ਅਧਿਕਾਰੀਆਂ ਵੱਲੋਂ ਫਲੈਗ ਡੇਅ ਫੰਡ ਲਈ ਦਿਲ ਖੋਲ੍ਹ ਦਾਨ ਦੇਣ ਦੀ ਅਪੀਲ
ਐੱਸ.ਏ.ਐੱਸ ਨਗਰ, 05 ਦਸੰਬਰ, 2024: ਦੇਸ਼ ਕਲਿੱਕ ਬਿਓਰੋ
ਇਸ ਸਾਲ ਹਥਿਆਰਬੰਦ ਸੈਨਾ ਝੰਡਾ ਦਿਵਸ ਮਿਤੀ 05 ਦਸੰਬਰ 2024 ਨੂੰ ਮਨਾਇਆ ਗਿਆ। ਇਸ ਦਿਨ ਸਮੂਹ ਦੇਸ਼ਵਾਸੀ ਅਤੇ ਖਾਸ ਕਰਕੇ ਪੰਜਾਬ ਦੇ ਲੋਕ ਸਾਡੀਆਂ ਸੈਨਾਵਾਂ ਵਲੋਂ ਦੇਸ਼ ਦੀ ਰੱਖਿਆ ਲਈ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਨ ਅਤੇ ਇਸ ਦਿਨ ਤੇ ਵੱਖ-ਵੱਖ ਲੜਾਈਆਂ/ਓਪਰੇਸ਼ਨਾਂ ਦੌਰਾਨ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਅਤੇ ਜਖਮੀ ਹੋਏ ਸਾਬਕਾ ਸੈਨਿਕਾਂ ਦੀ ਮੱਦਦ ਲਈ ਦਿਲ ਖੋਲ੍ਹ ਕੇ ਦਾਨ ਦਿੰਦੇ ਹਨ। ਇਸ ਦਿਨ ‘ਤੇ ਇਕੱਤਰ ਹੋਈ ਰਾਸ਼ੀ ਸ਼ਹੀਦਾਂ ਦੇ ਪਰਿਵਾਰਾਂ ਦੀ ਭਲਾਈ ਲਈ ਵਰਤੀ ਜਾਂਦੀ ਹੈ।
ਹਥਿਆਰਬੰਦ ਸੈਨਾਵਾਂ ਝੰਡਾ ਸਿਵਸ ਫੰਡ ਇੱਕਤਰ ਕਰਨ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਸ਼੍ਰੀ ਵਿਰਾਜ ਸ਼ਿਆਮਕਰਨ ਤਿੜਕੇ, ਆਈ.ਏ.ਐਸ ਵਧੀਕ ਡਿਪਟੀ ਕਮਿਸ਼ਨਰ, ਐਸ.ਏ.ਐਸ.ਨਗਰ, ਸ਼੍ਰੀਮਤੀ ਸੋਨਮ ਚੌਧਰੀ, ਪੀ.ਸੀ.ਐਸ ਵਧੀਕ ਡਿਪਟੀ ਕਮਿਸ਼ਨਰ, ਐਸ.ਏ.ਐਸ.ਨਗਰ ਨੂੰ ਟੋਕਨ ਫਲੈਗ ਲਗਾ ਕੇ ਸ਼ੁਰੂ ਕੀਤੀ ਗਈ ਅਤੇ ਉਹਨਾਂ ਵਲੋਂ ਫਲੈਗ ਡੇਅ ਫੰਡ ਲਈ ਦਿਲ ਖੋਲ੍ਹ ਕੇ ਦਾਨ ਦਿੱਤਾ ਗਿਆ।
ਇਸ ਮੌਕੇ ਤੇ ਗਰੁੱਪ ਕੈਪਟਨ (ਰਿਟਾ.) ਦਵਿੰਦਰ ਸਿੰਘ ਢਿੱਲੋਂ, ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਐਸ. ਏ.ਐਸ. ਨਗਰ ਅਤੇ ਰਾਕੇਸ਼ ਕੁਮਾਰ ਸ਼ਰਮਾ, ਸੁਪਰਡੰਟ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਅਤੇ ਸਮੂਹ ਸਟਾਫ ਅਤੇ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਅਤੇ ਤਕਨਾਲੋਜੀ ਦੇ ਸਟਾਫ ਵਲੋਂ ਆਮ ਜਨਤਾ ਨੂੰ ਟੋਕਨ ਫਲੈਗ ਲਗਾਏ ਗਏ ਅਤੇ ਲੋਕਾਂ ਨੇ ਵੀ ਖੁੱਲ੍ਹ ਦਿਲੀ ਨਾਲ ਦਾਨ ਦਿੱਤਾ।
ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ ਵਲੋਂ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਇਸ ਮਹਾਨ ਕਾਰਜ ਲਈ ਵੱਧ ਤੋਂ ਵੱਧ ਦਾਨ ਦੇਣ ਲਈ ਅਪੀਲ ਕਰਦੇ ਹੋਏ ਕਿਹਾ ਗਿਆ ਕਿ ਇਹ ਫੰਡ ਸ਼ਹੀਦਾਂ ਦੇ ਪਰਿਵਾਰਾਂ, ਸਰੀਰਕ ਤੌਰ ਤੇ ਅਸਮਰੱਥ ਹੋਏ ਸੈਨਿਕਾਂ ਦੀ ਭਲਾਈ ਵਰਗੇ ਨੇਕ ਕੰਮਾਂ ਲਈ ਵਰਤਿਆ ਜਾਂਦਾ ਹੈ। ਉਹਨਾਂ ਵਲੋਂ ਆਮ ਜਨਤਾ ਦੇ ਨਾਲ ਨਾਲ ਖਾਸ ਕਰਕੇ ਉਦਯੋਗਿਕ ਅਦਾਰਿਆਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਵੀ ਫਲੈਗ ਡੇਅ ਫੰਡ ਲਈ ਵੱਧ ਤੋਂ ਵੱਧ ਦਾਨ ਦੇਣ ਲਈ ਅਪੀਲ ਕੀਤੀ ਗਈ।