਕਸਰ ਉਦਾਸੀ ਦਾ ਸ਼ਿਕਾਰ ਹੋ ਜਾਂਦੇ ਹਨ l ਉਦਾਸੀ ਦਾ ਸ਼ਿਕਾਰ ਹੋਣ ਤੇ ਰੋਗੀ ਪ੍ਰਹੇਜ ਕਰਨ ਤੇ ਇਲਾਜ਼ ਲਈ ਦਵਾਈਆਂ ਖਾਣ ਪ੍ਰਤੀ ਲਾਹਪ੍ਰਵਾਹ ਹੋ ਜਾਂਦੇ ਹਨ l ਰੋਗ ਕੰਟਰੋਲ ਚ ਨਾ ਰਹਿਣ ਕਰਕੇ ਤੰਤੂ ਪ੍ਰਬੰਧ,ਦਿੱਲ ਆਦਿ ਦੀਆਂ ਗੁੰਝਲਾਂ ਹੋਣ ਦੀ ਜਬਰਦਸਤ ਸੰਕਾ ਹੋ ਜਾਂਦੀ ਹੈ l
ਸ਼ਰਾਬ ਤੇ ਉਦਾਸੀ :
ਲੰਮੇ ਸਮੇਂ ਤੱਕ ਸ਼ਰਾਬ ਪੀਣ ਵਾਲੇ ਗੰਭੀਰ ਉਦਾਸੀ ਦਾ ਸ਼ਿਕਾਰ ਹੋ ਜਾਂਦੇ ਹਨ l ਫਿਰ ਇਹਨਾਂ ਦੀ ਮਾਤਰਾ ਵਧਦੀ ਜਾਂਦੀ ਹੈ l ਸ਼ਰਾਬ ਦੇ ਮਾੜੇ ਅਸਰ ਹੋ ਸਕਦੇ ਹਨ ਇਥੋਂ ਤੱਕ ਕਿ ਖੁਸ਼ੀ ਦੇ ਮੌਕੇ ਸ਼ਰਾਬ ਪੀਣ ਪਿੱਛੋਂ ਵੀ ਉਸ ਦੀ ਖੁਮਾਰੀ ਉਤਰਨਾ ਤੇ ਵੀ ਉਦਾਸੀ ਹੋ ਸਕਦੀ ਹੈ l ਇਹ ਉਦਾਸੀ ਕਈ ਦਿਨ ਤੱਕ ਬਣੀ ਰਹਿੰਦੀ ਹੈ l
ਮੋਟਾਪਾ ਅਤੇ ਉਦਾਸੀ :
ਮੋਟੇ ਲੋਕ ਅਕਸਰ ਹਸਮੁੱਖ ਹੁੰਦੇ ਹਨ l ਇਸ ਦਾ ਸੁਭਾਅ,ਵਿਚਾਰਹੀਣਤਾ ਨੂੰ ਢਕਣ ਦਾ ਸਿੱਟਾ ਹੈ l ਉਦਾਸੀ ਗ੍ਰਸਿਤ ਹੋਣ ਤੇ ਕਈ ਲੋਕਾਂ ਦੀ ਭੁੱਖ ਵਧ ਜਾਂਦੀ ਹੈ ਤੇ ਭੋਜਨ ਉਹ ਵਧ ਮਾਤਰਾ ਚ ਖਾਂਦੇ ਹਨ l ਜਿਸ ਕਾਰਨ ਉਹਨਾਂ ਦਾ ਵਜਨ ਵਧਦਾ ਹੈ ਤੇ ਉਹ ਮੋਟੇ ਹੋ ਜਾਂਦੇ ਹਨ l ਜੋ ਮਾਪੇ ਆਪਣੀ ਛੋਟੇ ਬੱਚਿਆਂ ਨੂੰ ਘਰ ਇਕਲੇ ਛੱਡ ਕੇ ਆਪ ਕੰਮ ਤੇ ਚਲੇ ਜਾਂਦੇ ਹਨ, ਉਹਨਾਂ ਦੇ ਬੱਚੇ ਘਰ ਡਰੇ ਸਹਿਮੇ ਰਹਿੰਦੇ ਹਨ l ਘਰ ਚ ਇਕੱਲੇ ਹੋਣ ਕਾਰਨ ਉਹ ਵਾਰ ਵਾਰ ਖਾਂਦੇ ਹਨ ਤੇ ਮੋਟੇ ਹੋ ਜਾਂਦੇ ਹਨ l
ਉਦਾਸੀ ਅਤੇ ਯਾਦਾਸ਼ਤ :
ਬਹੁਤੇ ਗੰਭੀਰ ਉਦਾਸੀ ਗ੍ਰਸਿਤ ਮਰੀਜਾਂ ਵਿੱਚ ਯਾਦਾਸ਼ਤ ਦੀ ਕਮੀ ਹੋ ਸਕਦੀ ਹੈ l ਕੁਝ ਉਦਾਸੀ ਗ੍ਰਸਿਤ ਬੰਦੇ ਗੰਭੀਰ ਰੂਪ ਚ ਯਾਦਾਸ਼ਤ ਘੱਟ ਹੋਣ ਦੀ ਸ਼ਕਾਇਤ ਕਰਦੇ ਹਨ l ਕੁਝ ਵਿੱਚ ਅਸਲ ਵਿੱਚ ਯਾਦਾਸ਼ਤ ਘੱਟ ਨਹੀਂ ਹੁੰਦੀ ਪਰ ਉਦਾਸੀ ਕਾਰਨ ਇਕਾਗਰਤਾ ਚ ਕਮੀ, ਕੰਮ ਕਰਨ ਚ ਦਿਲ ਨਾ ਲਗਣਾ, ਪਹਿਲਕਦਮੀ ਨਾ ਕਰਨ ਦੀਆਂ ਸਮੱਸਿਆਵਾਂ ਆਉਂਦੀਆਂ ਹਨ l ਜੇ ਉਮਰ ਵੱਧ ਹੈ ਤਾਂ ਦਿਮਾਗ ਦੇ ਸੈਲਾਂ ਚ ਸਨਾਊ ਤੰਤ੍ਰਕਾਵਾਂ ਚ ਕਮੀ ਦਿਮਾਗ ਚ ਸਮਪ੍ਰੇਰਿਕ ਰਸਾਇਣਾਂ ਵਿੱਚ ਅਸੰਤੁਲਿਨ ਕਾਰਣ ਬੌਧਿਕ ਸਮਰੱਥਾ ਤੇ ਯਾਦਾਸ਼ਤ ਚ ਕਮੀ ਹੋ ਸਕਦੀ ਹੈ l
ਉਦਾਸੀ ਤੇ ਸ਼ਰੀਰ ਦੀ ਪ੍ਰਤੀਰੋਧਿਕ ਸਮਰੱਥਾ :
ਉਦਾਸੀ ਸਿਰਫ ਮਾਨਸਿਕ ਸਥਿਤੀ ਹੀ ਨਹੀਂ, ਇਸ ਕਾਰਨ ਸ਼ਰੀਰ ਦੇ ਅਨੇਕਾਂ ਅੰਗ ਅਸਰਅੰਦਾਜ ਹੁੰਦੇ ਹਨ l ਵਾਤਾਵਰਣ ਚ ਚਾਰੋਂ ਪਾਸੇ ਵੱਖ ਵੱਖਹਾਨੀਕਾਰਕ ਤੱਤ,ਜੀਵਾਣੂ ਮੌਜੂਦ ਹਨ ਅਤੇ ਨਿਰੰਤਰ ਸ਼ਰੀਰ ਤੇ ਹਮਲਾ ਕਰਦੇ ਰਹਿੰਦੇ ਹਨ l ਪਰ ਸਾਰੇ ਲੋਕ ਬਿਮਾਰ ਨਹੀ ਹੁੰਦੇ, ਕਿਉਂਕਿ ਸ਼ਰੀਰ ਦੀ ਪ੍ਰਤੀਰੋਧਿਕ ਪ੍ਰਣਾਲੀ/ਇਮਊਨਟੀ ਹਾਨੀਕਾਰਕ ਵਿਜਾਤੀ ਤੱਤਾਂ,ਜੀਵਾਣੂਆਂ ਦਾ ਮੁਕਬਲਾ ਕਰਕੇ ਇਸ ਨੂੰ ਬੇਅਸਰ ਕਰਦੀ ਹੈ ਜਾਂ ਨਸ਼ਟ ਕਰ ਦਿੰਦੀ ਹੈ l ਜਦੋਂ ਸ਼ਰੀਰ ਦੀ ਰੋਗ ਪ੍ਰਤੀਰੋਧਿਕ ਸਮਰੱਥਾ ਘੱਟ ਹੁੰਦੀ ਹੈ ਤਾਂ ਰੋਗ ਆਸਾਨੀ ਨਾਲ ਹੋ ਸਕਦੇ ਹਨ, ਜੋ ਗੰਭੀਰ ਰੂਪ ਅਖਤਿਆਰ ਕਰ ਸਕਦੇ ਹਨ l ਜਿਹਨਾਂ ਤੋਂ ਤੰਦਰੁਸਤ ਹੋਣ ਚ ਵੱਧ ਸਮਾਂ ਲਗਦਾ ਹੈ l ਉਦਾਸੀ ਹੋਣ ਤੇ ਰੋਗ ਪ੍ਰਤੀਰੋਧਿਕ ਸਮਰੱਥਾ ਮੁਹਈਆ ਕਰਵਾਉਣ ਵਾਲੀਆਂ ਸਫ਼ੈਦ ਰਕਤ ਕਣਿਕਾਵਾਂ/ਲਿੰਫੋਸਾਇਟਸ ਦੀ ਸਰਗਰਮੀ ਸਮਰੱਥਾ ਘੱਟ ਹੋ ਜਾਂਦੀ ਹੈ, ਜਿਸ ਕਾਰਨ ਇਹਨਾਂ ਵਿੱਚ ਇਨਫੈਕਸ਼ਨ ਤੇ ਹੋਰ ਰੋਗ ਆਸਾਨੀ ਨਾਲ ਹੋ ਜਾਂਦੇ ਹਨ l ਇਹਨਾਂ ਰੋਗਾਂ ਤੋਂ ਤੰਦਰੁਸਤ ਹੋਣ ਵੱਧ ਸਮਾਂ ਲਗਦਾ ਹੈ l
ਦਿਮਾਗ ਦੇ ਰੋਗ ਤੇ ਉਦਾਸੀ :
-ਦਿਮਾਗੀ ਰੋਗਾਂ ਦੇ ਕਾਰਨ ਵੀ ਉਦਾਸੀ ਹੋ ਸਕਦੀ ਹੈ l ਕੁੱਝ ਲੋਕਾਂ ਚ ਉਦਾਸੀ ਤੇ ਨਿਰਾਸ਼ਾ ਦੋਨੋ ਹੋ ਸਕਦੇ ਹਨ l
-ਕੁੱਝ ਦਿਮਾਗੀ ਤੇ ਤੰਤੂ ਪ੍ਰਬੰਦ ਰੋਗਾਂ ਜਿਵੇਂ ਬੌਧਿਕ ਸਮਰੱਥਾ ਚ ਕਮੀ ਹੋਣ,ਅਲਜਾਇਮਰ ਰੋਗ ਤੋਂ ਪਹਿਲਾਂ ਉਦਾਸੀ ਹੁੰਦੀ ਹੈ l
-ਕੁੱਝ ਦਿਮਾਗੀ ਰੋਗ ਜਿਵੇਂ ਪਾਰਕਿੰਸਨ,ਐਪੀਲੇਪਸੀ/ਮਿਰਗੀ ਮਲਟੀਪਲ ਸਕਲੀਰੋਸਿਸ ਆਦਿ ਵਿੱਚ ਹੋਰ ਲੱਛਣਾ ਦੇ ਨਾਲ ਉਦਾਸੀ ਵੀ ਰੋਗ ਦਾ ਇੱਕ ਲੱਛਣ ਹੁੰਦੀ ਹੈ l
