ਡਾ ਅਜੀਤਪਾਲ ਸਿੰਘ ਐਮ ਡੀ
ਸਰੀਰ ਚਲਾਉਣ ਲਈ ਭੋਜਨ ਦਾ ਮਹੱਤਵ ਸਭ ਤੋਂ ਵੱਧ ਹੈ l ਪਰ ਇਹੀ ਮਹੱਤਵਪੂਰਨ ਭੋਜਨ ਉਦੋਂ ਰੋਗ ਦਾ ਕਾਰਣ ਬਣ ਜਦੋਂ ਇਹ ਜਰੂਰਤ ਤੋਂ ਵੱਧ ਖਾਧਾ ਜਾਵੇ l ਦੁਨੀਆਂ ਭਰ ਦੀਆਂ ਖੋਜਾਂ ਤੋਂ ਇਹ ਪਤਾ ਲਗਿਆ ਹੈ ਕਿ ਲੋੜੀਂਦੀ ਮਾਤਰਾ ‘ਚ ਖਾਣਾ ਖਾਣ ਪਿੱਛੋਂ ਵੀ ਸੁਆਦ ਸੁਆਦ ‘ਚ ਹੋਰ ਫਾਲਤੂ ਖਾਈ ਜਾਣਾ ਨਾ ਸਿਰਫ ਮਾਨਸਿਕ ਵਿਗਾੜ ਹੁੰਦਾ ਹੈ ਬਲਕਿ ਜਮਾਂਦਰੂ ਤੇ ਪਿਤਾਪੁਰਖੀ ਗੜਬੜ ਵੀ ਇਸ ਦਾ ਕਾਰਣ ਹੋ ਸਕਦੀ ਹੈ l
ਨਾਸ਼ਤਾ ਹੋਵੇ ਜਾਂ ਲੰਚ ਕਈ ਲੋਕ ਏਨਾ ਖਾ ਲੈਂਦੇ ਹਨ ਕਿ ਸ਼ਾਮ ਨੂੰ ਡਿਨਰ ਸਮੇਂ ਵੀ ਉਹਨਾਂ ਨੂੰ ਪੇਟ ਭਰੇ ਹੋਣ ਦਾ ਅਹਿਸਾਸ ਹੁੰਦਾ ਹੈ l ਪਰ ਇੱਛਾ ਸ਼ਕਤੀ ਦੀ ਕਮਜ਼ੋਰੀ ਜ਼ਰੂਰਤ ਨਾ ਹੋਣ ਤੇ ਵੀ ਖਾਣਾ ਖਾਣ ਲਈ ਮਜਬੂਰ ਕਰ ਦਿੰਦੀ ਹੈ l ਇਸ ਆਦਤ ‘ਚ ਫਸੇ ਬੰਦੇ ਮੋਟੇ ਹੁੰਦੇ ਜਾਂਦੇ ਹਨ l ਉਹਨਾਂ ਦੇ ਪੇਟ ਤੇ ਕਮਰ ਦਾ ਘੇਰਾ ਦਿਨੋਂ ਦਿਨ ਵਧਦਾ ਜਾਂਦਾ ਹੈ l ਲੋੜੋਂ ਵੱਧ ਖਾਣੇ ਭਾਵ ਪੇਟੂ ਹੋਣ ਦੀ ਬਿਮਾਰੀ ਬੱਚਿਆਂ ਤੇ ਵੱਡੀ ਉਮਰ ਦੇ ਬੁਢਾਪੇ ਵੱਲ ਵਧਦੇ ਲੋਕਾਂ ਚ ਜ਼ਿਆਦਾ ਪਣਪਦੀ ਹੈ l ਬੱਚੇ ਤਾਂ ਇਸ ਹੱਦ ਤੱਕ ਪੇਟੂ ਹੋ ਜਾਂਦੇ ਹਨ ਕਿ ਜੇ ਉਹਨਾਂ ਦੀ ਪਸੰਦ ਦੀ ਚੀਜ਼ ਸਾਹਮਣੇ ਆ ਜਾਵੇ ਤਾਂ ਫਿਰ ਜਿੰਨਾ ਮਰਜੀ ਪੇਟ ਭਰਿਆ ਹੋਵੇ, ਉਹ ਖਾਣ ਤੋਂ ਨਹੀਂ ਖੁੰਝਦੇ ਤੇ ਵੱਡੀ ਉਮਰ ਵਾਲੇ ਫਟਾਫਟ ਇਹ ਕਹਿ ਕੇ ਖਾ ਜਾਂਦੇ ਹਨ ਕਿ ਮੈਂ ਆਪਣੇ ਪੇਟ ‘ਤੇ ਅਤਿਆਚਾਰ ਕਰ ਸਕਦਾ ਹਾਂ, ਪਰ ਆਪਣੀਆਂ ਭਾਵਨਾਵਾਂ ਨਹੀਂ ਮਾਰ ਸਕਦਾ l ਦਰਅਸਲ ਖਾਊਂ ਖਾਊਂ ਦੀ ਇਹ ਸਾਰੀ ਖੇਡ ਦਿਮਾਗ ਦੀ ਸੁਆਦ ਦੀ ਇੱਛਾ ਦਾ ਸੰਕੇਤ ਹੈ, ਜੋ ਵਾਰੀ ਵਾਰੀ ਖਾਣ ਨੂੰ ਪ੍ਰੇਰਿਤ ਕਰਦਾ ਹੈ l ਬਜ਼ੁਰਗ ਵੀ ਪਿੱਛੇ ਨਹੀਂ ਰਹਿੰਦੇ l ਪ੍ਰਹੇਜ ਨੂੰ ਭੁੱਲ ਕੇ ਜੀ ਭਰ ਕੇ ਭੋਜਨ ਖਾਣਾ ਚਾਹੁੰਦੇ ਹਨ, ਇਹ ਸੋਚ ਕੇ ਜੀਵਨ ਦੀ ਹੁਣ ਸ਼ਾਮ ਹੈ, ਜਿੰਨਾ ਖਾ ਲਈਏ ਉਨਾ ਫਾਇਦਾ ਜਾਂ ਲਾਹਾ l ਕੁੱਝ ਲੋਕ ਬੇਲੋੜਾ ਇਹ ਸੋਚ ਕੇ ਖਾਂਦੇ ਹਨ ਕਿ ਜਿੰਨਾ ਵੱਧ ਖਾਓਗੇ ਉਨਾ ਹੀ ਵੱਧ ਮਜਬੂਤ ਹੋਵੋਗੇ l ਪਰ ਅਸਲੀਅਤ ‘ਚ ਅਜਿਹਾ ਹੁੰਦਾ ਨਹੀਂ l ਸੁਆਦ ਸੁਆਦ ‘ਚ ਵਾਧੂ (ਫਾਲਤੂ) ਖਾਣਾ ਖਾ ਲੈਣ ਨਾਲ ਸ਼ਰੀਰ ਕੰਮਜ਼ੋਰ ਹੁੰਦਾ ਹੈ l ਅਜਿਹੇ ‘ਚ ਸ਼ਰੀਰ ਤੇ ਚਰਬੀ ਚੜ੍ਹਦੀ ਹੈ ਤੇ ਮੋਟਾਪਾ ਵਧਦਾ ਹੈ l ਇਹ ਮੋਟਾਪਾ ਜ਼ਰੂਰੀ ਅੰਗਾਂ ਨੂੰ ਅਸਰ ਅੰਦਾਜ਼ ਕਰਦਾ ਹੈ l ਜ਼ਿਆਦਾ ਖਾਣ ਨਾਲ ਪੇਟ ਫੈਲਣਾ/ਫੁੱਲਣਾ, ਗੈਸ, ਅਫਾਰਾ, ਪੇਟ ਦਰਦ ਆਦਿ ਅਲਾਮਤਾਂ ਪਣਪਦੀਆਂ ਹਨ ਤੇ ਹੋਰ ਰੋਗਾਂ ਦੀ ਭੂਮਿਕਾ ਤਿਆਰ ਹੋਣ ਲਗਦੀ ਹੈ l ਉਹਨਾਂ ਰੋਗਾਂ ਚ ਮੋਟਾਪਾ ਵੀ ਸ਼ਾਮਲ ਹੈ l
ਕੁੱਝ ਸਾਲਾਂ ਚ ਮੋਟਾਪੇ ਦੇ ਕਾਰਨਾ ‘ਤੇ ਅਧਿਐਨ ਹੋਏ ਹਨ l ਇਹਨਾਂ ਚ ਕੁੱਝ ਅਧਿਐਨ ਅਜਿਹੇ ਹਨ ਜੋ ਮੋਟਾਪੇ ਦੇ ਨਵੇਂ ਕਾਰਨਾ ਨੂੰ ਉਜਾਗਰ ਕਰਦੇ ਹਨ l ਜਿਥੇ ਤੁੰਨ ਤੁੰਨ ਕੇ ਖਾਣ ਦੀ ਆਦਤ, ਉਥੇ ਹਾਲੀਆ ਖੋਜ ਉਹ ਵੀ ਹੈ ਕਿ ਦਿਮਾਗ ਨੂੰ ਪੇਟ ਭਰ ਜਾਣ ਤੇ ਸਪਸ਼ਟ ਸੰਕੇਤ ਆਉਂਦੇ ਹਨ ਜੋ ਕਹਿੰਦੇ ਹਨ ਕਿ ਬਸ ਹੁਣ ਹੋਰ ਨਾ ਖਾਓ, ਮੋਟੇ ਹੋ ਜਾਓਗੇ l
