ਦੋਸ਼ੀ ਜੇ.ਈ ਨੇ ਪਹਿਲਾਂ ਵੀ 10,000 ਰੁਪਏ ਦੀ ਲਈ ਸੀ ਰਿਸ਼ਵਤ
ਚੰਡੀਗੜ, 2 ਦਸੰਬਰ : ਦੇਸ਼ ਕਲਿੱਕ ਬਿਓਰੋ
ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਸੋਮਵਾਰ ਨੂੰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਦਫ਼ਤਰ ਨਾਭਾ, ਜਿਲ੍ਹਾ ਪਟਿਆਲਾ ਵਿਖੇ ਤਾਇਨਾਤ ਨਰਿੰਦਰ ਸਿੰਘ, ਜੂਨੀਅਰ ਇੰਜੀਨੀਅਰ (ਜੇ.ਈ.) ਨੂੰ 10000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਸ਼ਿਵਾ ਇਨਕਲੇਵ ਨਾਭਾ ਦੇ ਵਸਨੀਕ ਭੋਲਾ ਚੰਦ ਸਿੰਗਲਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਹੈ ਕਿ ਦੋਸ਼ੀ ਨਰਿੰਦਰ ਸਿੰਘ ਜੇ.ਈ.ਉਸ ਦੇ ਘਰ ਵਿੱਚ ਲਗਾਏ ਗਏ ਬਿਜਲੀ ਮੀਟਰ ਦੇ ਲੋਡ ਦੇ ਬਕਾਇਆ ਜੁਰਮਾਨੇ ਨੂੰ ਐਡਜਸਟ ਕਰਨ ਬਦਲੇ 10000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਉਕਤ ਜੇਈ ਪਹਿਲਾਂ ਵੀ 10,000 ਰੁਪਏ ਲੈ ਚੁੱਕਾ ਹੈ ਅਤੇ 10,000 ਰੁਪਏ ਦੀ ਹੋਰ ਰਿਸ਼ਵਤ ਦੀ ਮੰਗ ਕਰ ਰਿਹਾ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤ ਦੀ ਮੁੱਢਲੀ ਪੜਤਾਲ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਜਿਸ ਦੌਰਾਨ ਦੋਸ਼ੀ ਨਰਿੰਦਰ ਸਿੰਘ ਜੇ.ਈ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਅਤੇ ਰਿਸ਼ਵਤ ਦੀ ਰਕਮ ਵੀ ਬਰਾਮਦ ਕਰ ਲਈ ਗਈ। ਇਸ ਸਬੰਧੀ ਉਕਤ ਦੋਸ਼ੀ ਖਿਲਾਫ ਵਿਜੀਲੈਂਸ ਬਿਓਰੋ ਦੇ ਥਾਣਾ ਪਟਿਆਲਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਜਾਰੀ ਹੈ।