- ਕੁੱਝ ਦਿਮਾਗੀ ਰੋਗਾਂ ਜਿਵੇਂ ਲਕਵਾ ਦੇ ਅਟੈਕ ਪਿੱਛੋਂ ਅਪਾਹਜ ਹੋਣਾ, ਨੌਕਰੀ ਛੁਟਣ,ਆਰਥਿਕ ਕਠਿਨਾਈਆਂ,ਬੇਵਸ ਮਹਿਸੂਸ ਕਰਕੇ ਉਦਾਸੀ ਹੋ ਸਕਦੀ ਹੈ l
-ਲਕਵਾ (ਸਟ੍ਰੋਕ) ਪਿੱਛੋਂ ਉਦਾਸੀ ਹੋਣ ਤੇ ਅਪਾਹਜਤਾ ਵਧਦੀ ਹੈ l ਇਸ ਨਾਲ ਉਦਾਸੀ ਹੋਰ ਵਧਦੀ ਹੈ ਤੇ ਇਹ ਗਧੀਗੇੜ ਚਲਦਾ ਰਹਿੰਦਾ ਹੈ l
ਕਈ ਗੰਭੀਰ ਹੋ ਸਕਦੇ ਹਨ ਉਦਾਸੀ ਕਾਰਨ ਪੈਦਾ ਹੋਏ ਰੋਗ ?
ਤਨ ਤੇ ਮਨ ਦਾ ਸਬੰਧ ਅਟੁੱਟ ਹੈ l ਉਦਾਸੀ ਕਾਰਨ ਨਾ ਸਿਰਫ ਵਿਹਾਰ,ਸੁਭਾਅ ਤੇ ਸੋਚ ਚ ਹੀ ਤਬਦੀਲੀ ਆਉਂਦੀ ਹੈ ਬਲਕਿ ਅਨੇਕਾਂ ਸ਼ਰੀਰਕ ਰੋਗਾਂ ਦੀ ਜਨਮਦਾਤੀ ਵੀ ਹੋ ਸਕਦੀ ਹੈ l ਉਦਾਸੀ ਦੀ ਹਾਲਤ ਚ ਸ਼ਰੀਰ ਦੀ ਰੋਗ ਪ੍ਰਤੀਰੋਧਿਕ ਸਮਰੱਥਾ (ਇਮੂਨਟੀ) ਤੰਤੂ ਪ੍ਰਬੰਧ ਦੇ ਕਾਰਜ ਅਨੇਕਾਂ ਜੈਵ, ਰਸਾਇਣਕ ਪ੍ਰਕ੍ਰਿਆਵਾਂ,ਅੰਤਰ-ਸਤਰਾਵੀ ਗਰੰਥੀਆਂ (endocrine glands) ਦੇ ਹਾਰਮੋਨ ਰਸਾਅ ਵੀ ਅਸਰਅੰਦਾਜ ਹੁੰਦੇ ਹਨ l ਉਦਾਸੀ ਦਾ ਸ਼ਿਕਾਰ ਹੋਣ ਤੇ ਚਮੜੀ ਦੇ ਰੋਗ ਸੋਰਾਇਸਸ, ਦੱਦ (ਇਕਜ਼ੀਮਾਂ) ਹੋ ਸਕਦੇ ਹਨ l ਇਹਨਾਂ ਚ ਦਮਾ, ਹਾਈ ਬਲੱਡ ਪੈਸ਼ਰ, ਦਿੱਲ ਦੇ ਰੋਗ, ਪੈਪਟਿਕ ਅਲਸਰ, ਸੰਗ੍ਰਹਿਣੀ, ਦਸਤ ,ਕਬਜ਼, ਹੱਡੀਆਂ-ਜੋੜਾਂ ਦੇ ਰੋਗ ਆਦਿ ਦਾ ਡਰ ਵੱਧ ਜਾਂਦਾ ਹੈ l ਦਮੇ ਦੇ ਰੋਗੀ ਜਦੋਂ ਉਦਾਸੀ ਦੇ ਚੁੰਗਲ ਚ ਫਸ ਜਾਂਦੇ ਹਨ, ਤਾਂ ਦਮੇ ਦੇ ਅਟੈਕ ਗੰਭੀਰ ਰੂਪ ਚ ਤੇ ਘੱਟ ਵਕਫ਼ੇ ਨਾਲ ਹੋਣ ਲਗਦੇ ਹਨ l ਖੋਜਾਂ ਤੋਂ ਪਤਾ ਲਗਦਾ ਹੈ ਕਿ ਉਦਾਸੀ ਦੇ ਸ਼ਿਕਾਰ ਲੋਕਾਂ ਚ ਹਾਰਟ ਅਟੈਕ ਦਾ ਖਤਰਾ ਵੱਧ ਹੁੰਦਾ ਹੈ l
ਉਦਾਸੀ ਦੇ ਸ਼ਿਕਾਰ ਲੋਕ ਅਕਸਰ ਸਾਰਾ ਦਿਨ ਕਿਸੇ ਨਾ ਕਿਸੇ ਲੱਛਣ ਦੀ ਸ਼ਕਾਇਤ ਕਰਦੇ ਰਹਿੰਦੇ ਹਨ l ਕਦੀ ਸਿਰਦਰਦ,ਕਦੀ ਪੇਟ ਦਰਦ ਜਾਂ ਪੈਰ ਦਰਦ ਆਦਿ l ਉਦਾਸੀ ਦੇ ਸ਼ਿਕਾਰ ਲੋਕ ਨਿਰਾਸ਼ਾਜਨਕ ਵਿਚਾਰਾਂ ਦੇ ਕਾਰਣ ਸੌਖਿਆਂ ਇਲਾਜ਼ ਨਹੀਂ ਕਰਵਾਉਂਦੇ l ਜੇ ਸ਼ੁਰੂ ਵੀ ਕਰਦੇ ਹਨ ਤਾਂ ਨਿਯਮਤ ਦਵਾਈਆਂ ਨਹੀਂ ਵਰਤਦੇ ਜਾਂ ਇਲਾਜ਼ ਪੂਰਾ ਕਰਨ ਦੀ ਥਾਂ ਅੱਧ ਵਿਚਾਲੇ ਹੀ ਛੱਡ ਜਾਂਦੇ ਹਨ l ਇਹਨਾਂ ਨੂੰ ਦਵਾਈ ਖਵਾਉਣਾ ਔਖਾ ਹੁੰਦਾ ਹੈ l ਸਹੀ ਤੇ ਪੂਰਾ ਇਲਾਜ਼ ਨਾ ਹੋਣ ਕਰਕੇ ਇਹਨਾਂ ਨੂੰ ਸਿਹਤਮੰਦ ਹੋਣ ਚ ਵੱਧ ਸਮਾਂ ਲਗਦਾ ਹੈ l ਰੋਗ ਵੱਧ ਗੰਭੀਰ ਤੇ ਘਾਤਕ ਰੂਪ ਅਖਤਿਆਰ ਕਰ ਸਕਦੇ ਹਨ l ਉਦਾਸੀ ਦੇ ਰੋਗੀ ਡਾਕਟਰ ਦੀ ਸਲਾਹ ਦੀ ਪਾਲਣਾ ਨਹੀਂ ਕਰਦੇ l ਕਿਸੇ ਵੀ ਇਲਾਜ ਦੀ ਸਫਲਤਾ ਲਈ ਭੋਜਨ, ਜੀਵਨ ਸ਼ੈਲੀ ਤੇ ਆਦਤਾਂ ਚ ਤਬਦੀਲੀ ਲਿਆਉਣੀ ਜ਼ਰੂਰੀ ਹੈ l
ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ
98156 29301