ਪੁੱਛਿਆ, ਕਿਸਾਨਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਅਜੇ ਤੱਕ ਪੂਰੇ ਕਿਉਂ ਨਹੀਂ ਹੋਏ
ਨਵੀਂ ਦਿੱਲੀ, 4 ਦਸੰਬਰ, ਦੇਸ਼ ਕਲਿਕ ਬਿਊਰੋ :
ਉਪ ਰਾਸ਼ਟਰਪਤੀ ਨੇ ਇਕ ਸਮਾਗਮ ਦੌਰਾਨ ਕਿਸਾਨਾਂ ਦੇ ਮੁੱਦੇ ਅਤੇ MSP ਗਾਰੰਟੀ ਕਾਨੂੰਨ ਦੀ ਲੋੜ ‘ਤੇ ਧਿਆਨ ਕੇਂਦ੍ਰਿਤ ਕੀਤਾ। ਉਨ੍ਹਾਂ ਖੇਤੀਬਾੜੀ ਮੰਤਰੀ ਨੂੰ ਸਵਾਲ ਕਰਦੇ ਹੋਏ ਪੁੱਛਿਆ ਕਿ ਪਿਛਲੇ ਸਾਲ ਕਿਸਾਨਾਂ ਨਾਲ ਜੋ ਵਾਅਦੇ ਕੀਤੇ ਗਏ ਸਨ, ਉਹ ਅਜੇ ਤੱਕ ਪੂਰੇ ਕਿਉਂ ਨਹੀਂ ਹੋਏ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਚਿਤ ਕੀਮਤ ਦੇਣ ਨਾਲ ਸਿਰਫ ਖੇਤੀਬਾੜੀ ਖੇਤਰ ਹੀ ਨਹੀਂ, ਸਗੋਂ ਪੂਰੇ ਦੇਸ਼ ਨੂੰ ਵੱਡੇ ਪੱਧਰ ‘ਤੇ ਫਾਇਦਾ ਹੋਵੇਗਾ।
ਉਨ੍ਹਾਂ ਕਿਹਾ ਕਿ ਸਾਨੂੰ ਸਕਾਰਾਤਮਕ ਹੋਣਾ ਚਾਹੀਦਾ ਹੈ। ਕਿਸਾਨਾਂ ਨੂੰ ਉਚਿਤ ਕੀਮਤ ਦੇਣ ਨਾਲ ਕਿਸੇ ਵੀ ਤਰ੍ਹਾਂ ਦੇ ਮਾੜੇ ਪ੍ਰਭਾਵ ਨਹੀਂ ਪੈਣਗੇ। ਇਹ ਸਿਰਫ ਫਾਇਦੇ ਦੀ ਗੱਲ ਹੈ। ਕਿਸਾਨਾਂ ਨੂੰ ਜੋ ਵੀ ਕੀਮਤ ਮਿਲੇਗੀ, ਉਹ ਪੰਜ ਗੁਣਾ ਵਾਪਸ ਦੇਸ਼ ਦੇ ਹਿੱਸੇ ਆਵੇਗੀ।
ਉਪ ਰਾਸ਼ਟਰਪਤੀ ਨੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੇ “ਜੈ ਜਵਾਨ, ਜੈ ਕਿਸਾਨ” ਨਾਅਰੇ ਦੀ ਯਾਦ ਦਵਾਈ। ਉਨ੍ਹਾਂ ਕਿਹਾ ਕਿ ਇਸਦੇ ਮੂਲ ਅਰਥ ਨੂੰ ਸਮਝਣ ਅਤੇ ਉਸ ਦੇ ਅਨੁਸਾਰ ਅਮਲ ਕਰਨ ਦੀ ਲੋੜ ਹੈ। ਉਨ੍ਹਾਂ ਨੇ ਅਟਲ ਬਿਹਾਰੀ ਵਾਜਪੇਈ ਵੱਲੋਂ ਜੋੜੇ ਗਏ “ਜੈ ਅਨੁਸੰਧਾਨ” ਅਤੇ ਵਰਤਮਾਨ ਪ੍ਰਧਾਨ ਮੰਤਰੀ ਵੱਲੋਂ “ਜੈ ਵਿਗਿਆਨ” ਦੇ ਨਾਅਰੇ ਨੂੰ ਸਮਰਥਨ ਦਿੰਦਿਆਂ ਕਿਹਾ ਕਿ ਇਹ ਨਾਅਰੇ ਸਿਰਫ ਤਦ ਹੀ ਸਕਾਰਾਤਮਕ ਹੋਣਗੇ ਜਦੋਂ ਕਿਸਾਨਾਂ ਨੂੰ ਅਗੇ ਵਧਣ ਦਾ ਮੌਕਾ ਮਿਲੇਗਾ।
ਉਪ ਰਾਸ਼ਟਰਪਤੀ ਨੇ ਖੇਤੀਬਾੜੀ ਮੰਤਰੀ ਨੂੰ ਸਵਾਲ ਕਰਦਿਆਂ ਕਿਹਾ ਕਿ ਖੇਤੀਬਾੜੀ ਮੰਤਰੀ ਜੀ, ਸਾਨੂੰ ਦੱਸੋ ਕਿ ਪਿਛਲੇ ਸਾਲ ਕਿਸਾਨਾਂ ਨਾਲ ਕੀਤੇ ਵਾਅਦੇ ਕਿਉਂ ਪੂਰੇ ਨਹੀਂ ਹੋਏ? MSP ਗਾਰੰਟੀ ਕਾਨੂੰਨ ਦੀ ਲੋੜ ‘ਤੇ ਅਜੇ ਤੱਕ ਕੋਈ ਅਮਲ ਕਿਉਂ ਨਹੀਂ ਕੀਤਾ ਗਿਆ? ਉਨ੍ਹਾਂ ਜ਼ੋਰ ਦਿੰਦੇ ਹੋਏ ਕਿਹਾ ਕਿ ਹਰ ਇੱਕ ਮਿੰਟ ਮਹੱਤਵਪੂਰਨ ਹੈ ਅਤੇ ਹੁਣ ਫੈਸਲਾ ਕਰਨ ਦਾ ਸਮਾਂ ਆ ਗਿਆ ਹੈ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਮੈਂ ਭਾਰਤ ਨੂੰ ਉੱਚਾਈਆਂ ਛੂਹਦਿਆਂ ਦੇਖ ਰਿਹਾ ਹਾਂ। ਪਰ ਇਸ ਦੌਰ ਵਿੱਚ ਕਿਸਾਨ ਅਸਹਾਇ ਅਤੇ ਪੀੜਤ ਕਿਉਂ ਹੈ? ਜਦੋਂ ਦੇਸ਼ ਵਿਕਸਤ ਹੋਣ ਦੀ ਗੱਲ ਕਰਦਾ ਹੈ ਤਾਂ ਕਿਸਾਨਾਂ ਦੇ ਹੱਕ ਪਿਛੇ ਕਿਉਂ ਛੱਡੇ ਜਾ ਰਹੇ ਹਨ?
ਉਨ੍ਹਾਂ ਨੇ MSP ਕਾਨੂੰਨ ਨੂੰ ਲਾਗੂ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਕਿਸਾਨਾਂ ਦੇ ਹੱਕਾਂ ਨੂੰ ਅਣਦੇਖਿਆ ਕਰਨਾ ਦੇਸ਼ ਦੇ ਭਵਿੱਖ ਲਈ ਘਾਤਕ ਹੋਵੇਗਾ।ਉਨ੍ਹਾਂ ਕਿਹਾ ਕਿ ਅਜਿਹਾ ਮਾਹੌਲ ਬਣਾਉਣ ਦੀ ਲੋੜ ਹੈ ਜਿਸ ਵਿੱਚ ਕਿਸਾਨ ਸੁਖੀ ਅਤੇ ਖੁਸ਼ਹਾਲ ਮਹਿਸੂਸ ਕਰੇ।