ਪੂਰੇ ਭਾਰਤ ਵਿੱਚ ਮੰਡੀਕਰਣ ਸਿਸਟਮ ਨੂੰ ਅਪਗਰੇਡ ਕਰਕੇ ਹਰ ਵਰਗ ਦੇ ਫਾਇਦੇ ਲਈ ਕਰਾਂਗੇ ਕਾਰਜ – ਬਰਸਟ
ਚੰਡੀਗੜ੍ਹ, 30 ਨਵੰਬਰ, ਦੇਸ਼ ਕਲਿੱਕ ਬਿਓਰੋ
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਪੰਜਾਬ ਦੇ ਮੰਡੀਕਰਣ ਸਿਸਟਮ ਲਈ ਕੀਤੇ ਜਾ ਰਹੇ ਮਿਸਾਲੀ ਕਾਰਜਾਂ ਦੇ ਚਲਦਿਆਂ ਉਨ੍ਹਾਂ ਨੂੰ ਨੈਸ਼ਨਲ ਕੌਂਸਲ ਆਫ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ (ਕੌਸਾਂਬ), ਨਵੀਂ ਦਿੱਲੀ ਦਾ ਚੇਅਰਮੈਨ ਲਗਾਇਆ ਗਿਆ ਹੈ। ਇਸਦਾ ਐਲਾਣ ਅੱਜ ਕੌਸਾਂਬ ਦੇ ਮੈਨੇਜਿੰਗ ਡਾਇਰੈਕਟਰ ਡਾ. ਜੇ. ਐਸ. ਯਾਦਵ ਵੱਲੋਂ ਕਿਸਾਨ ਭਵਨ ਵਿਖੇ ਆਯੋਜਿਤ ਸਮਾਗਮ ਦੇ ਦੌਰਾਨ ਕੀਤਾ ਗਿਆ। ਸ. ਹਰਚੰਦ ਸਿੰਘ ਬਰਸਟ ਕੌਸਾਂਬ ਦੇ 21ਵੇਂ ਚੇਅਰਮੈਨ ਬਣੇ ਹਨ। ਇਸ ਦੌਰਾਨ ਸ੍ਰੀ ਆਦਿਤਯ ਦੇਵੀਲਾਲ ਚੌਟਾਲਾ, ਵਿਧਾਇਕ ਡੱਬਵਾਲੀ, ਹਰਿਆਣਾ ਅਤੇ ਸਾਬਕਾ ਚੇਅਰਮੈਨ ਕੌਸਾਂਬ ਵੱਲੋਂ ਸ. ਹਰਚੰਦ ਸਿੰਘ ਬਰਸਟ ਨੂੰ ਰਸਮੀ ਤੌਰ ਤੇ ਕੌਸਾਂਬ ਦੀ ਵਾਗਡੌਰ ਸੌਂਪੀ ਗਈ। ਇਸ ਮੌਕੇ ਸ. ਬਰਸਟ ਨੇ ਡਾ. ਜੇ. ਐਸ. ਯਾਦਵ ਸਮੇਤ ਕੌਸਾਂਬ ਦੇ ਸਮੂਹ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਵਾਇਆ ਕਿ ਜੋ ਜਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਹ ਪੂਰੀ ਤਨਦੇਹੀ ਨਾਲ ਨਿਭਾਉਂਗੇ।
