ਚੰਡੀਗੜ੍ਹ, 7 ਦਸੰਬਰ: ਦੇਸ਼ ਕਲਿੱਕ ਬਿਓਰੋ
ਖੇਤੀ ਸੈਕਟਰ ਵਿੱਚ ਗਰੀਨ ਊਰਜਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਦਿਆਂ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਖੇਤੀਬਾੜੀ ਵਾਸਤੇ ਸੂਬੇ ਭਰ ਵਿੱਚ 2,356 ਸੋਲਰ ਪੰਪ ਲਗਾਏ ਜਾਣਗੇ।
ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਨੇ ਸੂਬੇ ਵਿੱਚ ਖੇਤੀਬਾੜੀ ਵਾਸਤੇ ਮੈਸਰਜ਼ ਏ.ਵੀ.ਆਈ. ਐਪਲਾਇੰਸਜ਼ ਪ੍ਰਾਈਵੇਟ ਲਿਮਟਿਡ, ਮੈਸਰਜ਼ ਪੀ.ਵੀ. ਪਾਵਰ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ ਅਤੇ ਮੈਸਰਜ਼ ਹਿਮਾਲੀਅਨ ਸੋਲਰ ਪ੍ਰਾਈਵੇਟ ਲਿਮਟਿਡ ਨੂੰ 2,356 ਸੋਲਰ ਪੰਪ ਲਗਾਉਣ ਸਬੰਧੀ ਵਰਕ ਆਰਡਰ ਸੌਂਪੇ।
ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਇਨ੍ਹਾਂ ਕੰਪਨੀਆਂ ਨੂੰ ਪਾਰਦਰਸ਼ੀ ਅਤੇ ਬੋਲੀ ਪ੍ਰਕਿਰਿਆ ਰਾਹੀਂ ਚੁਣਿਆ ਗਿਆ ਹੈ। ਇਨ੍ਹਾਂ ਪੰਪਾਂ ਨੂੰ ਲਗਾਉਣ ਸਬੰਧੀ ਕਾਰਜ ਦੇ ਚਾਰ ਮਹੀਨਿਆਂ ਵਿੱਚ ਮੁਕੰਮਲ ਹੋਣ ਦੀ ਉਮੀਦ ਹੈ। ਦੱਸਣਯੋਗ ਹੈ ਕਿ 3, 5, 7.5 ਅਤੇ 10 ਐਚ.ਪੀ. ਦੀ ਸਮਰੱਥਾ ਵਾਲੇ ਸੋਲਰ ਪੰਪਾਂ ਵਾਸਤੇ ਜਨਰਲ ਸ਼੍ਰੇਣੀ ਦੇ ਕਿਸਾਨਾਂ ਲਈ 60 ਫ਼ੀਸਦ ਅਤੇ ਅਨੁਸੂਚਿਤ ਜਾਤੀ ਦੇ ਕਿਸਾਨਾਂ ਲਈ 80 ਫ਼ੀਸਦ ਸਬਸਿਡੀ ਉਪਲਬਧ ਹੈ।
ਉਨ੍ਹਾਂ ਕਿਹਾ ਕਿ ਡਾਰਕ ਜ਼ੋਨਾਂ (ਧਰਤੀ ਹੇਠਲਾਂ ਪਾਣੀ ਡੂੰਘਾ ਚਲਾ ਗਿਆ ਹੈ ਵਾਲੇ ਬਲਾਕ) ਵਿੱਚ ਇਹ ਸੋਲਰ ਪੰਪ ਉਨ੍ਹਾਂ ਕਿਸਾਨਾਂ ਦੇ ਬੋਰ-ਵੈਲਾਂ ‘ਤੇ ਲਗਾਏ ਜਾਣਗੇ, ਜੋ ਪਹਿਲਾਂ ਹੀ ਮਾਈਕਰੋ ਸਿੰਜਾਈ ਪ੍ਰਣਾਲੀ (ਤੁਪਕਾ ਜਾਂ ਫੁਹਾਰਾ) ਦੀ ਵਰਤੋਂ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਸੋਲਰ ਪੰਪਾਂ ਦੇ ਲੱਗਣ ਨਾਲ ਕਿਸਾਨਾਂ ਨੂੰ ਸਿੰਜਾਈ ਲਈ ਰਾਤ ਸਮੇਂ ਆਪਣੇ ਖੇਤਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਇਹ ਪੰਪ ਦਿਨ ਵੇਲੇ ਕਾਰਜਸ਼ੀਲ ਹੋਣਗੇ। ਇਸ ਨਾਲ ਨਾ ਸਿਰਫ਼ ਡੀਜ਼ਲ ਉੱਤੇ ਆਉਣ ਵਾਲਾ ਖ਼ਰਚਾ ਬਚੇਗਾ ਸਗੋਂ ਜ਼ੀਰੋ ਫ਼ੀਸਦ ਕਾਰਬਨ ਨਿਕਾਸੀ ਹੋਵੇਗੀ, ਜਿਸ ਨਾਲ ਵਧੇਰੇ ਟਿਕਾਊ ਖੇਤੀ ਅਭਿਆਸਾਂ ਨੂੰ ਉਤਸ਼ਾਹ ਮਿਲੇਗਾ।
ਸ੍ਰੀ ਅਮਨ ਅਰੋੜਾ ਨੇ ਪੇਡਾ ਦੇ ਅਧਿਕਾਰੀਆਂ ਨੂੰ ਕਿਸਾਨਾਂ ਦੀ ਭਲਾਈ ਲਈ ਹੋਰ ਖੇਤੀ ਸੋਲਰ ਪੰਪ ਲਗਾਉਣ ਲਈ ਉਪਰਾਲੇ ਕਰਨ ਦੇ ਵੀ ਨਿਰਦੇਸ਼ ਦਿੱਤੇ।
ਇਸ ਮੌਕੇ ਪੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਸੰਦੀਪ ਹੰਸ, ਡਾਇਰੈਕਟਰ ਸ੍ਰੀ ਐਮ.ਪੀ. ਸਿੰਘ ਅਤੇ ਸਬੰਧਤ ਕੰਪਨੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ।