ਦਲਜੀਤ ਕੌਰ
ਸੰਗਰੂਰ 30 ਨਵੰਬਰ, 2024: ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਇਕਾਈ ਘਰਾਚੋ ਦੀ ਮੀਟਿੰਗ ਜੋਨਲ ਪ੍ਰਧਾਨ ਮੁਕੇਸ਼ ਮਲੌਦ ਦੀ ਅਗਵਾਈ ਹੇਠ ਕੀਤੀ ਗਈ ਜਿੱਥੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜੋਨਲ ਆਗੂ ਗੁਰਚਰਨ ਸਿੰਘ ਘਰਾਚੋ ਨੇ ਕਿਹਾ ਕਿ ਦਲਿਤ ਮਜ਼ਦੂਰ ਖੁੱਡਿਆਂ ਵਰਗੇ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ ਅਤੇ ਮਹਿੰਗਾਈ ਦੀ ਮਾਰ ਹੇਠ ਪਿਸ ਰਹੇ ਹਨ। ਕੰਮੀਆਂ ਦੇ ਵਿਹੜੇ ਦੀ ਬਾਤ ਪਾਉਣ ਵਾਲੇ ਮੁੱਖ ਮੰਤਰੀ ਵੱਲੋਂ ਵੀ ਅੱਜ ਇਹਨਾਂ ਮਜ਼ਦੂਰਾਂ ਨੂੰ ਗੁਰਬਤ ਦੀ ਜ਼ਿੰਦਗੀ ਵਿੱਚੋਂ ਕੱਢਣ ਲਈ ਕੋਈ ਠੋਸ ਯਤਨ ਨਹੀਂ ਕੀਤਾ ਜਾ ਰਿਹਾ। ਆਗੂਆਂ ਨੇ ਮਜ਼ਦੂਰਾਂ ਨੂੰ ਮਾੜੇ ਹਾਲਾਤਾਂ ਵਿੱਚੋਂ ਨਿਕਲਣ ਲਈ ਸੰਘਰਸ਼ਾਂ ਦਾ ਪਿੜ ਮੱਲਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਭੂਮੀ ਸੁਧਾਰ ਕਾਨੂੰਨ 1972 ਦੇ ਮੁਤਾਬਕ ਸੰਗਰੂਰ ਦੇ ਨੇੜੇ ਜੀਂਦ ਰਿਹਾਸਤ ਦੀ 927 ਏਕੜ ਜਮੀਨ ਬੇ ਚਿਰਾਗ ਪਿੰਡ ਦੇ ਨਾਮ ਹੇਠ ਪਈ ਹੈ ਜਿਸ ਨੂੰ ਦਲਿਤਾਂ ਅਤੇ ਬੇਜ਼ਮੀਨੇ ਅਤੇ ਛੋਟੇ ਕਿਸਾਨਾਂ ਵਿੱਚ ਵੰਡਾਉਣ, ਪੰਚਾਇਤੀ ਜਮੀਨ ਦਾ ਤੀਜਾ ਹਿੱਸਾ ਸੋਸਾਇਟੀ ਬਣਾ ਕੇ ਪੱਕੇ ਤੌਰ ‘ਤੇ ਘੱਟ ਰੇਟ ਉੱਪਰ ਦੇਣ, ਨਜੂਲ ਜਮੀਨਾਂ ਦੀ ਮਾਲਕੀ ਨੂੰ ਰੋਕਣ ਸਬੰਧੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਾਈਕੋਰਟ ਵਿੱਚ ਲਾਇਆ ਕੇਸ ਵਾਪਸ ਕਰਵਾਉਣ ਅਤੇ ਨਜੂਲ ਸੋਸਾਇਟੀ ਦੇ ਮੈਂਬਰਾਂ ਨੂੰ ਮਾਲਕੀ ਹੱਕ ਦਵਾਉਣ, ਲਾਲ ਲਕੀਰ ਅੰਦਰ ਆਉਂਦੇ ਘਰਾਂ ਦੀਆਂ ਰਜਿਸਟਰੀਆਂ ਜਾਰੀ ਕਰਵਾਉਣ, ਲੋੜਵੰਦ ਪਰਿਵਾਰਾਂ ਨੂੰ ਪੰਜ ਪੰਜ ਮਰਲੇ ਪਲਾਟ ਅਤੇ ਉਸਾਰੀ ਲਈ ਗਰਾਂਟ ਜਾਰੀ ਕਰਵਾਉਣ, ਮਾਈਕਰੋ ਫਾਈਨੈਂਸ ਕੰਪਨੀਆਂ ਸਮੇਤ ਮਜ਼ਦੂਰਾਂ ਦਾ ਸਮੁੱਚਾ ਕਰਜਾ ਮਾਫ ਕਰਵਾਉਣ, ਮਨਰੇਗਾ ਤਹਿਤ ਸਾਰਾ ਸਾਲ ਕੰਮ ਅਤੇ ਹਰ ਖੇਤਰ ਵਿੱਚ ਮਜ਼ਦੂਰਾਂ ਦੀ ਦਿਹਾੜੀ 1000 ਰੁਪਏ ਪ੍ਰਤੀ ਦਿਨ ਕਰਵਾਉਣ ਆਦਿ ਮੰਗਾਂ ਨੂੰ ਲੈ ਕੇ 23 ਦਸੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਅੱਗੇ ਧਰਨਾ ਦਿੱਤਾ ਜਾਵੇਗਾ। ਉਹਨਾਂ ਲੋਕਾਂ ਨੂੰ ਇਸ ਧਰਨੇ ਵਿੱਚ ਵੱਧ ਚੜ ਕੇ ਪਹੁੰਚਣ ਦਾ ਸੱਦਾ ਦਿੱਤਾ। ਇਸ ਮੌਕੇ ਮੀਟਿੰਗ ਵਿੱਚ ਇਕੱਠੇ ਹੋਏ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਧਰਨੇ ਵਿੱਚ ਪਹੁੰਚਣ ਦਾ ਵਿਸ਼ਵਾਸ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਉਪਰੋਕਤ ਤੋਂ ਬਿਨਾਂ ਪਿੰਡ ਇਕਾਈ ਆਗੂ ਕਰਮਜੀਤ ਘਰਾਚੋਂ, ਤਰਸੇਮ ਸਿੰਘ, ਕਾਮਰੇਡ ਜੀਤ ਸਿੰਘ, ਕਰਮਾਂ ਘਰਾਚੋਂ, ਅੰਗਰੇਜ਼ ਕੌਰ, ਬਿੰਦਰ ਕੌਰ, ਮਨਜੀਤ ਕੌਰ, ਜੈਪਾਲ ਘਰਾਚੋ, ਰਾਜ ਕੌਰ ਆਦਿ ਹਾਜ਼ਰ ਸਨ।