ਸ. ਬਰਸਟ ਨੇ ਕਿਹਾ ਕਿ ਕਿਸਾਨ ਵੱਖ-ਵੱਖ ਕਿਸਮਾਂ ਦੀਆਂ ਫਸਲਾਂ ਦੀ ਪੈਦਾਵਾਰ ਕਰਕੇ ਸਾਰੀਆਂ ਦਾ ਪੇਟ ਭਰਦੇ ਹਨ, ਇਸ ਲਈ ਉਨ੍ਹਾਂ ਨੂੰ ਅੰਨਦਾਤਾ ਕਿਹਾ ਜਾਂਦਾ ਹੈ। ਵੱਖ-ਵੱਖ ਪ੍ਰਕਾਰ ਦੀਆਂ ਸਬਜੀਆਂ, ਫਲਾਂ ਸਮੇਤ ਅਨਾਜ ਦੀ ਪੈਦਾਵਾਰ ਕਿਸਾਨਾਂ ਵੱਲੋਂ ਕੀਤੀ ਜਾਂਦੀ ਹੈ। ਕਿਸਾਨ ਦੀ ਉਪਜ ਤੋਂ ਲੈ ਕੇ ਫਸਲ ਦੇ ਮੰਡੀ ਵਿੱਚ ਆਉਣਾ ਅਤੇ ਕੰਜੀਯੂਮਰ ਦੇ ਘਰ ਤੱਕ ਪਹੁੰਚਾਉਣ ਦਾ ਕੰਮ ਨਰੋਏ ਢੰਗ ਨਾਲ ਹੋਣਾ ਬਹੁਤ ਜਰੂਰੀ ਹੈ। ਅੱਜ ਸਾਰਿਆਂ ਦੇ ਖਾਣ-ਪੀਣ ਦਾ ਢੰਗ ਬਦਲ ਰਿਹਾ ਹੈ, ਇਸ ਲਈ ਅਧੁਨਿਕੀਕਰਨ ਦੀ ਬੇਹਦ ਜਰੂਰਤ ਹੈ। ਉਨ੍ਹਾਂ ਕਿਹਾ ਕਿ ਅੱਜ ਪੂਰੇ ਭਾਰਤ ਦੇ ਮੰਡੀ ਸਿਸਟਮ ਨੂੰ ਇੱਕ ਮਾਲਾ ਵਿੱਚ ਪਿਰੋਣਾ ਜਰੂਰੀ ਹੈ ਅਤੇ ਅਸੀਂ ਭਾਰਤ ਵਿੱਚ ਮੰਡੀਕਰਣ ਸਿਸਟਮ ਨੂੰ ਅਪਗਰੇਡ ਕਰਕੇ ਚੰਗੇ ਢੰਗ ਨਾਲ ਚਲਾਵਾਂਗੇ, ਤਾਂ ਜੋ ਕਿਸਾਨਾਂ, ਆੜ੍ਹਤੀਆਂ, ਮਜਦੂਰਾਂ, ਵਪਾਰੀਆਂ ਸਮੇਤ ਸਾਰੇ ਵਰਗਾਂ ਨੂੰ ਇਸਦਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਸਮੂਚੇ ਭਾਰਤ ਵਿੱਚ ਮੰਡੀ ਸਿਸਟਮ ਨੂੰ ਆਧੁਨਿਕ ਤਕਨੀਕਾਂ ਰਾਹੀਂ ਇੰਪਰੂਵ ਕਰਕੇ ਲੋਕਾਂ ਦੇ ਭਲੇ ਲਏ ਕਾਰਜ ਕਰਨ ਲਈ ਨਵੇਂ ਉਪਰਾਲੇ ਕੀਤੇ ਜਾਣਗੇ, ਇਸਦੇ ਲਈ ਅਸੀਂ ਸਾਰੇ ਇੱਕ ਜੁੱਟ ਹੋ ਕੇ ਕਾਰਜ ਕਰਾਂਗੇ, ਤਾਂਕਿ ਇਸਦਾ ਹਰ ਵਰਗ ਨੂੰ ਲਾਭ ਮਿਲ ਸਕੇ।
ਉਨ੍ਹਾਂ ਕਿਹਾ ਕਿ ਖੇਤੀਬਾੜੀ ਜਿਣਸਾ ਦੇ ਬਿਹਤਰ ਮੰਡੀਕਰਣ ਲਈ ਅਜੌਕੇ ਸਮੇਂ ਰਾਜਾਂ ਦਾ ਆਪਸੀ ਤਾਲਮੇਲ ਲਾਜਮੀ ਹੈ। ਕਿਉਂਕਿ ਕਈ ਖੇਤੀਬਾੜੀ ਜਿਣਸਾ ਅਜਿਹੀਆਂ ਹਨ, ਜੋ ਇਕ ਰਾਜ ਵਿੱਚ ਬਹੁਤ ਮਾਤਰਾ ਵਿੱਚ ਪੈਦਾ ਹੁੰਦੀਆਂ ਹਨ, ਜਦਕਿ ਦੂਜੇ ਰਾਜਾਂ ਵਿੱਚ ਨਾ-ਮਾਤਰ ਹੁੰਦੀਆਂ ਹਨ। ਜਿਵੇਂ ਕਿ ਪੰਜਾਬ ਦਾ ਕਿੰਨੂ, ਆਲੂ, ਮਟਰ ਆਦਿ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਜਾਂਦਾ ਹੈ। ਸੋ ਹੋਰਨਾਂ ਰਾਜਾਂ ਵਿੱਚ ਇਹਨਾਂ ਜਿਣਸਾਂ ਦੇ ਵਧੇਰੇ ਮੁੱਲ ਮਿਲ ਸਕਦੇ ਹਨ। ਕੌਸਾਂਬ ਵੱਲੋਂ ਅਜਿਹੇ ਉਪਰਾਲੇ ਕੀਤੇ ਜਾਣਗੇ ਕਿ ਵੱਖ-ਵੱਖ ਰਾਜਾਂ ਵਿੱਚ ਅਜਿਹਾ ਸਿਸਟਮ ਵਿਕਸਤ ਕੀਤਾ ਜਾਵੇ, ਜਿਸ ਰਾਹੀਂ ਪੰਜਾਬ ਦਾ ਕਿਸਾਨ ਸਿੱਧੇ ਤੌਰ ਤੇ ਦੂਜੇ ਰਾਜਾਂ ਵਿੱਚ ਆਪਣੀ ਫਸਲ ਨੂੰ ਵੇਚ ਸਕੇ। ਇਸਦੇ ਨਾਲ ਹੀ ਆਰਗੈਨਿਕ ਉਤਪਾਦਾਂ ਦੇ ਮੰਡੀਕਰਣ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਖੇਤੀ ਲਈ ਘੱਟ ਰਹੀ ਜਮੀਨ ਅਤੇ ਡਿੱਗ ਰਿਹਾ ਪਾਣੀ ਦਾ ਪੱਧਰ ਚਿੰਤਾ ਦਾ ਵਿਸ਼ਾ ਹੈ। ਕੌਸਾਂਬ ਨਾਲ ਮਿਲ ਕੇ ਵੰਜਰ ਜਮੀਨ ਨੂੰ ਵਾਹੀ ਯੋਗ ਬਣਾਉਣ ਅਤੇ ਪਾਣੀ ਦੇ ਪੱਧਰ ਨੂੰ ਠੀਕ ਰੱਖਣ ਸਬੰਧੀ ਕਾਰਜ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਰਾਸ਼ਟਰੀ ਪੱਧਰ ਤੇ ਐਗਰੀਕਲਚਰਲ ਮਾਰਕੀਟਿੰਗ ਪਾਲਿਸੀ ਬਣਾਉਣ ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜਿਸ ਵਿੱਚ ਖੇਤੀਬਾੜੀ ਮੰਡੀਕਰਣ ਨਾਲ ਸਬੰਧਤ ਵੱਖ-ਵੱਖ ਉਘੀਆਂ ਸ਼ਖਸੀਅਤਾਂ ਨੂੰ ਸ਼ਾਮਲ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਵੱਲੋਂ ਰਾਜ ਅੰਦਰ ਖੇਤੀਬਾੜੀ ਜਿਣਸਾਂ ਦੀ ਖਰੀਦ/ਵੇਚ ਨੂੰ ਰੈਗੂਲੇਟ ਕੀਤਾ ਜਾਂਦਾ ਹੈ ਅਤੇ ਖੇਤੀਬਾੜੀ ਦਾ ਆਧੁਨਿਕ ਮੰਡੀਕਰਣ ਸਿਸਟਮ ਤਿਆਰ ਕੀਤਾ ਗਿਆ ਹੈ। ਮੌਜੂਦਾ ਸਮੇਂ ਵਿੱਚ 156 ਮਾਰਕਿਟ ਕਮੇਟੀਆਂ ਅਧੀਨ ਲੱਗਭੱਗ 1900 ਪੱਕੀਆਂ ਮੰਡੀਆਂ ਹਨ ਅਤੇ ਸੀਜਨ ਦੌਰਾਨ ਕਿਸਾਨਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆ ਕਰੀਬ 2000 ਆਰਜੀ ਪੱਧਰ ਤੇ ਖਰੀਦ ਕੇਂਦਰ ਵੀ ਖੋਲੇ ਜਾਂਦੇ ਹਨ, ਤਾਂ ਜੋ ਕਿਸਾਨਾਂ ਨੂੰ ਆਪਣੀ ਜਿਣਸ ਵੇਚਣ ਲਈ ਜਿਆਦਾ ਦੂਰ ਨਾ ਜਾਣਾ ਪਵੇ। ਕਿਸਾਨਾਂ ਦੀ ਜਿਣਸ ਸਹੀ ਢੰਗ ਨਾਲ ਮੰਡੀਆਂ ਵਿੱਚ ਪਹੁੰਚੇ, ਇਸਦੇ ਲਈ ਮੰਡੀ ਬੋਰਡ ਵੱਲੋਂ ਕਰੀਬ 64000 ਕਿਲੋਮੀਟਰ ਲੰਬਾਈ ਦੀਆਂ ਸੜਕਾਂ ਰਾਜ ਅੰਦਰ ਸਥਾਪਿਤ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਜਿਣਸ ਦਾ ਸਹੀ ਮੁੱਲ ਦਵਾਉਣ ਲਈ ਮੰਡੀਆਂ ਵਿੱਚ ਖੁੱਲੀ ਬੋਲੀ ਕਰਵਾਈ ਜਾਂਦੀ ਹੈ। ਕਿਸਾਨਾਂ ਨੂੰ ਉਨ੍ਹਾਂ ਦੀ ਫਸਲਾਂ ਦੀ ਅਦਾਇਗੀ ਵੀ ਸਿੱਧੀ ਉਨ੍ਹਾਂ ਦੇ ਬੈਂਕ ਖਾਤੀਆਂ ਵਿੱਚ ਹੀ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਅੱਜ ਮੰਡੀਆਂ ਦੇ ਵਿਕਾਸ ਅਤੇ ਕਿਸਾਨਾਂ ਦੀ ਬਿਹਤਰੀ ਲਈ ਪੰਜਾਬ ਮੰਡੀ ਬੋਰਡ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਪੰਜਾਬ ਦੀਆਂ ਮਾਰਕਿਟ ਕਮੇਟੀਆਂ, ਫੀਲਡ ਦਫ਼ਤਰਾਂ ਅਤੇ ਮੰਡੀਆਂ ਦੇ ਕਵਰ ਸੈੱਡਾਂ ਤੇ ਸੋਲਰ ਸਿਸਟਮ ਲਗਾਉਣ ਦੀ ਸ਼ੁਰੂਆਤ, ਮੰਡੀਆਂ ਵਿੱਚ ਏ.ਟੀ.ਐਮਜ਼ ਲਗਾਉਣਾ, ਮੰਡੀਆਂ ਦੇ ਕਵਰ ਸੈੱਡਾਂ ਨੂੰ ਆਫ਼ ਸੀਜ਼ਨ ਵਿੱਚ ਵਿਆਹ ਸ਼ਾਦੀਆਂ ਤੇ ਹੋਰ ਗਤੀਵਿਧੀਆਂ ਲਈ ਬਹੁਤ ਹੀ ਘੱਟ ਰੇਟਾਂ ਤੇ ਮੁਹੱਇਆ ਕਰਵਾਉਣਾ,ਬਚਿੱਆਂ ਦੇ ਵਿਕਾਸ ਲਈ ਆਫ਼ ਸੀਜ਼ਨ ਦੌਰਾਨ ਮੰਡੀਆਂ ਦੇ ਕਵਰ ਸ਼ੈੱਡਾਂ ਨੂੰ ਇੰਨਡੋਰ ਗੇਮਜ਼ ਲਈ ਮੁਹੱਇਆ ਕਰਵਾਉਣਾ, ਕਿਸਾਨ ਭਵਨ ਰਾਹੀਂ ਬੀਤੇ ਇੱਕ ਸਾਲ ਵਿੱਚ ਕਰੀਬ 4 ਕਰੋੜ 13 ਲੱਖ ਰੁਪਏ ਦੀ ਆਮਦਨ ਅਤੇ ਪਟਿਆਲਾ ਵਿਖੇ ਮੱਛੀ ਮੰਡੀ ਦੀ ਸ਼ੁਰੂਆਤ ਕੀਤੀ ਗਈ ਹੈ।
