ਚੰਡੀਗੜ੍ਹ, 1 ਦਸੰਬਰ, ਦੇਸ਼ ਕਲਿਕ ਬਿਊਰੋ :
ਸ਼ੰਭੂ ਬਾਰਡਰ ਤੋਂ ਦਿੱਲੀ ਕੂਚ ਲਈ ਕਿਸਾਨਾਂ ਨੇ ਪੂਰੀ ਤਿਆਰੀ ਕਰ ਲਈ ਹੈ। ਇਸ ਗੱਲ ਦਾ ਪ੍ਰਗਟਾਵਾ ਕਿਸਾਨ ਆਗੂਆਂ ਨੇ ਅੱਜ ਐਤਵਾਰ ਨੂੰ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਹੈ ਕਿ 6 ਦਸੰਬਰ ਨੂੰ ਕਿਸਾਨ ਪੈਦਲ ਦਿੱਲੀ ਲਈ ਰਵਾਨਾ ਹੋਣਗੇ।
ਕਿਸਾਨਾਂ ਦੀ ਅਗਵਾਈ ਕਰਨ ਵਾਲੇ ਆਗੂ ਮਰਜੀਵੜਿਆਂ (ਮਰਣ ਲਈ ਤਿਆਰ) ਦੇ ਜਥੇ ਵਜੋਂ ਪਹਿਲੀ ਲਾਈਨ ਵਿੱਚ ਚੱਲਣਗੇ। ਹੋਰ ਕਿਸਾਨ ਉਨ੍ਹਾਂ ਦੇ ਪਿੱਛੇ ਚੱਲਣਗੇ। ਜਿੱਥੇ ਵੀ ਰਾਤ ਹੋਵੇਗੀ, ਕਿਸਾਨ ਸੜਕ ‘ਤੇ ਹੀ ਡੇਰੇ ਲਗਾ ਲੈਣਗੇ। ਸਵੇਰ ਹੁੰਦੇ ਹੀ ਮੁੜ ਦਿੱਲੀ ਵੱਲ ਵਧਣਾ ਸ਼ੁਰੂ ਕਰ ਦੇਣਗੇ।
ਉਨ੍ਹਾਂ ਕਿਹਾ ਕਿ ਹਰਿਆਣਾ ਦੇ ਕਈ ਮੰਤਰੀ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਸੀ ਕਿ ਜੇਕਰ ਕਿਸਾਨ ਪੈਦਲ ਜਾਣ ਤਾਂ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ। ਅਜਿਹੇ ‘ਚ ਅਸੀਂ ਉਮੀਦ ਕਰਦੇ ਹਾਂ ਕਿ ਉਹ ਆਪਣੇ ਬਿਆਨ ‘ਤੇ ਕਾਇਮ ਰਹਿਣਗੇ।
ਪੰਧੇਰ ਨੇ ਕਿਹਾ ਕਿ ਕਿਸਾਨ ਜ਼ਰੂਰੀ ਵਸਤਾਂ ਆਪਣੇ ਨਾਲ ਲੈ ਕੇ ਜਾਣਗੇ। ਪਹਿਲਾ ਸਟਾਪ ਜੱਗੀ ਸਿਟੀ, ਅੰਬਾਲਾ ਵਿਖੇ ਹੋਵੇਗਾ। ਇਸ ਤੋਂ ਬਾਅਦ ਕਿਸਾਨਾਂ ਦਾ ਇੱਕ ਜਥਾ ਮੋਹੜਾ ਮੰਡੀ, ਖਾਨਪੁਰ ਜੱਟਾਂ ਅਤੇ ਪਿੱਪਲੀ ਪਹੁੰਚੇਗਾ। ਸਾਰੇ ਕਿਸਾਨ ਰੋਜ਼ਾਨਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੀ ਕੰਮ ਚੱਲਣਗੇ।
ਪੰਧੇਰ ਨੇ ਕਿਹਾ ਕਿ ਇਸ ਸਮੇਂ ਸੰਸਦ ਦਾ ਸੈਸ਼ਨ ਚੱਲ ਰਿਹਾ ਹੈ। ਦੇਖਦੇ ਹਾਂ ਕਿ ਕਿੰਨੇ ਲੋਕਾਂ ਨੇ ਸਦਨ ਵਿੱਚ ਕਿਸਾਨਾਂ ਦੇ ਮੁੱਦੇ ਉਠਾਏ ਹਨ। ਅਸੀਂ ਸਿਰਫ MSP ਕਾਨੂੰਨ ਦੀ ਗੱਲ ਕਰ ਰਹੇ ਹਾਂ। ਮੀਡੀਆ ਰਿਪੋਰਟਾਂ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਕਿਸਾਨ ਆਪਣੇ ਖਰਚੇ ਵੀ ਪੂਰੇ ਕਰਨ ਦੇ ਸਮਰੱਥ ਨਹੀਂ ਹੈ। ਇਸ ਲਈ ਕਿਸਾਨ ਐਮਐਸਪੀ ਕਾਨੂੰਨ ਦੀ ਮੰਗ ਕਰ ਰਹੇ ਹਨ।