ਪਤੀਆਂ ਜਾਂ ਪਰਿਵਾਰਕ ਮੈਂਬਰਾਂ ਨੇ ਇੱਕ ਸਾਲ ‘ਚ 51 ਹਜ਼ਾਰ ਤੋਂ ਵੱਧ ਔਰਤਾਂ ਦੀ ਹੱਤਿਆ ਕੀਤੀ
ਨਵੀਂ ਦਿੱਲੀ, 1 ਦਸੰਬਰ, ਦੇਸ਼ ਕਲਿਕ ਬਿਊਰੋ :
ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਅਨੁਸਾਰ ਸੰਨ 2023 ਵਿੱਚ 51 ਹਜ਼ਾਰ ਤੋਂ ਵੱਧ ਔਰਤਾਂ ਦੀ ਹੱਤਿਆ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਜਾਂ ਪਤੀਆਂ ਵੱਲੋਂ ਕੀਤੀ ਗਈ। ਰਿਪੋਰਟ ਅਨੁਸਾਰ, ਪਿਛਲੇ ਸਾਲ ਹਰ ਦਿਨ ਔਸਤਨ 140 ਔਰਤਾਂ ਦੀ ਹੱਤਿਆ ਉਨ੍ਹਾਂ ਦੇ ਆਪਣੇ ਪਰਿਵਾਰਕ ਮੈਂਬਰਾਂ ਜਾਂ ਪਤੀਆਂ ਵੱਲੋਂ ਹੋਈ। ਇਸ ਤੋਂ ਪਹਿਲੇ ਸਾਲ 2022 ਵਿੱਚ, ਦੁਨੀਆ ਭਰ ਵਿੱਚ ਇਸ ਤਰ੍ਹਾਂ ਲਗਭਗ 49 ਹਜ਼ਾਰ ਔਰਤਾਂ ਮਾਰੀਆਂ ਗਈਆਂ।
ਇਹ ਹੱਤਿਆਵਾਂ ਸਭ ਤੋਂ ਵੱਧ ਅਫਰੀਕੀ ਦੇਸ਼ਾਂ ਵਿੱਚ ਦਰਜ ਕੀਤੀਆਂ ਗਈਆਂ ਹਨ, ਜਿਸ ਤੋਂ ਬਾਅਦ ਏਸ਼ੀਆ ਦਾ ਨੰਬਰ ਆਉਂਦਾ ਹੈ। ਰਿਪੋਰਟ ਦੱਸਦੀ ਹੈ ਕਿ ਔਰਤਾਂ ਅਤੇ ਕੁੜੀਆਂ ਲਈ ਉਹਨਾਂ ਦੇ ਘਰ ਸਭ ਤੋਂ ਅਸੁਰੱਖਿਅਤ ਸਥਾਨ ਬਣ ਗਏ ਹਨ।ਇਸ ਰਿਪੋਰਟ ਨੂੰ ਯੂਨਾਈਟਡ ਨੇਸ਼ਨ ਆਫਿਸ ਆਨ ਡਰਗਜ਼ ਐਂਡ ਕਰਾਈਮ (UNODC) ਅਤੇ ਯੂਐਨ ਵੂਮੈਨ ਵੱਲੋਂ ਸਾਂਝੇ ਤੌਰ ‘ਤੇ ਤਿਆਰ ਕੀਤਾ ਗਿਆ।
ਰਿਪੋਰਟ ਮੁਤਾਬਕ ਅਫਰੀਕਾ ਵਿੱਚ 21,700, ਏਸ਼ੀਆ ਵਿੱਚ 18,500, ਅਮਰੀਕਾ ਵਿੱਚ 8,300, ਯੂਰਪ ਵਿੱਚ 2,300 ਅਤੇ ਓਸ਼ੀਨੀਆ ਵਿੱਚ 300 ਹੱਤਿਆਵਾਂ ਦਰਜ ਕੀਤੀਆਂ ਗਈਆਂ।
