ਸੀਵਰੇਜ ਕੁਨੈਕਸ਼ਨ ਨਾ ਹੋਣ ਕਾਰਨ ਹਫਤੇ ਵਿਚ ਦੂਜੀ ਵਾਰੀ ਪੁਰਾਣੀ ਬਸੀ ਪਠਾਣਾਂ ਰੋਡ ਤੇ ਜਮਾਂ ਹੋਇਆ ਗੰਦਾ ਪਾਣੀ

Punjab

ਮੋਰਿੰਡਾ 29 ਨਵੰਬਰ (ਭਟੋਆ )

ਮੋਰਿੰਡਾ ਦੀ ਪੁਰਾਣੀ ਬਸੀ ਪਠਾਣਾਂ ਰੋਡ ਤੇ ਇੱਕ ਹਫਤੇ ਵਿੱਚ ਦੂਜੀ ਵਾਰੀ ਗਲੀਆਂ ਨਾਲੀਆਂ ਤੇ ਸੀਵਰੇਜ ਦਾ ਗੰਦਾ ਪਾਣੀ ਓਵਰਫਲੋ ਹੋ ਕੇ ਸੜਕ ਤੇ ਜਮਾ ਹੋ ਜਾਣ ਨਾਲ,   ਜਿੱਥੇ ਇਸ ਸੜਕ ਦੇ ਦੋਨੋਂ ਪਾਸੇ ਸਥਿਤ ਦੁਕਾਨਦਾਰਾਂ ਦਾ ਕਾਰੋਬਾਰ ਦਿਨੋ ਦਿਨ ਪ੍ਰਭਾਵਿਤ ਹੋ ਰਿਹਾ , ਉੱਥੇ ਹੀ ਇਸ ਗੰਦੇ ਪਾਣੀ ਦੀ ਬਦਬੂ ਨਾਲ ਕਾਰਨ ਵਾਰਡ ਦੇ ਲੋਕਾਂ ਦਾ ਜੀਣਾ ਦੁੱਭਰ ਹੋਇਆ ਪਿਆ ਹੈ। ਪ੍ਰੰਤੂ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਦੇ ਅਧਿਕਾਰੀ  ਇਸ ਸਮੱਸਿਆ ਨੂੰ ਪੱਕੇ ਤੌਰ ਤੇ ਹੱਲ ਕਰਨ ਵਿੱਚ ਅਸਫਲ ਨਜ਼ਰ ਆ ਰਹੇ ਹਨ। ਜਿਸ ਦਾ ਖਮਿਆਜਾ ਇਸ ਸੜਕ ਤੋ ਗੁਜਰਨ ਵਾਲੇ ਰਾਹਗੀਰਾਂ ਨੂੰ ਵੀ ਭੁਗਤਣਾ ਪੈ ਰਿਹਾ ਹੈ। 

ਦੱਸਣ ਯੋਗ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮੋਰਿੰਡਾ ਸ਼ਹਿਰ ਵਿੱਚ 100 ਪ੍ਰਤੀਸ਼ਤ ਸੀਵਰੇਜ ਪਾਉਣ ਲਈ ਲਗਭਗ 100 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਸੀ ਜਿਸ ਵਿੱਚੋਂ ਸੀਵਰੇਜ ਵਿਭਾਗ ਵੱਲੋਂ ਲੱਗਭਗ 40 ਕਰੋੜ ਦੀ ਲਾਗਤ ਨਾਲ ਸ਼ਹਿਰ ਦੇ ਸਾਰੇ 15 ਵਾਰਡਾਂ ਵਿੱਚ ਪਾਈਪਲਾਈਨ ਵਿਛਾਈ ਗਈ ਹੈ ਅਤੇ ਬਕਾਇਦਾ ਸੀਵਰੇਜ ਟਰੀਟਮੈਂਟ ਪਲਾਂਟ ਤਿਆਰ ਕੀਤਾ ਗਿਆ ਹੈ , ਪਰੰਤੂ ਫਿਰ ਵੀ ਸੀਵਰੇਜ ਦੇ ਕਈ ਮੇਨਹੋਲ ਵਿੱਚੋਂ ਓਵਰਫਲੋ ਹੋ ਰਿਹਾ  ਗੰਦਾ ਪਾਣੀ,  ਮੋਰਿੰਡਾ ਦੀ ਪੁਰਾਣੀ ਬਸੀ ਪਠਾਣਾ ਸੜਕ ਤੇ ਲਗਾਤਾਰ ਵਹਿ ਰਿਹਾ ਹੈ ਜਿਸ ਨੂੰ ਪੱਕੇ ਤੌਰ ਤੇ ਹੱਲ ਕਰਨ ਲਈ ਸੀਵਰੇਜ ਵਿਭਾਗ ਅਤੇ ਸਥਾਨਕ ਨਗਰ ਕੌਂਸਲ ਪੂਰੀ ਤਰ੍ਹਾਂ ਅਸਫਲ ਨਜ਼ਰ ਆ ਰਹੇ ਹਨ।   ਇਸ ਸਬੰਧੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਨਗਰ ਕੌਂਸਲ ਮੋਰਿੰਡਾ ਦੇ ਸਾਬਕਾ ਪ੍ਰਧਾਨ ਤੇ ਹਲਕਾ ਖਰੜ ਦੇ ਇੰਚਾਰਜ ਸ਼੍ਰੀ ਵਿਜੇ ਕੁਮਾਰ ਟਿੰਕੂ  ,  ਸਾਬਕਾ ਪ੍ਰਧਾਨ ਤੇ ਮੌਜੂਦਾ ਕੌਂਸਲਰ ਰਕੇਸ਼ ਕੁਮਾਰ ਬੱਗਾ, ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ ਅਤੇ ਪੁਰਾਣੀ ਬਸੀ ਰੋਡ ਦੇ ਦੁਕਾਨਦਾਰਾਂ ਭਾਜਪਾ ਆਗੂ ਜਤਿੰਦਰ ਗੁੰਬਰ, ਕਮਲਜੀਤ ਸਿੰਘ ਮੱਕੜ, ਕੈਮਿਸਟ ਐਸੋਸੀਏਸ਼ਨ ਮੋਰਿੰਡਾ ਦੇ ਪ੍ਰਧਾਨ ਹਰਸ਼ ਕੋਹਲੀ , ਮਜੀਦ ਖਾਨ ਮੋਨੂੰ ਖਾਨ, ਦੀਪਕ ਪੁਰੀ, ਸਚਿਨ ਗੋਲਡੀ ਆਦਿ ਦੁਕਾਨਦਾਰਾਂ ਅਤੇ ਹੋਰਨਾਂ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਇਸ ਸੜਕ ‘ਤੇ ਹਫਤੇ  ਵਿੱਚ ਦੂਜੀ ਵਾਰ ਸੀਵਰੇਜ ਦੇ ਮੈਨਹੋਲਾਂ ਵਿੱਚੋ ਅਤੇ ਨਾਲੀਆਂ ਵਿਚੋ ਗੰਦਾ ਪਾਣੀ ਓਵਰਫਲੋ ਹੋ ਕੇ ਫੈਲਿਆ ਹੈ , ਜਿਸ ਕਾਰਨ ਦੁੁੁਕਾਨਦਾਰਾਂ ਸਮੇਤ  ਸ਼ਹਿਰ ਤੇ ਮੁਹੱਲਾ ਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਝੱਲਣੀਆਂ ਪੈਂਦੀਆਂ ਹਨ, ਉੱਥੇ ਹੀ ਇਸ ਸੜਕ ਤੇ ਸਥਿਤ ਗੁਰਦੁਆਰਾ ਸਾਹਿਬ ਦੇ ਸ਼ਰਧਾਲੂਆਂ ਨੂੰ ਵੀ ਇਸ ਗੰਦੇ ਪਾਣੀ ਵਿੱਚੋ ਲੰਘ ਕੇ ਹੀ ਮੱਥਾ ਟੇਕਣਾ  ਲਈ  ਜਾਣਾ  ਪੈਂਦਾ ਹੈ ਅਤੇ ਇਸ ਗੰਦੇ ਪਾਣੀ ਕਾਰਨ ਸੜਕ ਤੇ ਤਿਲਕਣ ਹੋ ਜਾਣ ਕਾਰਨ ਬੱਚਿਆਂ, ਔਰਤਾਂ ਤੇ ਬਜੁਰਗਾਂ ਦਾ ਇਸ ਸੜਕ ਤੋ ਗੁਜਰਨਾ ਖਤਰੇ ਤੋ ਖਾਲੀ ਨਹੀ ਹੈ।.