ਕੈਂਬ੍ਰਿਜ ਇੰਸਟੀਚੂਟ ਫਾਰ ਮੈਡੀਕਲ ਰਿਸਰਚ (ਗ੍ਰੇਟ ਬਿ੍ਟੇਨ) ਚ ਇਸੇ ਦਿਸ਼ਾ ਵਿੱਚ ਜੋ ਖੋਜਾਂ ਹੋਈਆਂ ਹਨ, ਉਹਨਾਂ ਤੋਂ ਪਤਾ ਲਗਦਾ ਹੈ ਕਿ ਕੁੱਝ ਖਾਂਦੇ ਸਮੇਂ ਇੱਕ ਹਾਲਤ ਉਹ ਆਂਉਦੀ ਹੈ, ਜਦ ਮਨ ਪੁੱਛਦਾ ਹੈ ਕਿ ਖਾਵਾਂ ਜਾਂ ਨਾ ਖਾਵਾਂ ? ਤਨ ਦੀ ਚਾਹਤ ਆਉਂਦੀ ਹੈ, ਗੱਲ ਸੁਆਦ ਦੀ ਹੈ ਅਤੇ ਖਾ ਲਵਾਂ ਤਾਂ ਉਦੋਂ ਚੁਣਨਾ ਇੱਕ ਨੂੰ ਹੁੰਦਾ ਹੈ l
ਖੋਜ ਅਨੁਸਾਰ ਸਾਡੇ ਦਿਮਾਗ ਦੇ ਅੰਸ਼ ਹਾਇਪੋਥੈਲਮਸ ਚ ਗ੍ਰਾਹੀ ਬਿੰਦੂ ਹੈ, ਜੋ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਬੱਸ ਹੋਰ ਨਾ ਖਾਓ l ਦਿਮਾਗ ਤੋਂ ਲੈ ਕੇ ਪੂਰੇ ਸ਼ਰੀਰ ਵਿੱਚ ਤੰਤਿਰਕਾਵਾਂ ਦਾ ਸੰਵੇਦਨਸ਼ੀਲ ਜਾਲ ਇਹਨਾਂ ਸੁਨੇਹਿਆਂ ਨੂੰ ਲੈਣ ਵਿੱਚ ਮਦਦਗਾਰ ਹੁੰਦਾ ਹੈ l ਜੇ ਸਰਕਟ ‘ਚ ਕੋਈ ਰੋਕਟੋਕ ਹੋ ਜਾਵੇ ਜਾਂ ਖਰਾਬੀ ਆ ਜਾਵੇ ਤੇ ਉਹ ਕੰਮ ਕਰਨ ‘ਚ ਸਮਰੱਥ ਨਾ ਹੋਵੇ ਤਾਂ ਸੰਦੇਸ਼ ਫਿਸਲ ਜਾਂਦੇ ਹਨ ਤੇ ਅਸੀਂ ਬੇ-ਰੋਕ ਟੋਕ ਖਾਂਦੇ ਰਹਿੰਦੇ ਹਾਂ l ਸਟੀਫਨ ਨੇ ਆਪਣੀਆਂ ਖੋਜਾਂ ਤੋਂ ਪਤਾ ਲਾਇਆ ਹੈ ਕਿ ਮੋਟਾਪਾ ਜਮਾਂਦਰੂ (ਪਿਤਾਪੁਰਖੀ) ਕਾਰਨਾਂ ਕਰਕੇ ਵਧਦਾ ਹੈ l ਉਹਨਾਂ ਦੱਸਿਆ ਕਿ ਇਹ ਜਿਉਣ ਦੀ ਖੇਡ ਹੈ l ਜਿਉਣ ਦੀ ਲੈਅ-ਤਾਲ ਬਣੀ ਰਹੇ ਤਾਂ ਜਿਉਣ ਲਈ ਖਾਧਾ ਜਾਂਦਾ ਹੈ ਅਤੇ ਲੈਅ ਵਿਗੜਨ ਪਿਛੋਂ ਬੱਸ ਖਾਣ ਲਈ ਜਿਉਂਇਆ ਜਾਂਦਾ ਹੈ l ਯਾਨੀ ਖਾਂਦੇ ਜਾਓ-ਖਾਂਦੇ ਜਾਓ l ਸਟੀਫਨ ਦਾ ਇਹ ਵੀ ਕਹਿਣਾ ਹੈ ਕਿ ਵਿਅਕਤੀ ਨੂੰ ਆਪਣੀ ਇੱਛਾ ਸ਼ਕਤੀ ਮਜਬੂਤ ਰੱਖਣੀ ਚਾਹੀਦੀ ਹੈ l ਨਾਲ ਹੀ ਨਿਯਮਤ ਕਸਰਤ ਵੀ ਕਰੋ l ਮਨ ‘ਚ ਧਾਰ ਲਓ ਕਿ ਘੱਟ ਖਾਣਾ ਹੈ ਤਾਂ ਕੋਈ ਤਾਕਤ ਨਹੀਂ ਕਿ ਜੋ ਤੁਹਾਡੀ ਇੱਛਾ ਸ਼ਕਤੀ ਨੂੰ ਡੇਗ ਸਕੇ l
-ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ
98156 29301