ਪ੍ਰਧਾਨ ਜੀਤੀ ਪਡਿਆਲਾ ਨੇ ਦੋਸ਼ਾਂ ਨੂੰ ਮੁੱਢੋਂ ਨਕਾਰਿਆ
ਮੋਹਾਲੀ, 29 ਨਵੰਬਰ : ਦੇਸ਼ ਕਲਿੱਕ ਬਿਓਰੋ
ਨਗਰ ਕੌਂਸਲ ਕੁਰਾਲੀ ਵਿੱਚ ਚੱਲ ਰਹੇ ਕਥਿਤ ਭਰਿਸ਼ਟਾਚਾਰ ਸਬੰਧੀ ਆਮ ਆਦਮੀ ਪਾਰਟੀ ਦੇ ਮੌਜੂਦਾ ਕੌਂਸਲਰਾਂ ਵੱਲੋਂ ਮੌਜੂਦਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਉਤੇ ਅਧਿਕਾਰੀਆਂ ਅਤੇ ਪ੍ਰਾਈਵੇਟ ਠੇਕੇਦਾਰਾਂ ਨਾਨ ਮਿਲੀਭੁਗਤ ਕਰਕੇ ਵਿਕਾਸ ਦੇ ਨਾਂ ਉਤੇ ਲੱਖਾਂ ਰੁਪਏ ਦੇ ਘਪਲੇ ਕਰਨ ਦਾ ਦੋਸ਼ ਲਗਾਇਆ ਹੈ।
ਅੱਜ ਮੋਹਾਲੀ ਪ੍ਰੈਸ ਕਲੱਬ ਵਿੱਚ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਗੱਲਬਾਤ ਕਰਦਿਆਂ ਕੌਂਸਲਰ ਬਹਾਦਰ ਸਿੰਘ ਵਾਰਡ ਨੰਬਰ 10, ਨੰਦੀਪਾਲ ਬਾਨਸਲ ਵਾਰਡ ਨੰਬਰ 6, ਕਸ਼ਮੀਰ ਸਿੰਘ ਐਮਸੀ ਵਾਰਡ ਨੰਬਰ 12,ਪ੍ਰਦੀਪ ਕੁਮਾਰ ਰੂੜਾ ਸਾਬਕਾ ਐਮਸੀ, ਰਾਣਾ ਹਰੀਸ਼ ਕੁਮਾਰ ਮੌਜੂਦਾ ਚੇਅਰਮੈਨ ਮਾਰਕੀਟ ਕਮੇਟੀ ਕੁਰਾਲੀ, ਨਵਦੀਪ ਸਿੰਘ ਸੈਣੀ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ, ਅਸ਼ਵਨੀ ਕੁਮਾਰ ਪਤੀ ਭਾਵਨਾ ਸ਼ਰਮਾ ਐਮਸੀ ਵਾਰਡ ਨੰਬਰ 9 ਆਦਿ ਨੇ ਦੱਸਿਆ ਕਿ ਨਗਰ ਕੌਂਸਲ ਕੁਰਾਲੀ ਵਿੱਚ ਲੱਖਾਂ ਰੁਪਏ ਦੇ ਘਪਲੇ ਹੋ ਰਹੇ ਹਨ,ਜਿਸਦੀ ਦੀ ਜਾਂਚ ਵਿਜੀਲੈਂਸ ਬਿਊਰੋ ਵੱਲੋਂ ਤੁਰੰਤ ਕਰਵਾਈ ਜਾਵੇ ਅਤੇ ਸ਼ਹਿਰ ਦਾ ਅਜਾਈਂ ਜਾ ਰਿਹਾ ਪੈਸਾ ਬਚਾਇਆ ਜਾਵੇ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਸ਼ਹਿਰ ਕੁਰਾਲੀ ਦੀ ਆਬਾਦੀ 50 ਹਜਾਰ ਦੇ ਕਰੀਬ ਹੈ। ਉਹਨਾਂ ਦੱਸਿਆ ਕਿ ਨਗਰ ਕੌਂਸਲ ਕੁਰਾਲੀ ਵਿਖੇ ਵਿਕਾਸ ਕਾਰਜਾਂ ਦੇ ਨਾਂ ਉਤੇ ਮਿਲੀਭੁਗਤ ਕਰਕੇ ਕਥਿਤ ਤੌਰ ਉਤੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਵੱਲੋਂ ਪ੍ਰਾਈਵੇਟ ਅਤੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਲੁੱਟਿਆ ਜਾ ਰਿਹਾ ਹੈ ਅਤੇ ਬਿਨਾਂ ਕੰਮ ਕੀਤਿਆਂ ਉਹਨਾਂ ਦੀਆਂ ਅਦਾਇਗੀਆਂ ਕਰਕੇ ਕਿਵੇਂ ਕੁਰੱਪਸ਼ਨ ਕੀਤੀ ਜਾ ਰਹੀ। ਉਹਨਾਂ ਦੱਸਿਆ ਕਿ ਇਹ ਘਪਲੇ ਦਾ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਉਹਨਾਂ ਵੱਲੋਂ ਮਿਤੀ 17-8-2024 ਨੂੰ ਪ੍ਰਿੰਸੀਪਲ ਸਕੱਤਰ ਸਥਾਨਕ ਸਰਕਾਰਾਂ ਤੋਂ ਨਗਰ ਕੌਂਸਲ ਕੁਰਾਲੀ ਵਿੱਚ ਹੋਰ ਇਹ ਕੰਮਾਂ ਸਬੰਧੀ ਆਰਟੀਏ ਤਹਿਤ ਸੂਚਨਾ ਮੰਗੀ। ਸੂਚਨਾ ਤਹਿਤ ਪਤਾ ਲੱਗਿਆ ਕਿ ਵਾਰਡ ਨੰਬਰ 12 ਦੇ ਦੋ ਕੰਮ ਜਿਸ ਦੀ ਅਨੁਮਾਨਤ ਲਾਗਤ 50 ਲੱਖ ਰੁਪਏ ਹੈ, ਕਰਕੇ ਆਵਾਂ ਮੈਂ ਕੰਸਟਰਕਸ਼ਨ ਆਫ ਪ੍ਰੋਟੈਕਸ਼ਨ ਵਾਲ ਐਂਡ ਬਿਊਟੀਫਿਕੇਸ਼ਨ ਆਫ ਪ੍ਰੋਸੈਸਿੰਗ ਡੰਪ ਸਾਈਟਸ ਇਨਕਲੂਡਿੰਗ ਬਫਰ ਜੋਨ ਤਿੰਨ ਲੇਅਰ ਪਲਾਂਟੇਸ਼ਨ ਅਨੁਮਾਨਤ ਲਾਗਤ 12.50 ਲੱਖ ਰੁਪਏ ਜਿਸ ਵਿੱਚ ਸਾਢੇ 450 ਫੁੱਟ ਦੀ ਦੀਵਾਰ ਅਤੇ ਇੱਕ ਕਮਰੇ ਦੀ ਉਸਾਰੀ ਹੋਣੀ ਸੀ, ਇਹ ਕੰਮ ਜੋ ਕਿ ਲਗਭਗ 62.20 ਲੱਖ ਰੁਪਏ ਦੇ ਸਨ ਜਦੋਂ ਕਿ ਮੌਕੇ ਤੇ ਇੱਕ ਰੁਪਏ ਦਾ ਵੀ ਕੰਮ ਨਹੀਂ ਹੋਇਆ ਤੇ ਇਹਨਾਂ ਨਾ ਹੋਏ ਕੰਮਾਂ ਦੀਆਂ 62.20 ਲੱਖ ਰੁਪਏ ਦੀਆਂ ਅਦਾਇਗੀਆਂ ਕਰਕੇ ਨਗਰ ਕੌਂਸਲ ਕੁਰਾਲੀ ਨੂੰ ਵਿੱਤੀ ਘਾਟਾ ਪਾਇਆ ਗਿਆ।