ਇਨਾ ਆਗੂਆਂ ਤੇ ਦੁਕਾਨਦਾਰਾਂ ਨੇ ਦੱਸਿਆ ਕਿ ਮੀਡੀਏ ਵਿੱਚ ਖਬਰਾਂ ਪ੍ਰਕਾਸ਼ਿਤ ਹੋਣ ਉਪਰੰਤ ਨਗਰ ਕੌਂਸਲ ਤੇ ਸੀਵਰੇਜ ਬੋਰਡ ਦੇ ਅਧਿਕਾਰੀ ਸਫਾਈ ਕਾਮਿਆਂ ਤੇ ਟੈਂਕਰ ਨਾਲ ਸੜਕ ਤੇ ਜਮਾ ਹੋਏ ਗੰਦੇ ਪਾਣੀ ਦੀ ਸਫਾਈ ਕਰਵਾਕੇ ਲੋਕਾਂ ਨੂੰ ਆਰਜੀ ਰਾਹਤ ਪ੍ਰਦਾਨ ਕਰਕੇ ਆਪਣੀ ਜਿੰਮੇਵਾਰੀ ਤੋ ਮੁਕਤ ਹੋਣਾ ਚਾਹੁੰਦੇ ਹਨ,  ਪ੍ਰੰਤੂ ਇਸ ਸਮੱਸਿਆ ਦਾ ਪੱਕੇ ਤੌਰ ਤੇ ਹੱਲ ਨਹੀ ਕੀਤਾ ਜਾਂਦਾ ਅਤੇ ਇਹੋ ਕਾਰਨ ਹੈ ਕਿ ਦੋ ਦਿਨ ਬਾਅਦ ਹੀ   ਨਾਲੀਆਂ ਤੇ ਸੀਵਰੇਜ ਮੈਨਹੋਲ ਵਿੱਚੋ ਗੰਦਾ ਪਾਣੀ ਓਵਰਫਲੋਅ ਹੋਕੇ ਮੁੜ ਇਸ ਸੜਕ ਤੇ ਗੁਰਦੁਆਰਾ ਸਾਹਿਬ ਦੇ ਅੱਗੇ ਜਮ੍ਹਾ ਹੋ ਗਿਆ ਹੈ। ਉਨਾਂ ਦਸਿਆ ਕਿ ਨਗਰ ਕੌਂਸਲ ਦੇ ਬਹੁਤ ਸਾਰੇ ਸਫਾਈ ਕਰਮਚਾਰੀ ਗਲੀਆਂ ਦੀ ਸਫਾਈ ਕਰਨ ਵੇਲੇ ਸਾਫ ਕੀਤੇ ਗਏ ਕੂੜੇ ਕਚਰੇ ਨੂੰ  ਰੇਹੜੀ ਵਿੱਚ ਪਾ ਕੇ ਡੰਪ ਤੇ ਸੁਟਣ ਦੀ ਜਗ੍ਹਾ ਨਾਲੀਆਂ ਵਿਚ ਹੀ ਸੁੱਟ ਕੇ ਇਨ੍ਹਾਂ ਨਾਲੀਆਂ ਵਿਚ ਚੱਲ ਰਹੇ ਪਾਣੀ ਵਿੱਚ ਰੁਕਾਵਟ ਪਾਉਣ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ, ਪ੍ਰੰਤੂ ਕੋਂਸਲ ਦੇ ਅਧਿਕਾਰੀਆਂ ਵੱਲੋਂ ਕਦੇ ਇਨ੍ਹਾਂ ਸਫਾਈ ਕਰਮਚਾਰੀਆਂ ਨੂੰ ਚੈੱਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।

 ਉਧਰ ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਪਰਵਿੰਦਰ ਸਿੰਘ ਭੱਟੀ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਸ਼ਹਿਰ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਸੀਵਰੇਜ ਵਿਭਾਗ ਵੱਲੋਂ ਵਿਛਾਈ ਗਈ ਪਾਈਪ ਲਾਈਨ ਵਿੱਚ ਅੰਦਰੂਨੀ ਕਨੈਕਸ਼ਨ ਕਰਨੇ  ਹਾਲੇ ਬਾਕੀ ਹਨ,  ਜਿਸ ਕਾਰਨ ਪੁਰਾਣੀ ਬਸੀ ਰੋਡ ਤੇ ਇਹ ਸਮੱਸਿਆ ਬਾਰ-ਬਾਰ ਆ ਰਹੀ ਹੈ ਹੈ। ਉਹਨਾਂ ਦੱਸਿਆ ਕਿ ਸੜਕ ਤੇ ਫੈਲੇ  ਅਤੇ ਦੁਕਾਨਾਂ ਅੱਗੇ ਜਮਾ ਹੋਏ ਗੰਦੇ ਪਾਣੀ ਨੂੰ ਬਾਹਰ ਕੱਢਣ ਲਈ ਨਗਰ ਕੌਂਸਲ ਦੇ ਸਫਾਈ ਕਰਮਚਾਰੀ ਭੇਜੇ ਗਏ ਹਨ ਅਤੇ ਜਲਦੀ ਹੀ ਸੀਵਰੇਜ ਵਿਭਾਗ ਨਾਲ ਮੀਟਿੰਗ ਕਰਕੇ ਸ਼ਹਿਰ ਅੰਦਰ ਬਾਕੀ ਰਹਿੰਦੇ ਅੰਦਰੂਨੀ ਕੁਨੈਕਸ਼ਨ ਕਰਵਾ ਕੇ ਇਸ ਸਮੱਸਿਆ ਦਾ ਪੱਕੇ ਤੌਰ ਤੇ ਹੱਲ ਕੀਤਾ ਜਾਵੇਗਾ। ਉਹਨਾਂ ਵਾਰ-ਵਾਰ ਆ ਰਹੀ ਇਸ ਸਮੱਸਿਆ ਲਈ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਨਾਲੀਆਂ ਤੇ ਸੀਵਰੇਜ ਵਿੱਚ ਸੁੱਟੇ ਜਾ ਰਹੇ ਪਲਾਸਟਿਕ ਦੇ ਲਿਫਾਫਿਆਂ ਨੂੰ ਵੀ ਜਿੰਮੇਵਾਰ ਦੱਸਿਆ ਅਤੇ ਸ਼ਹਿਰ ਵਾਸੀਆਂ ਤੇ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਨਾਲੀਆਂ ਅਤੇ ਸੀਵਰੇਜ ਪਾਈਪ ਲਾਈਨ ਵਿੱਚ ਪਲਾਸਟਿਕ ਦੇ ਲਿਫਾਫੇ ਅਤੇ ਹੋਰ ਬਸਤਾਂ ਸੁੱਟਣ ਤੋਂ ਗੁਰੇਜ਼ ਕਰਨ ਤਾਂ ਜੋ ਸ਼ਹਿਰ ਵਾਸੀਆਂ ਨੂੰ ਵਾਰ ਵਾਰ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।  ਉਹਨਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਸਾਫ ਸੁਥਰਾ ਵਾਤਾਵਰਨ ਮੁਹਈਆ ਕਰਵਾਉਣ ਲਈ  ਕੌਂਸਲ  ਵੱਲੋਂ ਬਿਹਤਰ ਸਫਾਈ ਪ੍ਰਬੰਧ ਮੁਹਈਆ ਕਰਵਾਉਣੇ ਨਗਰ ਕੌਂਸਲ ਦੀ ਮੁੱਢਲੀ  ਜਿੰਮੇਵਾਰੀ ਹੈ, ਜਿਸ ਨੂੰ ਨਗਰ ਕੌਂਸਲ ਵੱਲੋਂ ਪੂਰੀ ਜਿੰਮੇਵਾਰੀ ਅਤੇ ਲਗਨ ਨਾਲ ਨਿਭਾਇਆ ਜਾ ਰਿਹਾ ਹੈ। ਉਹਨਾਂ ਸ਼ਹਿਰ ਵਾਸੀਆਂ ਨੂੰ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ  ਵੀ ਅਪੀਲ ਕੀਤੀ ਹੈ। 

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।