ਅੰਮ੍ਰਿਤਸਰ, 5 ਦਸੰਬਰ, ਦੇਸ਼ ਕਲਿਕ ਬਿਊਰੋ :
ਅੰਮ੍ਰਿਤਸਰ ਵਿਖੇ ਨਸ਼ੇ ‘ਚ ਧੁੱਤ ਪੁਲਿਸ ਮੁਲਾਜ਼ਮ ਨੇ ਹੰਗਾਮਾ ਕੀਤਾ। ਉਸ ਨੇ ਪਹਿਲਾਂ ਦੁੱਧ ਦੇ ਪੈਕਟ ਚੋਰੀ ਕੀਤੇ ਅਤੇ ਫਿਰ ਸੜਕ ‘ਤੇ ਖੜ੍ਹੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਲੋਕ ਪੁਲਸ ਖਿਲਾਫ ਆਪਣਾ ਗੁੱਸਾ ਕੱਢ ਰਹੇ ਹਨ।
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਮਕਬੂਲ ਪੁਰਾ ਇਲਾਕੇ ‘ਚ ਸਵੇਰੇ ਜਦੋਂ ਦੁੱਧ ਸਪਲਾਈ ਕਰਨ ਵਾਲੀ ਗੱਡੀ ਪੁੱਜੀ ਤਾਂ ਇਕ ਪੁਲਸ ਮੁਲਾਜ਼ਮ ਗੱਡੀ ‘ਚੋਂ 3 ਤੋਂ 4 ਦੁੱਧ ਦੇ ਪੈਕਟ ਚੋਰੀ ਕਰਕੇ ਭੱਜਣ ਲੱਗਾ। ਪਰ ਮੁਲਾਜ਼ਮ ਨਸ਼ੇ ‘ਚ ਸੀ ਅਤੇ ਭੱਜ ਨਾ ਸਕਿਆ ਅਤੇ ਉਥੇ ਹੀ ਡਿੱਗ ਗਿਆ, ਜਿਸ ਕਾਰਨ ਦੁੱਧ ਵੀ ਸੜਕ ‘ਤੇ ਡੁੱਲ੍ਹ ਗਿਆ।
ਇਸ ਤੋਂ ਬਾਅਦ ਦੁੱਧ ਸਪਲਾਈ ਕਰਨ ਵਾਲਿਆਂ ਨੇ ਉਸ ਨੂੰ ਫੜ ਲਿਆ ਪਰ ਪੁਲਸ ਮੁਲਾਜ਼ਮ ਦੀ ਉਨ੍ਹਾਂ ਨਾਲ ਹੱਥੋਪਾਈ ਵੀ ਹੋ ਗਈ। ਮੁਲਾਜ਼ਮ ਇੰਨਾ ਨਸ਼ੇ ‘ਚ ਸੀ ਕਿ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ਉਹ ਚੋਰਾਂ ਨੂੰ ਫੜ ਰਿਹਾ ਹੈ। ਇਸ ਤੋਂ ਬਾਅਦ ਜਾਂਦੇ ਸਮੇਂ ਮੁਲਾਜ਼ਮ ਨੇ ਸੜਕ ‘ਤੇ ਖੜ੍ਹੀ ਇਕ ਕਾਰ ‘ਤੇ ਪੱਥਰ ਸੁੱਟ ਕੇ ਉਸ ਦਾ ਸ਼ੀਸ਼ਾ ਤੋੜ ਦਿੱਤਾ। ਉਹ ਆਪਣੀ ਪੱਗ ਵੀ ਉਥੇ ਹੀ ਛੱਡ ਕੇ ਚਲਾ ਗਿਆ। ਹੁਣ ਪੁਲਿਸ ਮੁਲਾਜ਼ਮ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।