ਸ਼ੰਭੂ, 6 ਦਸੰਬਰ, ਦੇਸ਼ ਕਲਿਕ ਬਿਊਰੋ :
ਕਿਸਾਨ ਅੱਜ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਕੂਚ ਕਰਨਗੇ। ਹਾਲਾਂਕਿ ਹਰਿਆਣਾ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਬਿਨਾਂ ਪਰਮੀਸ਼ਨ ਕਿਸੇ ਵੀ ਕਿਸਾਨ ਨੂੰ ਦਿੱਲੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਹੁਣ ਤੱਕ ਕਿਸਾਨਾਂ ਨੂੰ ਕੋਈ ਪਰਮੀਸ਼ਨ ਨਹੀਂ ਮਿਲੀ ਹੈ।
ਦੂਜੇ ਪਾਸੇ, ਕਿਸਾਨਾਂ ਨੇ ਘੋਸ਼ਣਾ ਕੀਤੀ ਹੈ ਕਿ ਅੱਜ 101 ਕਿਸਾਨਾਂ ਦਾ ਜਥਾ ਦਿੱਲੀ ਵੱਲ ਰਵਾਨਾ ਹੋਵੇਗਾ। ਇਸ ਦੇ ਮੱਦੇਨਜ਼ਰ ਹਰਿਆਣਾ ਅਤੇ ਪੰਜਾਬ ਪੁਲਿਸ ਅਲਰਟ ’ਤੇ ਹੈ। ਸ਼ੰਭੂ ਬਾਰਡਰ ’ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਇੱਥੇ ਨਵੇਂ ਸਿਰੇ ਨਾਲ ਬੈਰੀਕੇਡਿੰਗ ਕੀਤੀ ਗਈ ਹੈ। ਸੁਰੱਖਿਆ ਲਈ ਜਾਲੀਆਂ, ਕੈਮਰੇ ਅਤੇ ਲਾਉਡਸਪੀਕਰ ਵੀ ਲਗਾਏ ਗਏ ਹਨ।
ਅੰਬਾਲਾ ਜ਼ਿਲੇ ਅਤੇ ਖਨੌਰੀ ਬਾਰਡਰ ’ਤੇ ਧਾਰਾ 163 (ਪਹਿਲੇ ਧਾਰਾ 144) ਲਗਾਈ ਗਈ ਹੈ। ਇਸ ਦੇ ਤਹਿਤ, ਜੇਕਰ ਇੱਥੇ 5 ਜਾਂ 5 ਤੋਂ ਵੱਧ ਲੋਕ ਇਕੱਠੇ ਹੁੰਦੇ ਹਨ ਤਾਂ ਉਨ੍ਹਾਂ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਅੰਬਾਲਾ ਦੇ ਡੀਸੀ ਨੇ ਦੇਸ਼ ਦੇ ਸਾਹਮਣੇ ਭਰਮ ਪੈਦਾ ਕੀਤਾ ਹੈ ਕਿ 10-15 ਹਜ਼ਾਰ ਕਿਸਾਨ ਦਿੱਲੀ ਵੱਲ ਜਾਣਗੇ। ਪਰ ਅਸੀਂ ਪਹਿਲਾਂ ਹੀ ਸਾਫ਼ ਕਰ ਚੁੱਕੇ ਹਾਂ ਕਿ ਸਿਰਫ 101 ਕਿਸਾਨ ਪੈਦਲ ਦਿੱਲੀ ਵੱਲ ਜਾਣਗੇ। ਇਸ ਦੀ ਸੂਚੀ ਵੀ ਮੀਡੀਆ ਦੇ ਸਾਹਮਣੇ ਜਨਤਕ ਕੀਤੀ ਗਈ ਹੈ।