ਸ੍ਰੀ ਆਦਿਤਯ ਦੇਵੀਲਾਲ ਚੌਟਾਲਾ ਨੇ ਸ. ਹਰਚੰਦ ਸਿੰਘ ਬਰਸਟ ਨੂੰ ਚੇਅਰਮੈਨ ਕੌਸਾਂਬ ਬਣਨ ਤੇ ਵਧਾਇਆਂ ਦਿੱਤੀਆਂ ਅਤੇ ਕਿਹਾ ਕਿ ਸ. ਬਰਸਟ ਵੱਲੋਂ ਉਨ੍ਹਾਂ ਕੇ ਕਾਰਜ ਕਾਲ ਦੌਰਾਨ ਪੰਜਾਬ ਵਿੱਚ ਮੰਡੀਕਰਣ ਸਿਸਟਮ ਨੂੰ ਬਿਹਤਰ ਬਣਾਉਣ ਲਈ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ। ਡਾ. ਜੇ. ਐਸ. ਯਾਦਵ ਨੇ ਕੌਂਸਲ ਆਫ ਸਟੇਟ ਐਗਰੀਕਲਚਰ ਮਾਰਕੀਟਿੰਗ ਬੋਰਡ (ਕੌਸਾਂਬ) ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਅਤੇ ਖੇਤੀਬਾੜੀ ਜਿਣਸਾ ਦੇ ਸੁਚੱਜੇ ਮੰਡੀਕਰਣ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਆਸ ਪ੍ਰਗਟਾਈ ਕਿ ਜਿਸ ਤਰ੍ਹਾਂ ਸ. ਹਰਚੰਦ ਸਿੰਘ ਬਰਸਟ ਵੱਲੋਂ ਪੰਜਾਬ ਦੇ ਮੰਡੀਕਰਣ ਸਿਸਟਮ ਨੂੰ ਅਪਗਰੇਡ ਕੀਤਾ ਜਾ ਰਿਹਾ ਹੈ ਅਤੇ ਆਮਦਨ ਦੇ ਨਵੇਂ ਵਸੀਲੇ ਪੈਦਾ ਕੀਤੇ ਗਏ ਹਨ, ਉਹ ਸ਼ਲਾਘਾ ਯੋਗ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮੰਡੀਕਰਣ ਸਿਸਟਮ ਭਾਰਤ ਵਿੱਚ ਬਹੁਤ ਵਧੀਆ ਹੈ ਅਤੇ ਸ. ਬਰਸਟ ਦੀ ਅਗਵਾਈ ਵਿੱਚ ਪੂਰੇ ਭਾਰਤ ਦੇ ਮੰਡੀ ਸਿਸਟਮ ਵਿੱਚ ਬਦਲਾਅ ਲਿਆ ਕੇ ਖੇਤੀਬਾੜੀ ਨੂੰ ਇਕ ਲਾਹੇਵੰਦ ਧੰਦਾ ਬਣਾਇਆ ਜਾਵੇਗਾ। ਇਸ ਮੌਕੇ ਕੌਂਸਾਂਬ ਅਤੇ ਪੰਜਾਬ ਮੰਡੀ ਬੋਰਡ ਦੇ ਅਧਿਕਾਰੀ ਵੀ ਮੌਜੂਦ ਰਹੇ।