ਮੌਕੇ ‘ਤੇ ਪੁੱਜੇ ਪੁਲਸ ਮੁਲਾਜ਼ਮਾਂ ਨੂੰ ਥੱਪੜ ਮਾਰੇ, ਦੋ ਥਾਣੇਦਾਰ ਜ਼ਖ਼ਮੀ, ਵਾਰਦਾਤ CCTV ’ਚ ਕੈਦ
ਲੁਧਿਆਣਾ, 1 ਦਸੰਬਰ, ਦੇਸ਼ ਕਲਿਕ ਬਿਊਰੋ :
ਗੈਂਗਸਟਰ ਵਿਸ਼ਾਲ ਗਿੱਲ ਇੱਕ ਵਾਰ ਫਿਰ ਲੁਧਿਆਣਾ ਵਿੱਚ ਸਰਗਰਮ ਹੋ ਗਿਆ ਹੈ। ਵਿਸ਼ਾਲ ਗਿੱਲ ਖ਼ਿਲਾਫ਼ ਕਈ ਥਾਣਿਆਂ ਵਿੱਚ ਫਾਇਰਿੰਗ ਦੇ ਕੇਸ ਦਰਜ ਹਨ। ਬੀਤੀ ਰਾਤ ਗੈਂਗਸਟਰ ਵਿਸ਼ਾਲ ਗਿੱਲ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਟਿੱਬਾ ਰੋਡ ਇਲਾਕੇ ਦੇ ਇਕ ਰੈਸਟੋਰੈਂਟ ‘ਚ ਜਨਮ ਦਿਨ ਦੀ ਪਾਰਟੀ ਕਰ ਰਹੇ ਨੌਜਵਾਨਾਂ ‘ਤੇ ਹਮਲਾ ਕਰ ਦਿੱਤਾ।
ਹਮਲੇ ਦੀ ਸੂਚਨਾ ਮਿਲਣ ‘ਤੇ ਪੀਸੀਆਰ ਦਸਤੇ ਨੇ ਮੌਕੇ ‘ਤੇ ਪਹੁੰਚ ਕੇ ਹਮਲਾਵਰਾਂ ਨੂੰ ਰੈਸਟੋਰੈਂਟ ‘ਚੋਂ ਬਾਹਰ ਕੱਢਿਆ।
ਇਸ ਦੌਰਾਨ ਬਦਮਾਸ਼ਾਂ ਨੇ ਪੀਸੀਆਰ ਮੁਲਾਜ਼ਮਾਂ ‘ਤੇ ਹਮਲਾ ਕਰ ਦਿੱਤਾ। ਬਦਮਾਸ਼ਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਸ਼ਰੇਆਮ ਥੱਪੜ ਮਾਰੇ।ਹਮਲੇ ਵਿੱਚ ਏਐਸਆਈ ਕਮਲ ਅਤੇ ਏਐਸਆਈ ਅਮਰਜੀਤ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ।ਥਾਣਾ ਟਿੱਬਾ ਦੀ ਪੁਲੀਸ ਮੌਕੇ ’ਤੇ ਪੁੱਜੀ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।
ਘਟਨਾ ਤੋਂ ਬਾਅਦ ਵਿਸ਼ਾਲ ਗਿੱਲ ਪੁਲਿਸ ਦੇ ਹੱਥੋਂ ਫਰਾਰ ਹੋ ਗਿਆ। ਇਸ ਮਾਮਲੇ ਵਿੱਚ ਪੁਲਿਸ ਨੇ ਹੁਣ ਤੱਕ ਕੇਵਲ ਅਨਮੋਲ ਗਿੱਲ, ਕਾਰਤਿਕ ਬੱਗਨ, ਦਿਵਿਆਸ਼ੂ, ਚਿਰਾਗ ਯਗੋਤਾ, ਸੁਵੰਸ਼ ਜਾਲਾਨ ਅਤੇ ਯੁਗਿਆਂਸ਼ੂ ਨੂੰ ਗ੍ਰਿਫ਼ਤਾਰ ਕੀਤਾ ਹੈ।