ਚਮਕੌਰ ਸਾਹਿਬ/ ਮੋਰਿੰਡਾ 1 ਦਸੰਬਰ ( ਭਟੋਆ )
ਚਮਕੌਰ ਸਾਹਿਬ ਬਲਾਕ ਅਧੀਨ ਪੈਂਦੇ ਪਿੰਡ ਕੀੜੀ ਅਫਗਾਨਾਂ ਵਿਖੇ ਬੀਤੇ ਰਾਤ ਪਿੰਡ ਦੀ ਸ਼ਾਮਲਾਟ ਜ਼ਮੀਨ ਵਿੱਚ ਪਰਾਲੀ ਦੀਆਂ ਬਣਾਈਆਂ ਹੋਈਆਂ ਗੱਠਾਂ ਦੇ ਵੱਡੇ ਸਟਾਕ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ । ਇਸ ਅੱਗ ਤੇ ਪਿੰਡ ਵਾਸੀਆਂ ਅਤੇ ਅੱਗ ਬਝਾਉ ਗੱਡੀਆਂ ਦੇ ਸਹਿਯੋਗ ਨਾਲ ਕਈ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਕਾਬੂ ਪਾਇਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਾਲੀ ਦੀਆਂ ਗੱਠਾਂ ਦੇ ਮਾਲਕ ਕਿਸਾਨ ਕਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ 250 ਏਕੜ ਦੇ ਕਰੀਬ ਠੇਕੇ ਤੇ ਜ਼ਮੀਨ ਲੈ ਕੇ ਖੇਤੀ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਵਲੋਂ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਪਰਾਲੀ ਨੂੰ ਅੱਗ ਨਾ ਲਗਾਉਣ ਦੇ ਕਾਰਨ ਉਕਤ ਖੇਤਾਂ ਵਿੱਚੋਂ ਇਹ ਸਾਰੀ ਪਰਾਲੀ ਇਕੱਠੀ ਕਰਕੇ ਅਤੇ ਇਨ੍ਹਾਂ ਦੀਆਂ ਗੱਠਾਂ ਬਣਾ ਕੇ ਪਿੰਡ ਦੀ ਸ਼ਾਮਲਾਟ ਜ਼ਮੀਨ ਵਿੱਚ ਵੱਡੇ ਵੱਡੇ ਢੇਰ ਲਗਾ ਦਿੱਤੇ ਸਨ , ਪ੍ਰੰਤੂ ਬੀਤੀ ਦੇਰ ਰਾਤ ਅਚਾਨਕ ਇਨ੍ਹਾਂ ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗ ਗਈ, ਜਿਸ ਕਾਰਨ ਉਨ੍ਹਾਂ ਦਾ 18 ਤੋਂ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ । ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਕਰਜਾ ਚੁੱਕ ਕੇ ਇਸ ਪਰਾਲੀ ਦਾ ਭੰਡਾਰ ਕੀਤਾ ਗਿਆ ਸੀ, ਪਰ ਹੁਣ ਇਹ ਅੱਗ ਲੱਗਣ ਕਾਰਨ ਸਭ ਕੁੱਝ ਸੜ ਕੇ ਸਵਾਹ ਹੋ ਗਿਆ ਹੈ, ਜਿਸ ਕਾਰਨ ਉਨਾ ਉੱਪਰ ਕਰਜੇ ਦੀ ਪੰਡ ਹੋਰ ਭਾਰੀ ਹੋ ਗਈ ਹੈ। ਦੂਜੇ ਪਾਸੇ ਪਿੰਡ ਵਾਸੀਆਂ, ਸਾਬਕਾ ਸਰਪੰਚ ਸ਼ਮਸ਼ੇਰ ਸਿੰਘ ਬਾਜਵਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰੀਤਮ ਸਿੰਘ ਬਾਜਵਾ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਕਿਸਾਨ ਦੇ ਹੋਏ ਨੁਕਸਾਨ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ ਤਾਂ ਜੋ ਕਿ ਉਕਤ ਕਿਸਾਨ ਨੂੰ ਕੁੱਝ ਰਾਹਤ ਮਿਲ ਸਕੇ । ਪੁਲੀਸ ਚੌਕੀ ਡੱਲਾ ਦੇ ਇੰਚਾਰਜ ਸ਼ਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ ।