ਮਾਲੇਰਕੋਟਲਾ 02 ਦਸੰਬਰ : ਦੇਸ਼ ਕਲਿੱਕ ਬਿਓਰੋ
ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਜ਼ਿਲ੍ਹੇ ਦੇ ਲੋਕਾਂ ਨੂੰ “ਸੂਰਜ ਘਰ ਮੁਫ਼ਤ, ਬਿਜਲੀ ਯੋਜਨਾ” ਦਾ ਲਾਭ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਸਕੀਮ ਤਹਿਤ ਲੋਕ ਆਪਣੇ ਘਰਾਂ ਦੀਆਂ ਛੱਤਾਂ ਉਤੇ ਸਬਸਿਡੀ ’ਤੇ ਸੋਲਰ ਪਲਾਂਟ ਲਗਵਾ ਕੇ ਆਪਣੇ ਘਰਾਂ ਲਈ ਆਪਣੀ ਬਿਜਲੀ ਖੁਦ ਪੈਦਾ ਕਰ ਸਕਦੇ ਹਨ।
ਡਾ.ਪੱਲਵੀ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਘਰੇਲੂ ਖਪਤਕਾਰਾਂ ਲਈ 2 ਕਿਲੋਵਾਟ ਤੱਕ 30000 ਰੁਪਏ ਪ੍ਰਤੀ ਕਿਲੋਵਾਟ, 2 ਤੋਂ 3 ਕਿਲੋਵਾਟ ਤੱਕ ਵਾਧੂ ਸਮਰੱਥਾ ਲਈ 18000 ਰੁਪਏ ਅਤੇ 3 ਕਿਲੋਵਾਟ ਤੋਂ ਵੱਧ ਸਿਸਟਮ ਲਈ ਕੁੱਲ 78000 ਰੁਪਏ ਤੱਕ ਸਬਸਿਡੀ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਸਬਸਿਡੀ ਦੀ ਰਾਸ਼ੀ ਸਿੱਧਾ ਖ਼ਪਤਕਾਰ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਹੁੰਦੀ ਹੈ। ਉਨ੍ਹਾਂ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਕੀਮ ਸਬੰਧੀ ਵੱਡੇ ਪੱਧਰ ’ਤੇ ਜਾਗਰੂਕਤਾ ਫੈਲਾਉਣ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਵੱਧ ਤੋਂ ਵੱਧ ਯੋਗ ਲੋਕਾਂ ਨੂੰ ਯੋਜਨਾ ਦਾ ਲਾਭ ਦਿੱਤਾ ਜਾ ਸਕੇ।
ਵਧੀਕ ਨਿਗਰਾਨ ਇੰਜੀਨੀਅਰ ਪੀ.ਐਸ.ਪੀ.ਸੀ.ਐਲ. ਇੰਜ ਹਰਵਿੰਦਰ ਸਿੰਘ ਧੀਮਾਨ ਕਿਹਾ ਕਿ ਇਸ ਯੋਜਨਾ ਸਦਕਾ ਜਿਥੇ ਬਿਜਲੀ ਬਚੇਗੀ ਉਥੇ ਬਿਜਲੀ ਖਪਤਕਾਰਾਂ ਦੇ ਬਿਜਲੀ ਬਿੱਲ ਘੱਟਣ ਨਾਲ ਉਨ੍ਹਾਂ ਦੇ ਪੈਸੇ ਦੀ ਵੀ ਬੱਚਤ ਹੋਵੇਗੀ। ਉਨ੍ਹਾਂ ਦੱਸਿਆ ਕਿ ਪੀ.ਐਸ.ਪੀ.ਸੀ.ਐਲ.ਵਲੋਂ ਘਰ ਦੀ ਛੱਤ ’ਤੇ 10 ਕਿਲੋਵਾਟ ਤੱਕ ਦੇ ਸੋਲਰ ਪਲਾਂਟ ਲਗਵਾਉਣ ਲਈ ਤਕਨੀਕੀ ਫਿਜ਼ੀਬਿਲਟੀ ਤੋਂ ਛੋਟ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਸੋਲਰ ਪਲਾਂਟ/ਸੋਲਰ ਮੀਟਰ ਲਗਵਾਉਣ ਸਬੰਧੀ ਵਧੇਰੇ ਜਾਣਕਾਰੀ ਲਈ ਪੀ.ਐਸ.ਪੀ.ਸੀ.ਐਲ. ਵੰਡ ਉਪ ਮੰਡਲ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਲੋਕ ਨੋਡਲ ਅਧਿਕਾਰੀ ਪੀ.ਐਸ.ਪੀ.ਸੀ.ਐਲ. ਨਾਲ ਮੋਬਾਇਲ ਨੰਬਰ 9646129246 ’ਤੇ ਰਾਬਤਾ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ http://www.pmsuryaghar.gov.in ’ਤੇ ਵੀ ਅਪਲਾਈ ਕੀਤਾ ਜਾ ਸਕਦਾ ਹੈ।