ਉਹਨਾਂ ਦੱਸਿਆ ਜਦੋਂ ਕਿ ਇਹਨਾਂ ਪਹਿਲੇ ਦੋਨਾਂ ਐਸਟੀਮੇਟਾਂ ਵਿੱਚ ਪੇਵਰ ਬਲਾਕ ਲਗਾਉਣੇ ਸਨ, ਜਦੋਂ ਕਿ ਐਸਟੀਮੇਟਮ ਮੁਤਾਬਿਕ 17.50 ਲੱਖ ਰੁਪਏ ਦੇ 32 ਹਜਾਰ ਵਰਗ ਫੁੱਟ ਪੇਵਰ ਲਾਉਣੇ ਸੀ, ਪਰ ਮੌਕੇ ਤੇ ਇੱਕ ਵੀ ਪੇਪਰ ਬਲਾਕ ਨਹੀਂ ਲਾਇਆ ਗਿਆ। ਮੁਹੱਲਾ ਨਿਵਾਸੀਆਂ ਵੱਲੋਂ ਇਸ ਕੰਮ ਸਬੰਧੀ ਸਾਨੂੰ ਦਰਖਾਸਤ ਦਿੱਤੀ ਗਈ ਅਤੇ ਨਾਲ ਹੀ 12.50 ਲੱਖ ਰੁਪਏ ਦੇ ਵਿਕਾਸ ਕਾਰਜ ਨਹੀਂ ਕੀਤੇ ਗਏ, ਜਦਕਿ ਕੰਮ ਦੀ ਅਦਾਇਗੀ ਵੀ ਠੇਕੇਦਾਰ ਨੂੰ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਠੇਕੇਦਾਰਾਂ ਨਾਲ ਮਿਲ ਕੇ ਸ਼ਰ੍ਹੇਆਮ ਸਰਕਾਰ ਨੂੰ ਚੂਨਾ ਲਗਾਇਆ ਜਾ ਰਿਹਾ ਹੈ।
ਉਹਨਾਂ ਅੱਗੇ ਦੱਸਿਆ ਕਿ ਨਗਰ ਕੌਂਸਲ ਕੁਰਾਲੀ ਵੱਲੋਂ ਮਿਤੀ 01-01- 2022 ਤੋਂ 01-08- 2024 ਤੱਕ ਕੀਤੇ ਸਮੂਹ ਵਿਕਾਸ ਕਾਰਜ, ਜਿਹੜੇ 20-20 ਹਜ਼ਾਰ ਤੱਕ ਦੀਆਂ ਕੋਟੇਸ਼ਨਾਂ ਰਾਹੀਂ ਕਰਵਾਏ ਗਏ ਸਨ, ਉਹਨਾਂ ਬਾਰੇ ਵੀ ਕੋਈ ਸੂਚਨਾ ਮੁਹੱਈਆ ਨਹੀਂ ਕਰਵਾਈ ਗਈ। ਇਸ ਤਰ੍ਹਾਂ ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਲੋਕਾਂ ਤੋਂ ਟੈਕਸਾਂ ਦੇ ਰੂਪ ਵਿਚ ਵਸੂਲ ਕੀਤੀ ਖੂਨ ਪਸੀਨੇ ਦੀ ਕਮਾਈ ਦਾ ਦੁਰਉਪਯੋਗ ਕੀਤਾ ਗਿਆ। ਇਸਦੇ ਨਾਲ ਹੀ ਸਰਕਾਰੀ ਹੁਕਮਾਂ ਦੀ ਸ਼ਰ੍ਹੇਆਮ ਉਲੰਘਣਾ ਕੀਤੀ ਗਈ।
ਇਸ ਦੌਰਾਨ ਸਮੂਹ ਕੌਂਸਲਰਾਂ ਨੇ ਮੀਡੀਆ ਰਾਹੀਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਸਾਰੇ ਮਾਮਲੇ ਦੀ ਜਾਂਚ ਸਥਾਨਕ ਸਰਕਾਰਾਂ ਵਿਭਾਗ ਦੀ ਵਿਜੀਲੈਂਸ ਨੂੰ ਛੱਡ ਕੇ ਸਟੇਟ ਵਿਜੀਲੈਂਸ ਤੋਂ ਜਾਂਚ ਕਰਵਾਈ ਜਾਵੇ ਤਾਂ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕੇ। ਉਹਨਾਂ ਕਿਹਾ ਕਿ ਇਹਨਾਂ ਸ਼ਿਕਾਇਤਾਂ ਦੇ ਸੰਬੰਧ ਵਿੱਚ ਮਿਤੀ 17-9-2024 ਨੂੰ ਪ੍ਰਿੰਸੀਪਲ ਸਕੱਤਰ, ਸਥਾਨਕ ਸਰਕਾਰਾਂ ਪੰਜਾਬ ਨੂੰ ਇਹਨਾਂ ਘਪਲਿਆਂ ਦੀ ਉੱਚ ਪੱਧਰੀ ਜਾਂਚ ਕਰਵਾਉਣ ਲਈ ਲਿਖਿਆ ਸੀ ਪਰੰਤੂ ਮਹਿਕਮੇ ਵੱਲੋਂ ਕੋਈ ਵੀ ਜਾਂਚ ਪੜਤਾਲ ਨਹੀਂ ਕਰਵਾਈ ਗਈ। ਉਹਨਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਐਚਸੀ ਅਰੋੜਾ ਦੇ ਰਾਹੀਂ ਮਿਤੀ 06-10-2024 ਨੂੰ ਪ੍ਰਿੰਸੀਪਲ ਸਕੱਤਰ ਸਥਾਨਕ ਸਰਕਾਰਾਂ ਅਤੇ ਚੀਫ ਵਿਜੀਲੈਂਸ ਅਫਸਰ ਸਥਾਨਕ ਸਰਕਾਰਾਂ ਨੂੰ ਇੱਕ ਲੀਗਲ ਨੋਟਿਸ ਭੇਜਿਆ ਗਿਆ, ਪਰੰਤੂ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਇਸ ਮੌਕੇ ਉਹਨਾਂ ਦੱਸਿਆ ਕਿ ਇੱਕ ਰਿਕਟਰ ਪਟੀਸ਼ਨ ਨੰਬਰ 30407 ਮਿਤੀ 28-10- 2024 ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਦਾਇਰ ਕੀਤੀ ਗਈ, ਜਿਸ ਨੂੰ ਮਾਨਯੋਗ ਅਦਾਲਤ ਵੱਲੋਂ ਮਨਜ਼ੂਰ ਕਰਦੇ ਹੋਏ ਮਿਤੀ 06-02-2025 ਤੱਕ ਸਥਾਨਕ ਸਰਕਾਰਾਂ ਵਿਭਾਗ ਤੋਂ ਜਵਾਬ ਮੰਗਿਆ ਹੈ।
ਕੀ ਕਹਿਣਾ ਹੈ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਦਾ:
ਇਸ ਮੌਕੇ ਨਗਰ ਕੌਂਸਲ ਕੁਰਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਰੇ ਦੋਸ਼ ਬੇਬੁਨਿਆਦ ਹਨ। ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਜੇਕਰ ਉਹ ਗਲਤ ਹੁੰਦਾ ਤਾਂ ਕਿਸੇ ਵੇਲੇ ਵੀ ਮੇਰੇ ਵਿਰੁੱਧ ਕਾਨੂੰਨੀ ਕਾਰਵਾਈ ਕਰਵਾ ਸਕਦੇ ਸਨ। ਉਹਨਾਂ ਉਲਟਾ ਦੋਸ਼ ਲਾਇਆ ਕਿ ਆਪ ਕੌਂਸਲਰ ਸਗੋਂ ਜਾਣ-ਬੁੱਝ ਕੇ ਵਿਕਾਸ ਕਾਰਜਾਂ ਵਿੱਚ ਰੁਕਾਵਟ ਪਾ ਰਹੇ ਹਨ।