ਨਵੀਂ ਦਿੱਲੀ, 30 ਨਵੰਬਰ, ਦੇਸ਼ ਕਲਿੱਕ ਬਿਓਰੋ :
ਦੇਸ਼ ਭਰ ਵਿੱਚ ਅੱਜ ਕੱਲ੍ਹ ਡਿਜ਼ੀਟਲ ਅਰੇਸਟ (ਗ੍ਰਿਫਤਾਰ) ਦੇ ਮਾਮਲੇ ਦਿਨੋਂ ਦਿਨ ਵਧਦੇ ਜਾ ਰਹੇ ਹਨ। ਰੋਜ਼ਾਨਾ ਡਿਜ਼ੀਟਲ ਗ੍ਰਿਫਤਾਰ ਲੋਕਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਕ ਅਜਿਹਾ ਹੀ ਮਾਮਲਾ ਹੁਣ ਗੁਜਰਾਤ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਵਿਅਕਤੀ ਨੂੰ ਡਿਜ਼ੀਟਲ ਗ੍ਰਿਫਤਾਰ ਕਰਕੇ ਉਸ ਤੋਂ 1 ਕਰੋੜ ਰੁਪਏ ਠੱਗ ਲਏ।
ਸੂਰਤ ਕ੍ਰਾਈਮ ਬ੍ਰਾਂਚ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋੲ ਦੱਸਿਆ ਕਿ ਇਸ ਰੈਕੇਟ ਨੂੰ ਚਲਾਉਣ ਵਾਲਿਆਂ ਵਿਚੋਂ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਦੋਂ ਕਿ ਇਸ ਦਾ ਮਾਸਟਰਮਾਈਂਡ ਅਜੇ ਵੀ ਗ੍ਰਿਫਤ ਤੋਂ ਬਾਹਰ ਹੈ। ਇਹ ਰੈਕੇਟ ਚੀਨ ਦੇ ਇਕ ਗੈਂਗ ਦੀ ਮਦਦ ਨਾਲ ਚਲਾਇਆ ਜਾ ਰਿਹਾ ਸੀ। ਜਾਣਕਾਰੀ ਅਨੁਸਾਰ ਬਜ਼ੁਰਗ ਨੂੰ ਇਕ ਕਾਲ ਆਈ। ਕਾਲ ਕਰਨ ਵਾਲਾ ਆਪਣੇ ਆਪ ਨੂੰ ਸੀਬੀਆਈ ਅਫਸਰ ਦਸ ਰਿਹਾ ਸੀ ਅਤੇ ਕਿਹਾ ਕਿ ਉਨ੍ਹਾਂ ਦੇ ਨਾਮ ਮੁੰਬਈ ਤੋਂ ਚੀਨ ਤੱਕ ਦਾ ਇਕ ਪਾਰਸਲ ਮਿਲਿਆ ਹੈ ਜਿਸ ਵਿੱਚ ਡਰੱਗ ਹੈ। ਇਸ ਰਾਹੀਂ ਬਜ਼ੁਰਗ ਨੂੰ 15 ਦਿਨਾਂ ਤੱਕ ਡਿਜ਼ੀਟਲ ਅਰੇਸਟ ਉਤੇ ਰੱਖਿਆ ਗਿਆ ਅਤੇ ਇਕ ਕਰੋੜ ਰੁਪਏ ਠੱਗ ਲਏ। ਪੁਲਿਸ ਨੇ ਦੱਸਿਆ ਕਿ ਗਿਰੋਹ ਦਾ ਮਾਸਟਰ ਮਾਈਂਡ ਪਾਰਥ ਗੋਪਾਨੀ ਕੰਬੋਡੀਆ ਵਿੱਚ ਹੈ।
ਡੀਸੀਪੀ ਭਾਵੇਸ਼ ਰੋਜ਼ਿਆ ਨੇ ਦੱਸਿਆ ਕਿ ਬਜ਼ੁਰਗ ਸ਼ੇਅਰ ਬਾਜ਼ਾਰ ਵਿੱਚ ਕਾਰੋਬਾਰ ਕਰਦਾ ਸੀ। ਉਸਦੇ ਵਾਟਸਐਪ ਉਤੇ ਇਕ ਵਿਅਕਤੀ ਨੇ ਕਾਲ ਕੀਤੀ ਸੀ ਜਿਸ ਵਿੱਚ ਉਸਨੇ ਖੁਦ ਨੂੰ ਸੀਬੀਆਈ ਅਫਸਰ ਦੱਸਿਆ ਸੀ। ਇਸ ਤੋਂ ਬਾਅਦ ਠੱਗਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਨਾਮ ਦਾ ਇਕ ਪਾਰਸਲ ਵਿੱਚ 400 ਗ੍ਰਾਮ ਐਮ ਡੀ ਮਿਲਿਆ ਹੈ ਜਿਸ ਵਿੱਜ ਬਜ਼ੁਰਗ ਦੇ ਨਾਮ ਉਤੇ ਮੁੰਬਈ ਤੋਂ ਕੋਰੀਅਰ ਕੀਤਾ ਗਿਆ ਸੀ। ਆਰੋਪੀ ਨੇ ਇਹ ਵੀ ਦਾਅਵਾ ਕੀਤਾ ਕਿ ਬਜ਼ੁਰਗ ਦੇ ਬੈਂਕ ਅਕਾਊਂਟ ਤੋਂ ਪਤਾ ਚਲਿਆ ਕਿ ਉਹ ਮਨੀ ਲਾਂਰਡਿੰਗ ਵਿੱਚ ਵੀ ਸ਼ਾਮਲ ਹੈ। ਠੱਗਾਂ ਨੇ ਧਮਕੀ ਦਿੱਤੀ ਕਿ ਬਜ਼ੁਰਗ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਖਿਲਾਫ ਮਾਮਲਾ ਦਰਜ ਹੋ ਸਕਦਾ ਹੈ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ।
ਆਰੋਪੀਆਂ ਨੇ ਪੁੱਛਗਿੱਛ ਦੇ ਬਹਾਨੇ ਬਜ਼ੁਰਗ ਵਿਅਕਤੀ ਨੂੰ 15 ਦਿਨਾਂ ਲਈ ਡਿਜ਼ੀਟਲ ਅਰੇਸਟ ਉਤੇ ਰੱਖਿਆ ਗਿਆ ਅਤੇ ਉਸ ਨਾਲ ਉਸਦੇ ਬੈਂਕ ਖਾਤੇ ਤੋਂ ਕੀਤੇ ਗਏ ਲੈਣ ਦੇਣ ਬਾਰੇ ਸਵਾਲ ਕੀਤੇ ਗਏ। ਇਸ ਤੋਂ ਬਾਅਦ ਆਰੋਪੀ ਨੇ ਉਸ ਵਿਅਕਤੀ ਦੇ ਖਾਤੇ ਵਿਚੋਂ 1,15,00,000 ਟਰਾਂਸਫਰ ਕਰ ਲਏ। ਮਾਮਲੇ ਦੀ ਜਾਣਕਾਰੀ ਲੱਗਦਿਆਂ ਹੀ 29 ਅਕਤੂਬਰ ਨੂੰ ਬਜ਼ੁਰਗ ਦੇ ਪਰਿਵਾਰ ਵਾਲਿਆਂ ਨੇ ਸੂਰਤ ਸਾਈਬਰ ਸੈਲ ਪਹੁੰਚੇ ਅਤੇ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਦੱਸਿਆ ਕਿ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਪ੍ਰੰਤੂ ਮਾਸਟਰਮਾਈਂਡ ਦੀ ਭਾਲ ਜਾਰੀ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਕੋਲੋਂ 46 ਡੇਬਿਟ ਕਾਰਡ, 23 ਬੈਂਕ ਚੈਕ ਬੁੱਕ, ਇਕ ਗੱਡੀ, ਚਾਰ ਅਲੱਗ ਅਲੱਗ ਕੰਪਨੀਆਂ ਦੀ ਮੋਹਰ, 9 ਮੋਬਾਇਲ ਫੋਨ ਅਤੇ 28 ਸਿਮ ਕਾਰਡ ਬਰਾਮਦ ਕੀਤੇ ਗਏ ਹਨ।