ਜੇਕਰ ਮਰਦਾਂ ਨਾਲ ਤੁਲਨਾ ਕੀਤੀ ਜਾਵੇ ਤਾਂ ਪੁਰਸ਼ਾਂ ਦੇ ਕੇਵਲ 11.8% ਮਾਮਲਿਆਂ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਜਾਂ ਪਤਨੀਆਂ ਵੱਲੋਂ ਹੱਤਿਆ ਹੋਈ, ਜਦਕਿ ਔਰਤਾਂ ਦੇ ਮਾਮਲੇ ਵਿੱਚ ਇਹ ਅੰਕੜਾ 60.2% ਸੀ।
ਫ੍ਰਾਂਸ, ਦੱਖਣੀ ਅਫਰੀਕਾ, ਅਤੇ ਕੋਲੰਬੀਆ ਵਿੱਚ 2014 ਤੋਂ 2017 ਤੱਕ ਦੇ ਅੰਕੜਿਆਂ ਮੁਤਾਬਕ, ਜਿਨ੍ਹਾਂ ਔਰਤਾਂ ਦੀ ਹੱਤਿਆ ਉਨ੍ਹਾਂ ਦੇ ਪਤੀਆਂ ਵੱਲੋਂ ਕੀਤੀ ਗਈ, ਉਹਨਾਂ ਵਿੱਚੋਂ 22-37% ਨੇ ਪਹਿਲਾਂ ਜ਼ੁਲਮ ਦੀ ਸ਼ਿਕਾਇਤ ਕੀਤੀ ਸੀ। ਇਸ ਨਾਲ ਇਹ ਪਤਾ ਲੱਗਦਾ ਹੈ ਕਿ ਜੇਕਰ ਅਜਿਹੀਆਂ ਸ਼ਿਕਾਇਤਾਂ ‘ਤੇ ਧਿਆਨ ਦਿੱਤਾ ਜਾਵੇ, ਤਾਂ ਕਈ ਹੱਤਿਆਵਾਂ ਨੂੰ ਰੋਕਿਆ ਜਾ ਸਕਦਾ ਹੈ।
ਜੇਕਰ ਖੇਤਰੀ ਅੰਕੜਿਆਂ ‘ਤੇ ਝਾਤ ਮਾਰੀਏ ਤਾਂ ਯੂਰਪ ਵਿੱਚ 2023 ਵਿੱਚ 64% ਮਾਮਲਿਆਂ ਵਿੱਚ ਹੱਤਿਆਵਾਂ ਪਤੀਆਂ ਵੱਲੋਂ ਹੋਈਆਂ।ਅਮਰੀਕਾ ਵਿੱਚ ਇਹ ਅੰਕੜਾ 58% ਸੀ।ਦੁਨੀਆ ਦੇ ਬਾਕੀ ਹਿਸਿਆਂ ਵਿੱਚ 59% ਹੱਤਿਆਵਾਂ ਪਰਿਵਾਰਕ ਮੈਂਬਰਾਂ ਵੱਲੋਂ ਅਤੇ 41% ਹੱਤਿਆਵਾਂ ਪਤੀਆਂ ਵੱਲੋਂ ਹੋਈਆਂ।
ਰਿਪੋਰਟ ‘ਚ ਅਜਿਹੀਆਂ ਹੱਤਿਆਵਾਂ ਨੂੰ ਰੋਕਣ ਲਈ ਸਿਫਾਰਸ਼ ਕੀਤੀਆਂ ਗਈਆਂ ਕਿ ਘਰੇਲੂ ਹਿੰਸਾ ਦੀਆਂ ਸ਼ਿਕਾਇਤਾਂ ‘ਤੇ ਤੁਰੰਤ ਕਾਰਵਾਈ ਹੋਵੇ,ਲਿੰਗ ਅਧਾਰਿਤ ਹਿੰਸਾ ਦਾ ਅੰਕੜਾ ਇਕੱਠਾ ਕਰਨ ਲਈ ਸਾਫਟਵੇਅਰ ਅਤੇ ਫਰੇਮਵਰਕ ਤਿਆਰ ਕੀਤੇ ਜਾਣ,ਜੈਂਡਰ ਅਧਾਰਿਤ ਅਪਰਾਧਾਂ ਨੂੰ ਘਟਾਉਣ ਲਈ ਸਖ਼ਤ ਕਾਨੂੰਨੀ ਪ੍ਰਬੰਧ ਕੀਤੇ ਜਾਣ।