ਚੰਡੀਗੜ੍ਹ, 7 ਦਸੰਬਰ, ਦੇਸ਼ ਕਲਿਕ ਬਿਊਰੋ :
ਪਿਛਲੇ ਤਿੰਨ ਦਿਨਾਂ ਦੌਰਾਨ ਪੰਜਾਬ-ਚੰਡੀਗੜ੍ਹ ਵਿੱਚ ਤਕਰੀਬਨ 5 ਡਿਗਰੀ ਤਾਪਮਾਨ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪਹਾੜੀ ਖੇਤਰਾਂ ਵਿੱਚ ਹੋਈ ਹਾਲੀਆ ਬਰਫਬਾਰੀ ਦੇ ਕਾਰਨ ਤਾਪਮਾਨ ਵਿੱਚ ਇਹ ਤਬਦੀਲੀ ਦੇਖੀ ਜਾ ਰਹੀ ਹੈ। ਇਸ ਦੌਰਾਨ, ਪੰਜਾਬ ਦਾ ਆਦਮਪੁਰ ਮੈਦਾਨੀ ਖੇਤਰਾਂ ਵਿੱਚ ਸਭ ਤੋਂ ਠੰਡਾ ਰਿਹਾ , ਜਿੱਥੇ ਨਿਊਨਤਮ ਤਾਪਮਾਨ 3.8 ਡਿਗਰੀ ਸੀ।ਸੰਭਾਵਨਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ ਪਵੇਗਾ, ਜਿਸ ਨਾਲ ਤਾਪਮਾਨ ਹੋਰ ਘਟ ਸਕਦਾ ਹੈ।
ਮੌਸਮ ਵਿਗਿਆਨ ਕੇਂਦਰ ਵਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ, ਅੱਜ ਪੰਜਾਬ ਦੇ 7 ਜ਼ਿਲਿਆਂ ਵਿੱਚ ਧੁੰਦ ਦੇ ਆਸਾਰ ਹਨ। ਜਿਨ੍ਹਾਂ ਵਿੱਚ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਸੰਗਰੂਰ, ਅਤੇ ਮਾਨਸਾ ਸ਼ਾਮਲ ਹਨ। ਇਨ੍ਹਾਂ ਖੇਤਰਾਂ ਲਈ ਮੌਸਮ ਵਿਭਾਗ ਵਲੋਂ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਵਿਜ਼ੀਬਿਲਟੀ 50 ਮੀਟਰ ਤੱਕ ਘਟ ਸਕਦੀ ਹੈ। ਇਸਦੇ ਨਾਲ ਹੀ, ਪੰਜਾਬ ਵਿੱਚ ਅੱਜ ਤੋਂ ਲੈ ਕੇ ਐਤਵਾਰ ਤੱਕ ਧੁੰਦ ਦੇਖਣ ਨੂੰ ਮਿਲੇਗੀ।
ਇਹ ਵੀ ਪੜ੍ਹੋ: ਪੰਜਾਬ ਦੀ ਇੱਕ ਮਾਡਰਨ ਜੇਲ੍ਹ ‘ਚ ਹਵਾਲਾਤੀ ਆਪਸ ‘ਚ ਭਿੜੇ, ਕਈ ਜ਼ਖ਼ਮੀ
8 ਦਸੰਬਰ ਤੋਂ ਪੰਜਾਬ ਵਿੱਚ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਮੌਸਮ ਵਿਭਾਗ ਅਨੁਸਾਰ, ਇਸ ਦਾ ਪ੍ਰਭਾਵ ਦੋ ਦਿਨਾਂ ਤੱਕ ਰਹੇਗਾ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੋਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਅਤੇ ਜਲੰਧਰ ਵਿੱਚ ਮੀਂਹ ਪੈਣ ਦੇ ਅਸਾਰ ਹਨ।
ਪੱਛਮੀ ਗੜਬੜੀ ਦੇ ਸਰਗਰਮ ਹੋਣ ਤੋਂ ਬਾਅਦ ਹਿਮਾਲਿਆ ਦੀਆਂ ਪਹਾੜੀਆਂ ’ਤੇ ਬਰਫਬਾਰੀ ਦੇ ਵੀ ਚਾਂਸ ਬਣ ਰਹੇ ਹਨ। ਜੇਕਰ ਬਰਫਬਾਰੀ ਹੁੰਦੀ ਹੈ ਤਾਂ ਮੈਦਾਨੀ ਖੇਤਰਾਂ ਵਿੱਚ ਠੰਢ ਹੋਰ ਵਧੇਗੀ।